ਮਨਰੇਗਾ ਸਕੀਮ ਤਹਿਤ ਚੱਲ ਰਹੇ ਕੰਮ ਦਾ ਏ. ਡੀ. ਸੀ. ਨੇ ਲਿਆ ਜਾਇਜ਼ਾ

Sunday, Apr 08, 2018 - 11:54 AM (IST)

ਮਨਰੇਗਾ ਸਕੀਮ ਤਹਿਤ ਚੱਲ ਰਹੇ ਕੰਮ ਦਾ ਏ. ਡੀ. ਸੀ. ਨੇ ਲਿਆ ਜਾਇਜ਼ਾ

ਕਪੂਰਥਲਾ (ਗੁਰਵਿੰਦਰ ਕੌਰ, ਮਲਹੋਤਰਾ)— ਮਨਰੇਗਾ ਸਕੀਮ ਤਹਿਤ ਕਪੂਰਥਲਾ ਬਲਾਕ ਦੇ ਪਿੰਡ ਧਾਲੀਵਾਲ ਦੋਨਾ ਵਿਖੇ ਚੱਲ ਰਹੇ ਪਾਰਕ ਦੀ ਉਸਾਰੀ ਦੇ ਕੰਮ ਦਾ ਏ. ਡੀ. ਸੀ. (ਵਿਕਾਸ) ਅਵਤਾਰ ਸਿੰਘ ਭੁੱਲਰ ਨੇ ਜਾਇਜ਼ਾ ਲਿਆ। ਇਸ ਮੌਕੇ ਏ. ਡੀ. ਸੀ. ਭੁੱਲਰ ਨੇ ਦੱਸਿਆ ਕਿ ਕਪੂਰਥਲਾ ਜ਼ਿਲੇ ਦੀ ਹਰੇਕ ਗ੍ਰਾਮ ਪੰਚਾਇਤ 'ਚ ਮਗਨਰੇਗਾ ਤਹਿਤ ਇਕ-ਇਕ ਪਾਰਕ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਇਸ ਤਹਿਤ ਜ਼ਿਲਾ ਕਪੂਰਥਲਾ 'ਚ ਹੁਣ ਤੱਕ 40 ਪਾਰਕਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਅਤੇ ਸਾਲ 2018-19 ਦੌਰਾਨ ਇਸ ਮੁਹਿੰਮ ਤਹਿਤ ਹੋਰ ਕੰਮ ਸ਼ੁਰੂ ਕਰਵਾਏ ਜਾਣਗੇ। 
ਉਨ੍ਹਾਂ ਦੱਸਿਆ ਕਿ ਇਸ ਨਾਲ ਜਿਥੇ ਪਿੰਡ ਦੀ ਦਿੱਖ ਸੋਹਣੀ ਹੋਵੇਗੀ, ਉਥੇ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ 'ਚ ਵੀ ਇਨ੍ਹਾਂ ਪਾਰਕਾਂ ਨਾਲ ਯੋਗਦਾਨ ਪਾਇਆ ਜਾਵੇਗਾ ਅਤੇ ਲੋਕਾਂ ਦੀ ਸਿਹਤ ਵੀ ਵਧੀਆ ਰਹੇਗੀ। ਉਨ੍ਹਾਂ ਦੱਸਿਆ ਕਿ ਪਿੰਡ ਧਾਲੀਵਾਲ ਦੋਨਾ ਵਿਖੇ 1.5 ਏਕੜ ਰਕਬੇ 'ਚ ਉਸਾਰੇ ਜਾ ਰਹੇ ਇਸ ਪਾਰਕ 'ਚ ਵਧੀਆ ਕਿਸਮ ਦਾ ਘਾਹ ਲਾਇਆ ਜਾਵੇਗਾ ਅਤੇ ਲੋਕਾਂ ਦੇ ਬੈਠਣ ਲਈ ਸੀਟਾਂ ਦਾ ਪ੍ਰਬੰਧ ਕਰਕੇ ਇਕ ਬਿਹਤਰੀਨ ਸੈਰਗਾਹ ਬਣਾਈ ਜਾਵੇਗੀ। ਇਸ ਮੌਕੇ ਆਈ. ਟੀ. ਮੈਨੇਜਰ (ਨ) ਰਾਜੇਸ਼ ਰਾਏ, ਏ. ਪੀ. ਓ. ਬਲਾਕ ਕਪੂਰਥਲਾ ਮਨਿੰਦਰ ਕੌਰ, ਗ੍ਰਾਮ ਰੁਜ਼ਗਾਰ ਸੇਵਕ ਰਘਬੀਰ ਸਿੰਘ ਅਤੇ ਸੁਰਜੀਤ ਨਾਹਰ ਤੋਂ ਇਲਾਵਾ ਪੰਚਾਇਤ ਮੈਂਬਰ ਅਤੇ ਹੋਰ ਸਬੰਧਤ ਸਟਾਫ ਹਾਜ਼ਰ ਸੀ।


Related News