ਗ੍ਰਾਂਟ ਵੰਡਣ ਗਏ ਸੀ ਵਿਧਾਇਕ ਸੁਰਜੀਤ ਧੀਮਾਨ, ਪਿੰਡ ਵਾਸੀਆਂ ਨੇ ਕੀਤਾ ਵਿਰੋਧ (ਵੀਡੀਓ)
Wednesday, Mar 11, 2020 - 01:04 PM (IST)
ਸੰਗਰੂਰ (ਕੋਹਲੀ): ਕੈਪਟਨ ਸਰਕਾਰ ਵਲੋਂ ਹਲਕਿਆਂ ਦੇ ਵਿਕਾਸ ਲਈ 25 ਕਰੋੜ ਦੀ ਗ੍ਰਾਂਟ ਜਾਰੀ ਕੀਤੇ ਜਾਣ ਤੋਂ ਬਾਅਦ ਹੁਣ ਇਸ ਗ੍ਰਾਂਟ ਨੂੰ ਹਾਸਲ ਕਰਨ ਲਈ ਪਿੰਡਾਂ 'ਚ ਖੜਕਣੀ ਸ਼ੁਰੂ ਹੋ ਗਈ। ਕਾਂਗਰਸੀ ਨੇਤਾ ਜਿੱਥੇ ਗ੍ਰਾਂਟ ਨੂੰ ਵੰਡ ਕੇ ਲੋਕਾਂ ਦਾ ਸਮਰਥਨ ਹਾਸਲ ਕਰਨਾ ਚਾਹੁੰਦੇ ਹਨ, ਉੱਥੇ ਉਨ੍ਹਾਂ ਨੂੰ ਪਿੰਡਾਂ ਦੀ ਗੁੱਟਬਾਜ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਦਾ ਨਜ਼ਾਰਾ ਸੰਗਰੂਰ ਦੇ ਹਲਕਾ ਦਿੜ੍ਹਬਾ ਦੇ ਪਿੰਡ ਜਨਾਲ ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਅਤੇ ਹਲਕਾ ਇੰਚਾਰਜ ਅਜੈਬ ਸਿੰਘ ਰਾਟੋਲ ਗ੍ਰਾਂਟ ਦਾ ਪ੍ਰਪੋਜਲ ਲੈ ਕੇ ਗਏ ਸੀ। ਧੀਮਾਨ ਦੇ ਸੁਆਗਤ ਲਈ ਪਿੰਡ ਦੇ ਸਰਪੰਚ ਤੇ ਪਿੰਡ ਵਾਸੀ ਇਕੱਠੇ ਸਨ ਪਰ ਧੀਮਾਨ ਉਨ੍ਹਾਂ ਦੇ ਸਮਾਗਮ ਵਿਚ ਪਹੁੰਚਣ ਦੀ ਥਾਂ ਵਿਰੋਧੀਆਂ ਨਾਲ ਘੁੰਮ ਕੇ ਚਲੇ ਗਏ, ਜਿਸ 'ਤੇ ਪਿੰਡ ਵਾਸੀਆਂ ਨੇ ਧੀਮਾਨ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ 'ਤੇ ਪਿੰਡ ਦਾ ਮਾਹੌਲ ਖਰਾਬ ਕਰਨ ਦਾ ਇਲਜ਼ਾਮ ਲਗਾਇਆ।
ਉਧਰ ਧੀਮਾਨ ਅਤੇ ਹਲਕਾ ਇੰਚਾਰਜ ਅਜੈਬ ਸਿੰਘ ਰਾਟੋਲ ਨੇ ਕਿਹਾ ਕਿ ਉਹ ਕਿਸੇ ਸਮਾਗਮ ਵਿਚ ਸ਼ਾਮਲ ਹੋਣ ਨਹੀਂ ਆਏ ਸੀ। ਗੱਲ ਰਹੀ ਪਿੰਡ ਦੇ ਵਿਕਾਸ ਦੀ ਤਾਂ ਸਾਰੇ ਪਿੰਡਾਂ ਦਾ ਸਾਂਝਾ ਵਿਕਾਸ ਕੀਤਾ ਜਾਵੇਗਾ। ਕਿਸੇ ਤਰ੍ਹਾਂ ਦੀ ਕੋਈ ਗੁੱਟਬੰਧੀ ਨਹੀਂ ਕੀਤੀ ਜਾ ਰਹੀ।
ਇਹ ਵੀ ਪੜ੍ਹੋ:78 ਵਰ੍ਹਿਆਂ ਦੇ ਹੋਏ ਕੈਪਟਨ ਅਮਰਿੰਦਰ ਸਿੰਘ, ਮੋਦੀ ਨੇ ਟਵੀਟ ਕਰਕੇ ਦਿੱਤੀ ਵਧਾਈ
ਇੱਥੇ ਦੱਸ ਦੇਈਏ ਕਿ ਹਲਕਾ ਦਿੜ੍ਹਬਾ ਕਾਂਗਰਸ ਪਾਰਟੀ ਲਈ ਹਮੇਸ਼ਾ ਤੋਂ ਹੀ ਗੁੱਟਬੰਦੀ ਦਾ ਗੜ੍ਹ ਮੰਨਿਆ ਜਾਂਦਾ ਹੈ। ਇੱਥੇ ਕਾਂਗਰਸੀ ਨੇਤਾਵਾਂ ਦੀ ਆਪਸ ਵਿਚ ਹੀ ਵੱਜਦੀ ਰਹੀ ਹੈ, ਜਿਸ ਦੀ ਤਾਜ਼ਾ ਉਦਾਹਰਣ ਇਹ ਮਾਮਲਾ ਹੈ। ਹੁਣ ਦੇਖਣਾ ਹੋਵੇਗਾ ਕਿ ਰਾਜਨੀਤੀ ਤੇ ਧੜੇਬੰਦੀ ਤੋਂ ਹੋ ਕੇ ਪਿੰਡਾਂ ਦਾ ਵਿਕਾਸ ਹੁੰਦਾ ਹੈ ਜਾਂ ਨਹੀਂ।