ਜਲੰਧਰ ਨਿਗਮ ਨੂੰ ਵੱਡਾ ਝਟਕਾ, ਅਦਾਲਤ ਨੇ ਮਾਡਲ ਟਾਊਨ ਸਥਿਤ ''ਮੇਅਰ ਹਾਊਸ'' ਕੀਤਾ ਕੁਰਕ
Tuesday, Aug 04, 2026 - 08:17 AM (IST)
ਜਲੰਧਰ (ਖੁਰਾਣਾ) : ਜਲੰਧਰ ਨਗਰ ਨਿਗਮ ਨੂੰ ਇਕ ਵੱਡੇ ਕਾਨੂੰਨੀ ਮਾਮਲੇ ਵਿਚ ਤਕੜਾ ਝਟਕਾ ਲੱਗਾ ਹੈ। ਸਥਾਨਕ ਅਦਾਲਤ ਨੇ ਹਾਲ ਹੀ ਵਿਚ ਹੋਈ ਸੁਣਵਾਈ ਦੌਰਾਨ ਮਾਡਲ ਟਾਊਨ ਸਥਿਤ ਨਗਰ ਨਿਗਮ ਦੇ ਮੇਅਰ ਹਾਊਸ ਅਤੇ ਇੰਡੀਅਨ ਓਵਰਸੀਜ਼ ਬੈਂਕ ਵਿਚ ਸਥਿਤ ਨਗਰ ਨਿਗਮ ਦੇ ਇਕ ਬੈਂਕ ਖਾਤੇ ਨੂੰ ਅਟੈਚ (ਕੁਰਕ) ਕਰਨ ਦੇ ਹੁਕਮ ਜਾਰੀ ਕੀਤੇ ਹਨ। ਅਦਾਲਤ ਦੇ ਇਸ ਹੁਕਮ ਤੋਂ ਬਾਅਦ ਨਗਰ ਨਿਗਮ ਵਿਚ ਹੰਗਾਮਾ ਮਚ ਗਿਆ ਹੈ। ਜਾਣਕਾਰੀ ਅਨੁਸਾਰ ਨਿਗਮ ਦੇ ਕਾਨੂੰਨੀ ਮਾਹਿਰ ਇਨ੍ਹਾਂ ਹੁਕਮਾਂ ਨੂੰ ਹਟਵਾਉਣ ਲਈ ਯਤਨ ਕਰ ਰਹੇ ਹਨ।
ਇਹ ਮਾਮਲਾ ਅੰਮ੍ਰਿਤਸਰ ਦੀ ਸ਼੍ਰੀ ਦੁਰਗਾ ਪਬਲੀਸਿਟੀ ਕੰਪਨੀ ਨਾਲ ਜੁੜਿਆ ਹੋਇਆ ਹੈ। ਇਸ ਕੰਪਨੀ ਕੋਲ ਕਦੇ ਜਲੰਧਰ ਸ਼ਹਿਰ ਦੇ ਸਾਰੇ ਇਸ਼ਤਿਹਾਰਾਂ ਦਾ ਠੇਕਾ ਹੁੰਦਾ ਸੀ। ਕਈ ਸਾਲ ਪਹਿਲਾਂ ਕੰਪਨੀ ਨੇ ਨਗਰ ਨਿਗਮ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਉਸ ਸਮੇਂ ਨਗਰ ਨਿਗਮ ਲੋਅਰ ਕੋਰਟ, ਸੈਸ਼ਨ ਕੋਰਟ ਅਤੇ ਹਾਈ ਕੋਰਟ ਵਿਚ ਇਹ ਮਾਮਲਾ ਜਿੱਤ ਗਿਆ ਸੀ। ਇਸ ਤੋਂ ਬਾਅਦ ਕੰਪਨੀ ਸੁਪਰੀਮ ਕੋਰਟ ਜ਼ਰੀਏ ਆਰਬਿਟ੍ਰੇਸ਼ਨ ਵਿਚ ਚਲੀ ਗਈ। ਦੱਸਿਆ ਜਾਂਦਾ ਹੈ ਕਿ ਆਰਬਿਟ੍ਰੇਸ਼ਨ ਦੀ ਕਾਰਵਾਈ ਦੌਰਾਨ ਨਗਰ ਨਿਗਮ ਆਪਣਾ ਪੱਖ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਰੱਖ ਸਕਿਆ, ਜਿਸ ਤੋਂ ਬਾਅਦ ਆਰਬਿਟ੍ਰੇਸ਼ਨ ਟ੍ਰਿਬਿਊਨਲ ਨੇ ਨਗਰ ਨਿਗਮ ਨੂੰ ਕੰਪਨੀ ਨੂੰ ਲਗਭਗ 21 ਕਰੋੜ ਰੁਪਏ ਹਰਜਾਨਾ ਦੇਣ ਦਾ ਹੁਕਮ ਦਿੱਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਖ਼ਤਮ ਹੋਈ ਵਕੀਲਾਂ ਦੀ ਹੜਤਾਲ! LADC ਨੀਤੀ ਬਾਰੇ ਬਣੀ ਸਹਿਮਤੀ
ਦੱਸਿਆ ਜਾ ਰਿਹਾ ਹੈ ਕਿ ਇਸੇ ਆਰਬਿਟ੍ਰੇਸ਼ਨ ਫੈਸਲੇ ਨੂੰ ਲਾਗੂ ਕਰਵਾਉਣ ਲਈ ਸ਼੍ਰੀ ਦੁਰਗਾ ਪਬਲੀਸਿਟੀ ਨੇ ਜਲੰਧਰ ਦੀ ਅਦਾਲਤ ਦਾ ਰੁਖ਼ ਕੀਤਾ। ਸੁਣਵਾਈ ਦੌਰਾਨ ਅਦਾਲਤ ਨੇ ਨਗਰ ਨਿਗਮ ਦੇ ਇੰਡੀਅਨ ਓਵਰਸੀਜ਼ ਬੈਂਕ ਸਥਿਤ ਇਕ ਖਾਤੇ ਨੂੰ ਅਟੈਚ ਕਰਨ ਦੇ ਨਾਲ-ਨਾਲ ਮਾਡਲ ਟਾਊਨ ਸਥਿਤ ਮੇਅਰ ਹਾਊਸ ਨੂੰ ਵੀ ਅਟੈਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਇਸ ਦੌਰਾਨ ਨਗਰ ਨਿਗਮ ਨੇ ਆਰਬਿਟ੍ਰੇਸ਼ਨ ਦੇ ਫੈਸਲੇ ਨੂੰ ਚੰਡੀਗੜ੍ਹ ਦੀ ਅਦਾਲਤ ਵਿਚ ਚੁਣੌਤੀ ਦਿੱਤੀ ਹੋਈ ਹੈ, ਜਿੱਥੇ ਮਾਮਲਾ ਅਜੇ ਵਿਚਾਰ ਅਧੀਨ ਹੈ। ਦੱਸਿਆ ਗਿਆ ਕਿ ਹੁਣ ਤੱਕ ਸ਼੍ਰੀ ਦੁਰਗਾ ਪਬਲੀਸਿਟੀ ਨੂੰ ਕਿਸੇ ਕਾਰਨ ਸੰਮਨ ਜਾਰੀ ਨਹੀਂ ਹੋ ਰਹੇ ਸਨ। ਸੋਮਵਾਰ ਨੂੰ ਚੰਡੀਗੜ੍ਹ ਵਿਚ ਹੋਈ ਸੁਣਵਾਈ ਦੌਰਾਨ ਨਗਰ ਨਿਗਮ ਦੇ ਨੁਮਾਇੰਦਿਆਂ ਨੇ ਬਾਏ-ਹੈਂਡ ਸੰਮਨ ਪ੍ਰਾਪਤ ਕਰ ਲਏ, ਜਿਨ੍ਹਾਂ ਨੂੰ ਹੁਣ ਜਲੰਧਰ ਦੀ ਅਦਾਲਤ ਜ਼ਰੀਏ ਕੰਪਨੀ ਨੂੰ ਤਾਮੀਲ ਕਰਵਾਇਆ ਜਾਵੇਗਾ।
ਉੱਧਰ, ਨਗਰ ਨਿਗਮ ਦੇ ਸਾਹਮਣੇ ਇਕ ਹੋਰ ਵੱਡਾ ਮਾਮਲਾ ਵੀ ਪੈਂਡਿੰਗ ਹੈ। ਜਾਣਕਾਰੀ ਅਨੁਸਾਰ, ਸਾਲਿਡ ਵੇਸਟ ਮੈਨੇਜਮੈਂਟ ਦਾ ਕੰਮ ਕਰਨ ਵਾਲੀ ਜਿੰਦਲ ਇਨਫਰਾਸਟਰੱਕਚਰ ਕੰਪਨੀ ਵੀ ਆਰਬਿਟ੍ਰੇਸ਼ਨ ਵਿਚ ਗਈ ਸੀ, ਜਿੱਥੇ ਨਗਰ ਨਿਗਮ ਖ਼ਿਲਾਫ਼ ਲਗਭਗ 204 ਕਰੋੜ ਰੁਪਏ ਦੇ ਹਰਜਾਨੇ ਦਾ ਹੁਕਮ ਪਾਸ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਵੀ ਨਗਰ ਨਿਗਮ ਦੇ ਕੁਝ ਬੈਂਕ ਖਾਤੇ ਅਟੈਚ ਹਨ। ਸੂਤਰਾਂ ਅਨੁਸਾਰ ਮੌਜੂਦਾ ਸਮੇਂ ਨਗਰ ਨਿਗਮ ਦੇ ਪੰਜ ਤੋਂ ਛੇ ਬੈਂਕ ਖਾਤੇ ਵੱਖ-ਵੱਖ ਅਦਾਲਤੀ ਹੁਕਮਾਂ ਕਾਰਨ ਅਟੈਚ ਹਨ, ਜਿਨ੍ਹਾਂ ਵਿਚ ਲਗਭਗ 22 ਕਰੋੜ ਰੁਪਏ ਫਸੇ ਹੋਏ ਹਨ। ਇਸ ਕਾਰਨ ਨਗਰ ਨਿਗਮ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਹੈ। ਜਦਕਿ ਦੂਜੇ ਪਾਸੇ ਨਗਰ ਨਿਗਮ ਪਹਿਲਾਂ ਤੋਂ ਹੀ ਕਰੋੜਾਂ ਨਹੀਂ, ਸਗੋਂ ਅਰਬਾਂ ਰੁਪਏ ਦੇ ਵਿਕਾਸ ਕਾਰਜਾਂ, ਟੈਂਡਰਾਂ ਅਤੇ ਵਰਕ ਆਰਡਰ ਜਾਰੀ ਕਰ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
