ਵਿਧਾਇਕ ਪਰਮਿੰਦਰ ਪਿੰਕੀ ਦੀ ਮੁਹਿੰਮ 'ਤੇ ਕਾਂਗਰਸ ਹਾਈ ਕਮਾਨ ਗੰਭੀਰ

02/20/2019 10:13:39 AM

ਜਲੰਧਰ (ਮੋਹਨ)— ਪੁਲਵਾਮਾ 'ਚ ਅੱਤਵਾਦੀਆਂ ਵੱਲੋਂ ਕਾਇਰਤਾਪੂਰਨ ਹਮਲੇ 'ਚ ਮਾਰੇ ਗਏ ਜਵਾਨਾਂ ਨੂੰ ਲੈ ਕੇ ਪੰਜਾਬ ਦੇ ਇਕ ਵਿਧਾਇਕ ਵੱਲੋਂ ਚਲਾਈ ਗਈ ਮੁਹਿੰਮ ਦੇਸ਼ ਭਰ 'ਚ ਫੈਲਣ ਦੀ ਤਿਆਰੀ ਵਿਚ ਹੈ। ਪਾਕਿਸਤਾਨ ਵਿਰੁੱਧ ਬਿਆਨਬਾਜ਼ੀਆਂ ਨੂੰ ਛੱਡ ਕੇ ਪੰਜਾਬ ਦੀ ਭਾਰਤ-ਪਾਕਿ ਹੱਦ ਵਾਲੇ ਵਿਧਾਨ ਸਭਾ ਫਿਰੋਜ਼ਪੁਰ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪੰਜਾਬ ਵਿਧਾਨ ਸਭਾ 'ਚ ਵਿਧਾਇਕਾਂ ਤੋਂ ਇਕ ਮਹੀਨੇ ਦੀ ਤਨਖਾਹ ਸ਼ਹੀਦ ਪਰਿਵਾਰਾਂ ਦੇ ਫੰਡ 'ਚ ਦੇਣ ਦਾ ਮਤਾ ਸਰਵਸੰਮਤੀ ਨਾਲ ਪਾਸ ਕਰਵਾ ਲਿਆ।

ਹੁਣ ਉਨ੍ਹਾਂ ਦੇ ਸੁਝਾਅ 'ਤੇ ਕਾਂਗਰਸ ਹਾਈ ਕਮਾਨ ਵੀ ਵਿਚਾਰ ਕਰ ਰਹੀ ਹੈ, ਜਿਸ ਦੇ ਤਹਿਤ ਹੋਰ ਕਾਂਗਰਸ ਸ਼ਾਸਿਤ ਸੂਬਿਆਂ 'ਚ ਵੀ ਵਿਧਾਇਕ ਆਪਣੀ ਇਕ ਮਹੀਨੇ ਦੀ ਤਨਖਾਹ ਸ਼ਹੀਦ ਰਾਹਤ ਫੰਡ 'ਚ ਪਾਉਣ। ਸਿਰਫ ਇੰਨਾ ਹੀ ਨਹੀਂ, ਵਿਧਾਇਕ ਨੇ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕੀਤੀ ਹੈ ਕਿ ਤੁਰੰਤ ਸ਼ਹੀਦ ਪਰਿਵਾਰ ਫੰਡ ਦੀ ਸਥਾਪਨਾ ਕੀਤੀ ਜਾਵੇ।

ਪੁਲਵਾਮਾ ਵਿਚ ਹੋਏ ਹਮਲੇ ਤੋਂ ਪੂਰਾ ਦੇਸ਼ ਪੀੜਤ ਹੈ। ਪਾਕਿਸਤਾਨ ਵਿਰੁੱਧ ਵੀ ਰੋਸ ਸਿਖਰ 'ਤੇ ਹੈ। ਅਜਿਹੇ ਵਿਚ ਪੰਜਾਬ ਵਿਧਾਨ ਸਭਾ ਵਿਚ ਪੁਲਵਾਮਾ ਨੂੰ ਲੈ ਕੇ ਚੱਲ ਰਹੀ ਚਰਚਾ ਦੌਰਾਨ ਹੀ ਵਿਧਾਇਕ ਨੇ ਅਜਿਹਾ ਮਤਾ ਰੱਖਿਆ ਤਾਂ ਪੂਰਾ ਸਦਨ ਹੀ ਬਿਨਾਂ ਕੁਝ ਕਹੇ ਰਾਜ਼ੀ ਹੋ ਗਿਆ ਅਤੇ ਪਲਾਂ ਵਿਚ ਹੀ ਵਿਧਾਇਕਾਂ ਨੇ ਆਪਣੀ ਇਕ ਮਹੀਨੇ ਦੀ ਤਨਖਾਹ ਸ਼ਹੀਦ ਪਰਿਵਾਰਾਂ ਨੂੰ ਦੇਣ ਦਾ ਮਤਾ ਪਾਸ ਕਰ ਦਿੱਤਾ। ਇਸੇ ਪ੍ਰਭਾਵ ਸਦਕਾ ਹੀ ਕੁਝ ਦੇਰ ਬਾਅਦ ਸੂਬੇ ਦੇ ਆਈ. ਏ. ਐੱਸ. ਅਧਿਕਾਰੀਆਂ ਨੇ ਵੀ ਸਹਿਯੋਗ ਦੇ ਪ੍ਰਤੀਕ ਦੇ ਰੂਪ 'ਚ ਇਕ ਦਿਨ ਦੀ ਤਨਖਾਹ ਇਸੇ ਫੰਡ 'ਚ ਦੇਣ ਦਾ ਐਲਾਨ ਕਰ ਦਿੱਤਾ।

ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਵਿਧਾਇਕ ਪਿੰਕੀ ਦਾ ਕਹਿਣਾ ਸੀ ਕਿ ਸਿਆਸਤ ਦੀਆਂ ਗੱਲਾਂ ਤਾਂ ਚੱਲਦੀਆਂ ਰਹਿੰਦੀਆਂ ਹਨ ਪਰ ਹਰ ਚੰਗੀ ਗੱਲ ਦੀ ਸ਼ੁਰੂਆਤ ਆਪਣੇ ਘਰ ਤੋਂ ਹੀ ਕੀਤੀ ਜਾਵੇ ਤਾਂ ਚੰਗੀ ਗੱਲ ਹੁੰਦੀ ਹੈ। ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ, ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਨੂੰ ਲਿਖੇ ਪੱਤਰ 'ਚ ਵਿਧਾਇਕ ਪਿੰਕੀ ਨੇ ਕਿਹਾ ਹੈ ਕਿ ਉਹ ਆਪਣੇ ਸਹਿਯੋਗੀ ਦਲਾਂ ਅਤੇ ਹੋਰ ਆਗੂਆਂ ਨਾਲ ਵੀ ਇਸ ਬਾਰੇ ਗੱਲ ਕਰਨ ਅਤੇ ਉਨ੍ਹਾਂ ਨੂੰ ਵੀ ਪ੍ਰੇਰਿਤ ਕਰਨ ਕਿ ਉਹ ਵੀ ਆਪਣੀ ਇਕ ਦਿਨ ਦੀ ਤਨਖਾਹ ਸ਼ਹੀਦ ਪਰਿਵਾਰਾਂ ਨੂੰ ਸਮਰਪਿਤ ਕਰਨ।


shivani attri

Content Editor

Related News