ਨਿਗਮ ਦੀ ਇੰਜੀਨੀਅਰਿੰਗ ਸ਼ਾਖਾ ''ਚੋਂ ਮਈਅਰਮੈਂਟ ਬੁੱਕ ਗੁੰਮ
Friday, Mar 09, 2018 - 02:34 AM (IST)
ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਨਿਗਮ ਦੀ ਇੰਜੀਨੀਅਰਿੰਗ ਸ਼ਾਖਾ ਵੱਲੋਂ ਸ਼ਹਿਰ ਦੇ ਕੁੱਝ ਹਿੱਸਿਆਂ 'ਚ ਇੰਟਰਲਾਕਿੰਗ ਤੇ ਹੋਰ ਸਿਵਲ ਸਬੰਧੀ ਕੰਮ ਕੀਤੇ ਗਏ। ਇਨ੍ਹਾਂ ਕੰਮਾਂ 'ਚ ਧਾਂਦਲੀ ਹੋਣ ਦਾ ਸ਼ੱਕ ਹੋਇਆ ਤਾਂ ਜਾਂਚ ਲਈ ਸਬੰਧਿਤ ਜੇ. ਈ. ਨਾਲ ਐੈੱਮ. ਬੀ. (ਮਈਅਰਮੈਂਟ ਬੁੱਕ) ਦੀ ਮੰਗ ਨਿਗਮ ਕਮਿਸ਼ਨਰ ਜਗਮਿੰਦਰ ਸਿੰਘ ਵੱਲੋਂ ਕਰ ਦਿੱਤੀ ਗਈ। ਜਾਂਚ 'ਚ ਕਿਤੇ ਧਾਂਦਲੀ ਸਾਹਮਣੇ ਨਾ ਆਵੇ, ਇਸ ਕਾਰਨ ਸਬੰਧਿਤ ਜੇ. ਈ. ਦੀ ਐੱਮ. ਬੀ. ਗੁੰਮ ਹੋ ਗਈ। 15 ਦਿਨਾਂ ਦੀ ਤਲਾਸ਼ ਤੋਂ ਬਾਅਦ ਵੀ ਗੁੰਮ ਹੋਈ ਐੱਮ. ਬੀ. ਨਹੀਂ ਮਿਲ ਸਕੀ। ਨਿਗਮ ਨੇ 15 ਦਿਨ ਬੀਤ ਜਾਣ ਦੇ ਬਾਅਦ ਵੀ ਹੋਈ ਐੱਮ. ਬੀ. ਸਬੰਧੀ ਪੁਲਸ ਕੋਲ ਕੋਈ ਸ਼ਿਕਾਇਤ ਦੇਣਾ ਜ਼ਰੂਰੀ ਨਹੀਂ ਸਮਝਿਆ। ਵੀਰਵਾਰ ਨੂੰ ਵੀ ਨਿਗਮ ਦੀਆਂ ਵੱਖ-ਵੱਖ ਸ਼ਾਖਾਵਾਂ 'ਚ ਐੱਮ. ਬੀ. ਦੀ ਤਲਾਸ਼ ਕੀਤੀ ਗਈ ਪਰ ਕੋਈ ਸਫਲਤਾ ਨਹੀਂ ਮਿਲ ਸਕੀ।
ਜਾਣਕਾਰੀ ਅਨੁਸਾਰ ਨਿਗਮ ਦੀ ਇੰਜੀਨੀਅਰ ਸ਼ਾਖਾ ਤੋਂ ਸਿਵਲ ਦੇ ਕੁੱਝ ਕੰਮਾਂ ਨੂੰ ਪੂਰਾ ਕਰਵਾਉਣ ਲਈ ਜੂਨੀਅਰ ਇੰਜੀਨੀਅਰ ਅਭਿਨਵ ਜ਼ੋਨ ਨੂੰ ਐੱਮ. ਬੀ. ਨੰਬਰ 483 ਨੂੰ ਜਾਰੀ ਕੀਤਾ ਗਿਆ। ਤੈਅ ਨਿਯਮਾਂ ਅਨੁਸਾਰ ਜੇ. ਈ. ਦੀ ਅਗਵਾਈ 'ਚ ਹੋਣ ਵਾਲੇ ਕਿਸੇ ਵੀ ਸਿਵਲ ਵਰਕ ਦਾ ਰੋਜ਼ਾਨਾ ਦਾ ਬਿਓਰਾ ਇਸ ਮੈਨੇਜਮੈਂਟ ਬੁੱਕ 'ਚ ਦਰਜ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਐੱਮ. ਬੀ. 'ਚ ਦਰਜ ਜਾਣਕਾਰੀ ਨੂੰ ਸਬੰਧਿਤ ਸ਼ਾਖਾ ਦਾ ਐੱਮ. ਬੀ. ਓ. ਚੈੱਕ ਕਰਦਾ ਹੈ ਅਤੇ ਇਸ ਦੇ ਬਾਅਦ ਐਕਸੀਅਨ ਦੇ ਇਸ 'ਤੇ ਹਸਤਾਖਰ ਹੁੰਦੇ ਹਨ ਅਤੇ ਇਸ ਐੱਮ. ਬੀ. ਨੂੰ ਆਡਿਟ ਵਿਭਾਗ ਵੱਲੋਂ ਜਾਂਚ 'ਚ ਵੀ ਸ਼ਾਮਲ ਕੀਤਾ ਜਾਂਦਾ ਹੈ। ਐੱਮ. ਬੀ. 'ਚ ਦਰਜ ਕੰਮ ਸਬੰਧੀ ਜਾਣਕਾਰੀਆਂ ਦੇ ਆਧਾਰ 'ਤੇ ਹੀ ਸਿਵਲ ਦੇ ਕੰਮ ਨੂੰ ਕਰਨ ਵਾਲੇ ਠੇਕੇਦਾਰ ਦਾ ਬਿੱਲ ਤਿਆਰ ਕੀਤਾ ਜਾਂਦਾ ਹੈ। ਜੂਨੀਅਰ ਇੰਜੀਨੀਅਰ ਅਭਿਨਵ ਜੈਨ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸਿਵਲ ਸਬੰਧੀ ਕੰਮ ਕਰਵਾਏ ਗਏ। ਨਿਗਮ 'ਚ ਕਿਸੇ ਨੇ ਗੁੰਮਨਾਮ ਸ਼ਿਕਾਇਤ ਦੇ ਕੇ ਜਾਣਕਾਰੀ ਦਿੱਤੀ ਕਿ ਜਿਨ੍ਹਾਂ ਕੰਮਾਂ ਨੂੰ ਐੱਮ. ਬੀ. ਨੰਬਰ 483 ਦੇ ਅਧੀਨ ਕੀਤਾ ਗਿਆ ਹੈ, ਉਨ੍ਹਾਂ ਕੰਮਾਂ 'ਚ ਵੱਡੇ ਪੱਧਰ 'ਤੇ ਧਾਂਦਲੀ ਹੋਈ ਹੈ। ਸ਼ਿਕਾਇਤ ਨਿਗਮ ਕਮਿਸ਼ਨਰ ਤੱਕ ਪੁੱਜੀ ਤਾਂ ਉਨ੍ਹਾਂ ਤੁਰੰਤ ਸਿਵਲ ਬ੍ਰਾਂਚ ਦੇ ਐਕਸੀਅਨ ਨੂੰ ਇਸ ਦੀ ਜਾਂਚ ਕਰਨ ਨੂੰ ਕਹਿ ਦਿੱਤਾ। ਇਹ ਮਾਮਲਾ ਕਰਮਚਾਰੀਆਂ ਜਾਂ ਅਧਿਕਾਰੀਆਂ ਤੱਕ ਨਾ ਪੁੱਜੇ ਇਸ ਕਾਰਨ ਐੱਮ. ਬੀ. ਨੂੰ ਗੁੰਮ ਹੋਇਆ ਦੱਸ ਕੇ ਮਾਮਲੇ ਨੂੰ ਠੰਡੇ ਬਸਤੇ 'ਚ ਪਾਉਣ ਦਾ ਯਤਨ ਕੀਤਾ। ਸਿਵਲ ਬ੍ਰਾਂਚ ਦੀ ਇਸ ਲਾਪ੍ਰਵਾਹੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਿਗਮ ਕਮਿਸ਼ਨਰ ਨੇ ਇਸੇ ਨੂੰ ਬਹੁਤ ਹੀ ਗੰਭੀਤਾ ਨਾਲ ਲਿਆ। ਹੁਣ ਨਿਗਮ ਦੀਆਂ ਹੋਰ ਸ਼ਾਖਾਵਾਂ 'ਚ ਗੁੰਮ ਹੋਈ ਐੱਮ. ਬੀ. ਦੀ ਤਲਾਸ਼ ਕੀਤੀ ਜਾ ਰਹੀ ਹੈ ਪਰ 15 ਦਿਨ ਬੀਤ ਜਾਣ ਦੇ ਬਾਅਦ ਵੀ ਐੱਮ. ਬੀ. ਦੀ ਤਲਾਸ਼ ਨਹੀਂ ਹੋ ਸਕੀ। ਦਿਲਚਸਪ ਹੈ ਕਿ ਐੱਮ. ਬੀ. ਦੇ ਗੁੰਮ ਹੋਣ ਕਾਰਨ ਸਿਵਲ ਕਾਰਜ ਕਰਨ ਵਾਲੇ ਠੇਕੇਦਾਰ ਦਾ ਬਿੱਲ ਨਹੀਂ ਬਣ ਸਕਿਆ ਅਤੇ ਠੇਕੇਦਾਰ ਲਗਾਤਾਰ ਨਿਗਮ ਦੇ ਚੱਕਰ ਲਾਉਣ ਨੂੰ ਮਜ਼ਬੂਰ ਹੈ। ਨਿਗਮ ਕਮਿਸ਼ਨਰ ਨੇ ਸਬੰਧਤ ਸ਼ਾਖਾ ਨੂੰ ਸੋਮਵਾਰ ਨੂੰ ਤੱਕ ਸਮਾਂ ਦਿੱਤਾ ਹੈ ਅਤੇ ਜੇਕਰ ਸੋਮਵਾਰ ਤੱਕ ਐੱਮ. ਬੀ. ਨਹੀਂ ਮਿਲਦੀ ਤਾਂ ਪੁਲਸ ਦੇ ਕੋਲ ਇਸ ਨੂੰ ਲੈ ਕੇ ਸ਼ਿਕਾਇਤ ਦਿੱਤੀ ਜਾਵੇਗੀ ਅਤੇ ਸਬੰਧਿਤ ਜੇ. ਈ. ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
