''ਮਿਸ਼ਨ ਫ਼ਤਿਹ’ ਤਹਿਤ ਜ਼ਿਲ੍ਹੇ ਦੇ 961 ਪਿੰਡਾਂ ਨੂੰ ਸਮਾਰਟ ਵਿਲੇਜ ਕੰਪੇਨ ਲਈ ਮਿਲਣਗੇ 150 ਕਰੋੜ

06/06/2020 7:37:15 AM

ਜਲੰਧਰ, (ਚੋਪੜਾ)-ਜ਼ਿਲ੍ਹੇ ਵਿਚ ਪਹਿਲੇ ਪੜਾਅ ਤਹਿਤ ਵਿਕਾਸ ਕਾਰਜਾਂ ਲਈ ਜਾਰੀ ਕੀਤੇ 45 ਕਰੋੜ ਰੁਪਏ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਜ਼ਿਲ੍ਹਾ ਜਲੰਧਰ ਦੇ 961 ਪਿੰਡਾਂ ਦੇ ਸਰਬਪੱਖੀ ਵਿਕਾਸ ਰਾਹੀਂ ਨੁਹਾਰ ਬਦਲਣ ਲਈ ਦੂਜੇ ਪੜਾਅ ਲਈ ‘ਮਿਸ਼ਨ ਫ਼ਤਿਹ’ ਤਹਿਤ ਸਮਾਰਟ ਵਿਲੇਜ ਕੰਪੇਨ ਲਈ ਵਿਕਾਸ ਕਾਰਜਾਂ ਨੂੰ ਜਲਦ ਸ਼ੁਰੂ ਕਰਨ ਲਈ 150 ਕਰੋੜ ਰੁਪਏ ਜਾਰੀ ਕੀਤੇ ਜਾ ਰਹੇ ਹਨ।

 

ਇਸ ਸਬੰਧੀ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਲਾਕਡਾਊਨ ਤੋਂ ਬਾਅਦ ਪੇਂਡੂ ਵਸੋਂ ਨੂੰ ਰਾਹਤ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਜ਼ਿਲੇ ਦੇ ਹਰੇਕ ਪਿੰਡ ਨੂੰ ਸਰਬਪੱਖੀ ਵਿਕਾਸ ਕਾਰਜਾਂ ਰਾਹੀਂ ਨਵੀਂ ਨੁਹਾਰ ਪ੍ਰਦਾਨ ਕਰਨ ਲਈ ਵਿਆਪਕ ਯੋਜਨਾ ਬਣਾਈ ਗਈ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲੇ ਦੇ 961 ਪਿੰਡਾਂ ਵਿਚ ਵਿਕਾਸ ਕਾਰਜਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਨੂੰ ਵਿੱਤ ਕਮਿਸ਼ਨਰ, ਪੇਂਡੂ ਵਿਕਾਸ ਫੰਡ ਅਤੇ ਹੋਰਨਾਂ ਫੰਡਾਂ ਰਾਹੀਂ ਜਲਦੀ ਸ਼ੁਰੂ ਕੀਤਾ ਜਾਵੇਗਾ।

 

ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਬਲਾਕ ਆਦਮਪੁਰ ਦੇ 69 ਪਿੰਡਾਂ, ਬਲਾਕ ਨਕੋਦਰ ਦੇ 69 ਪਿੰਡਾਂ, ਬਲਾਕ ਫਿਲੌਰ ਦੇ 98 ਪਿੰਡਾਂ, ਬਲਾਕ ਰੁੜਕਾ ਕਲਾਂ ਦੇ 65 ਪਿੰਡਾਂ, ਬਲਾਕ ਭੋਗਪੁਰ ਦੇ 95 ਪਿੰਡਾਂ, ਬਲਾਕ ਨੂਰਮਹਿਲ ਦੇ 78 ਪਿੰਡਾਂ, ਬਲਾਕ ਮਹਿਤਪੁਰ ਦੇ 46 ਪਿੰਡਾਂ, ਬਲਾਕ ਜਲੰਧਰ ਈਸਟ ਦੇ 178 ਪਿੰਡਾਂ , ਬਲਾਕ ਸ਼ਾਹਕੋਟ ਦੇ 74 ਪਿੰਡਾਂ, ਬਲਾਕ ਲੋਹੀਆਂ ਖਾਸ ਦੇ 61 ਪਿੰਡਾਂ ਅਤੇ ਬਲਾਕ ਜਲੰਧਰ ਵੈਸਟ ਦੇ 128 ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾਏ ਜਾਣਗੇ।

 

ਇਸ ਮੌਕੇ ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ, ਗੌਤਮ ਜੈਨ, ਡਾ. ਜੈ ਇੰਦਰ ਸਿੰਘ ਅਤੇ ਵਿਨੀਤ ਕੁਮਾਰ, ਸਹਾਇਕ ਕਮਿਸ਼ਨਰ ਵਰਜੀਤ ਵਾਲੀਆ ਅਤੇ ਹਰਪ੍ਰੀਤ ਸਿੰਘ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਅਨੁਪਮ ਕਲੇਰ, ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਇਕਬਾਲਜੀਤ ਸਿੰਘ ਸਹੋਤਾ, ਸੰਯੁਕਤ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਪਰਮਜੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।


Lalita Mam

Content Editor

Related News