ਪਿੰਡ ਰਾਮ ਨਗਰ ਭੱਠਲ ਵਿਖੇ ਨਰਮੇ ਦੀ ਖਰਾਬ ਹੋਈ ਫਸਲ ਦਾ ਵਿਧਾਇਕ ਨੇ ਲਿਆ ਜਾਇਜਾ

Wednesday, Sep 20, 2017 - 03:49 AM (IST)

ਪਿੰਡ ਰਾਮ ਨਗਰ ਭੱਠਲ ਵਿਖੇ ਨਰਮੇ ਦੀ ਖਰਾਬ ਹੋਈ ਫਸਲ ਦਾ ਵਿਧਾਇਕ ਨੇ ਲਿਆ ਜਾਇਜਾ

ਬੁਢਲਾਡਾ (ਮਨਜੀਤ)— ਵਿਧਾਨ ਸਭਾ ਹਲਕਾ ਬੁਢਲਾਡਾ ਦੇ ਵਿਧਾਇਕ ਸ਼੍ਰੀ ਬੁੱਧ ਰਾਮ ਨੇ ਪਿੰਡ ਰਾਮਨਗਰ ਭੱਠਲ ਦੇ ਖੇਤਾਂ ਦਾ ਦੌਰਾ ਕੀਤਾ। ਜਿੱਥੇ ਕਿਸਾਨਾਂ ਦਾ ਖਰਾਬ ਹੋਇਆ ਨਰਮਾ ਵਿਧਾਇਕ ਨੇ ਦੇਖਿਆ। ਕਿਸਾਨ ਟਹਿਲ ਸਿੰਘ ਨੇ ਵਿਧਾਇਕ ਨੂੰ ਦੱਸਿਆ ਕਿ 35000 ਰੁਪਏ ਪ੍ਰਤੀ ਏਕੜ ਠੇਕੇ ਤੇ ਜਮੀਨ ਲੈ ਕੇ ਨਰਮਾ ਬੀਜਿਆ ਸੀ ਪਰ ਘਟੀਆ ਬੀਜ ਅਤੇ ਸਪਰੇਅ ਹੋਣ ਕਾਰਨ ਨਰਮਾ ਸੁੱਕ ਗਿਆ ਅਤੇ ਪੂਰਾ ਫਲ ਨਹੀ ਲੱਗਿਆ। ਕਿਸਾਨ ਨੇ ਦੱਸਿਆ ਕਿ ਕਿੱਲੇ ਮਗਰ ਤਿੰਨ ਤੋਂ ਚਾਰ ਕੁਇੰਟਲ ਨਰਮਾ ਨਿਕਲਣ ਦੀ ਆਸ ਹੈ। ਜਿਸ ਨਾਲ ਕੀਤਾ ਖਰਚ ਵੀ ਪੂਰਾ ਨਹੀ ਹੁੰਦਾ। ਬੁਢਲਾਡਾ ਦੇ ਵਿਧਾਇਕ ਸ਼੍ਰੀ ਬੁੱਧ ਰਾਮ ਨੇ ਪ੍ਰੈਸ ਨੋਟ ਜਾਰੀ ਕਰਕੇ ਕੈਪਟਨ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਖੇਤੀ ਵਿਭਾਗ ਨੇ ਅਜੇ ਤਕ ਪੀੜਤ ਕਿਸਾਨਾਂ ਦੀ ਸਾਰ ਨਹੀ ਲਈ, ਨਾ ਹੀ ਘਟੀਆ ਬੀਜ ਅਤੇ ਸਪਰੇਅ ਵਾਲੀਆਂ ਕੰਪਨੀਆਂ ਤੇ ਕੋਈ ਐਕਸਨ ਲਿਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਖੇਤਰ ਦੇ ਪੀੜਤ ਕਿਸਾਨਾਂ ਦੇ ਨਰਮੇ ਦੇ ਖੇਤਾਂ ਦੀ ਗਿਰਦੋਰੀ ਕਰਵਾਕੇ ਖਰਾਬ ਹੋਏ ਨਰਮੇ ਦਾ ਮੁਆਵਜਾ ਦੇਵੇ। ਉਨ੍ਹਾਂ ਇਹ ਵੀ ਦੱਸਿਆ ਕਿ ਜਿਲ੍ਹੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਫੋਨ ਰਾਹੀਂ ਜਾਣਕਾਰੀ ਵੀ ਦਿੱਤੀ ਗਈ ਹੈ। ਉਨ੍ਹਾਂ ਅਖੀਰ ਵਿੱਚ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਸਿਆਸੀ ਪਾਰਟੀਆਂ ਕਿਸਾਨਾਂ ਦੀਆਂ ਹਿਤੈਸ਼ੀ ਪਾਰਟੀਆਂ ਤਾਂ ਕਹਾਉਂਦੀਆਂ ਹਨ ਪਰ ਪੀੜਤ ਕਿਸਾਨਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਲਈ ਬੁਰੀ ਤਰ੍ਹਾਂ ਫੇਲ ਹੋਈਆਂ ਹਨ। ਇਸ ਮੌਕੇ ਤਰਸੇਮ ਸਿੰਘ, ਦਲਵਿੰਦਰ ਔਲਖ, ਅਵਤਾਰ ਸਿੰਘ, ਟਹਿਲ ਸਿੰਘ, ਮਨਮਿੰਦਰ ਸਿੰਘ, ਬਾਬੂ ਸਿੰਘ, ਗੁਰਚਰਨ ਸਿੰਘ, ਜੰਗੀਰ ਸਿੰਘ, ਜਸਵਿੰਦਰ ਸਿੰਘ, ਪਰਗਟ ਸਿੰਘ, ਜਗਸੀਰ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Related News