ਮੋਬਾਇਲ ਫੋਨ ਗੁੰਮ ਹੋਣ ਦੇ ਸ਼ੱਕ 'ਚ ਬੱਚਿਆਂ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵਾਇਰਲ

11/12/2019 11:57:11 AM

ਮੋਗਾ (ਆਜ਼ਾਦ)—ਕਸਬਾ ਕੋਟ ਈਸੇ ਖਾਂ 'ਚ ਪੀ. ਓ. ਪੀ. ਦਾ ਕੰਮ ਕਰਦੇ ਇਕ ਵਿਅਕਤੀ ਵੱਲੋਂ 2 ਪ੍ਰਵਾਸੀ ਮਜ਼ਦੂਰਾਂ ਨੂੰ ਮੋਬਾਇਲ ਫੋਨ ਗੁੰਮ ਹੋਣ ਦੇ ਕਾਰਣ ਆਪਣੇ ਘਰ 'ਚ ਹੀ ਬੰਧਕ ਬਣਾ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕੀਤੇ ਜਾਣ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕੋਟ ਈਸੇ ਖਾਂ ਪੁਲਸ ਵੱਲੋਂ ਕੈਲਾਸ਼ ਕੁਮਾਰ ਮਹਿਤਾ ਪੁੱਤਰ ਰਾਮ ਸੁੰਦਰ ਮਹਿਤਾ ਨਿਵਾਸੀ ਪਿੰਡ ਛੱਤੂ ਪੱਤੀ, ਸਪੋਲ (ਬਿਹਾਰ) ਹਾਲ ਅਬਾਦ ਗਲੋਟੀ ਰੋਡ ਕੋਟ ਈਸੇ ਖਾਂ ਦੀ ਸ਼ਿਕਾਇਤ 'ਤੇ ਕਥਿਤ ਦੋਸ਼ੀ ਪ੍ਰਮੋਦ ਮਹਿਤਾ ਪੁੱਤਰ ਬ੍ਰਹਦੇਵ ਮਹਿਤਾ ਨਿਵਾਸੀ ਪਿੰਡ ਛੱਤੂ ਪੱਤੀ, ਸਪੋਲ (ਬਿਹਾਰ) ਹਾਲ ਅਬਾਦ ਮਸੀਤਾਂ ਰੋਡ ਕੋਟ ਈਸੇ ਖਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
 

ਬੰਧਕ ਬਣਾ ਕੇ ਕੀਤੀ ਕੁੱਟ-ਮਾਰ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕੈਲਾਸ਼ ਕੁਮਾਰ ਮਹਿਤਾ ਨੇ ਕਿਹਾ ਕਿ ਉਹ ਪੀ. ਓ. ਪੀ. ਦਾ ਕੰਮ ਕਰਦਾ ਹੈ। ਸਾਡੇ ਪਿੰਡ ਦੇ ਨਾਲ ਲੱਗਦੇ ਇਕ ਪਿੰਡ ਦੇ 2 ਲੜਕੇ ਸੰਤੋਖ ਕੁਮਾਰ (16) ਨਿਵਾਸੀ ਬਿਸ਼ਨਪੁਰ ਅਤੇ ਸੰਨੀ ਕੁਮਾਰ (13) ਨਿਵਾਸੀ ਪਿੰਡ ਸਿਜਵਾਂ (ਬਿਹਾਰ), ਜੋ ਮਸੀਤਾ ਰੋਡ 'ਤੇ ਗਊਸ਼ਾਲਾ ਨੇੜੇ ਦੀਪੂ ਦੇ ਮਕਾਨ 'ਚ ਕਿਰਾਏ 'ਤੇ ਰਹਿੰਦੇ ਹਨ ਅਤੇ ਕੰਮ ਸਬੰਧੀ ਇੱਥੇ ਆਏ ਸਨ। ਉਕਤ ਦੋਨੋਂ ਕਥਿਤ ਦੋਸ਼ੀ ਪ੍ਰਮੋਦ ਮਹਿਤਾ ਨਾਲ ਪੀ. ਓ. ਪੀ. ਦਾ ਕੰਮ ਕਰਨ ਲੱਗੇ। ਬੀਤੀ 7 ਨਵੰਬਰ ਨੂੰ ਸ਼ਾਮ 4 ਵਜੇ ਦੇ ਕਰੀਬ ਪ੍ਰਮੋਦ ਮਹਿਤਾ ਨੇ ਆਪਣਾ ਮੋਬਾਇਲ ਫੋਨ ਗੁੰਮ ਹੋਣ ਦਾ ਸ਼ੱਕ ਕਾਰਣ ਉਕਤ ਲੜਕਿਆਂ ਨੂੰ ਆਪਣੇ ਘਰ ਬੁਲਾ ਕੇ ਬੰਧਕ ਬਣਾ ਲਿਆ ਅਤੇ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕੀਤੀ, ਜਿਸ 'ਤੇ ਉਨ੍ਹਾਂ ਪ੍ਰਮੋਦ ਦਾ ਮੋਬਾਇਲ ਫੋਨ ਲਿਆ ਕੇ ਉਸ ਨੂੰ ਦੇ ਦਿੱਤਾ। ਇਸੇ ਰੰਜਿਸ਼ ਕਾਰਣ ਉਸ ਨੇ ਦੋਨੋਂ ਲੜਕਿਆਂ ਨੂੰ ਆਪਣੇ ਘਰ ਬੁਲਾ ਲਿਆ ਅਤੇ ਦੁਬਾਰਾ ਬੰਧਕ ਬਣਾ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਨਾਲ ਹੋਰ ਲੋਕਾਂ ਦੇ ਸਾਹਮਣੇ ਕੁੱਟ-ਮਾਰ ਕੀਤੀ। ਉਸ ਨੇ ਸੰਤੋਸ਼ ਕੁਮਾਰ ਦਾ ਮੋਬਾਇਲ ਫੋਨ ਅਤੇ 2050 ਰੁਪਏ ਉਨ੍ਹਾਂ ਕੋਲੋਂ ਜਬਰੀ ਖੋਹ ਲਏ ।ਸ਼ਿਕਾਇਤਕਰਤਾ ਨੇ ਦੱਸਿਆ ਕਿ ਕੁੱਟ-ਮਾਰ ਕਰਨ ਦੀ ਵੀਡੀਓ ਵੀ ਬਣਾਈ ਗਈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਮੈਨੂੰ ਸਾਡੇ ਪਿੰਡ ਦੇ ਹੀ ਇਕ ਲੜਕੇ ਵਿਜੇ ਕੁਮਾਰ ਨੇ ਆ ਕੇ ਦੱਸਿਆ ਅਤੇ ਮੈਂ ਪ੍ਰਮੋਦ ਮਹਿਤਾ ਦੇ ਘਰ ਜਾ ਕੇ ਦੋਨੋਂ ਲੜਕਿਆਂ ਨੂੰ ਉਸ ਦੀ ਚੁੰਗਲ 'ਚੋਂ ਛੁਡਵਾ ਲਿਆ। ਉਹ ਦੋਨੋਂ ਲੜਕੇ ਡਰ ਕੇ ਉਥੋਂ ਆਪਣੇ ਪਰਿਵਾਰ ਸਮੇਤ ਚਲੇ ਗਏ। ਮੈਂ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ।
 

ਦੋਸ਼ੀ ਦੀ ਤਲਾਸ਼ ਸ਼ੁਰੂ
ਘਟਨਾ ਦੀ ਜਾਣਕਾਰੀ ਮਿਲਣ 'ਤੇ ਕੋਟ ਈਸੇ ਖਾਂ ਪੁਲਸ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਹੋਰ ਪੁਲਸ ਮੁਲਾਜ਼ਮਾਂ ਸਮੇਤ ਉਥੇ ਪੁੱਜੇ ਅਤੇ ਜਾਂਚ ਦੇ ਬਾਅਦ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਇਸ ਸਬੰਧੀ ਕੋਟ ਈਸੇ ਖਾਂ ਪੁਲਸ ਵੱਲੋਂ ਮਾਮਲਾ ਦਰਜ ਕਰਨ ਦੇ ਬਾਅਦ ਕਥਿਤ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਜਲਦ ਹੀ ਕਥਿਤ ਦੋਸ਼ੀ ਦੇ ਕਾਬੂ ਆ ਜਾਣ ਦੀ ਸੰਭਾਵਨਾ ਹੈ।


Shyna

Content Editor

Related News