ਅੱਧੇ ਘੰਟੇ ਦੀ ਬਾਰਸ਼ ਨੇ ਡੁੱਬੋ ਦਿੱਤੇ ਨਿਗਮ ਦੇ ਦਾਅਵੇ, ਸੜਕਾਂ ''ਤੇ ਭਰਿਆ ਪਾਣੀ

Tuesday, Jul 28, 2026 - 05:15 PM (IST)

ਅੱਧੇ ਘੰਟੇ ਦੀ ਬਾਰਸ਼ ਨੇ ਡੁੱਬੋ ਦਿੱਤੇ ਨਿਗਮ ਦੇ ਦਾਅਵੇ, ਸੜਕਾਂ ''ਤੇ ਭਰਿਆ ਪਾਣੀ

ਬਠਿੰਡਾ (ਵਿਜੈ ਵਰਮਾ) : ਮਹਿਜ਼ ਅੱਧੇ ਘੰਟੇ ਦੀ ਤੇਜ਼ ਬਾਰਸ਼ ਨੇ ਨਗਰ ਨਿਗਮ ਦੀ ਜਲ ਨਿਕਾਸੀ ਪ੍ਰਣਾਲੀ ਦੀ ਪੂਰੀ ਪੋਲ ਖੋਲ੍ਹ ਕੇ ਰੱਖ ਦਿੱਤੀ। ਜ਼ਿਲ੍ਹੇ 'ਚ ਕਰੀਬ 46 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ, ਜਿਸ ਕਾਰਨ ਸ਼ਹਿਰ ਦੇ ਕਈ ਮੁੱਖ ਬਾਜ਼ਾਰ, ਸੜਕਾਂ ਅਤੇ ਰਿਹਾਇਸ਼ੀ ਇਲਾਕੇ ਪਾਣੀ 'ਚ ਡੁੱਬ ਗਏ। ਸਭ ਤੋਂ ਹੈਰਾਨੀਜਨਕ ਗੱਲ ਇਹ ਰਹੀ ਕਿ ਜਿਨ੍ਹਾਂ ਥਾਵਾਂ 'ਤੇ ਪਹਿਲਾਂ ਕਦੇ ਜਲ ਭਰਾਅ ਨਹੀਂ ਹੁੰਦਾ ਸੀ, ਉੱਥੇ ਵੀ ਇਸ ਵਾਰ ਹੜ੍ਹ ਵਰਗੇ ਹਾਲਾਤ ਬਣ ਗਏ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਚੋਣਾਂ ਤੋਂ ਪਹਿਲਾਂ ਜਲਦਬਾਜ਼ੀ 'ਚ ਕਰਵਾਏ ਗਏ ਸੜਕ ਨਿਰਮਾਣ ਕੰਮਾਂ ਨੇ ਸਮੱਸਿਆ ਨੂੰ ਹੋਰ ਗੰਭੀਰ ਕਰ ਦਿੱਤਾ। ਕਈ ਨਵੀਆਂ ਸੜਕਾਂ ਦੇ ਨਿਰਮਾਣ ਦੌਰਾਨ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੀਆਂ ਰੋਡ ਜਾਲੀਆਂ (ਡਰੇਨੇਜ਼ ਗਰਿੱਲਾਂ) ਨੂੰ ਹੀ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਮੀਂਹ ਦੇ ਪਾਣੀ ਦੇ ਨਿਕਾਸ ਦਾ ਰਸਤਾ ਹੀ ਖ਼ਤਮ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੇ ਨਿਰਮਾਣ ਦੌਰਾਨ ਇਸ ਗੰਭੀਰ ਲਾਪਰਵਾਹੀ ਵੱਲ ਕੋਈ ਧਿਆਨ ਨਹੀਂ ਦਿੱਤਾ। ਨਤੀਜੇ ਵਜੋਂ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਪਹਿਲੀ ਹੀ ਤੇਜ਼ ਬਾਰਸ਼ 'ਚ ਸਵਾਲਾਂ ਦੇ ਘੇਰੇ ਵਿੱਚ ਆ ਗਏ।
ਬਾਰਸ਼ ਸ਼ੁਰੂ ਹੁੰਦੇ ਹੀ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਨੀਵੇਂ ਇਲਾਕਿਆਂ 'ਚ ਪਾਣੀ ਭਰਨਾ ਸ਼ੁਰੂ ਹੋ ਗਿਆ। ਕਈ ਦੁਕਾਨਾਂ 'ਚ ਪਾਣੀ ਦਾਖ਼ਲ ਹੋਣ ਦੀ ਨੌਬਤ ਆ ਗਈ, ਜਦੋਂ ਕਿ ਰਾਹਗੀਰਾਂ ਨੂੰ ਘੁੱਟਣਾਂ ਤੱਕ ਪਾਣੀ ਵਿੱਚੋਂ ਲੰਘਣਾ ਪਿਆ। ਕਈ ਵਾਹਨ ਸੜਕਾਂ ਦੇ ਵਿਚਕਾਰ ਹੀ ਬੰਦ ਹੋ ਗਏ ਅਤੇ ਸ਼ਹਿਰ ਦਾ ਆਵਾਜਾਈ ਪ੍ਰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਸਥਿਤੀ ਉਸ ਵੇਲੇ ਹੋਰ ਗੰਭੀਰ ਹੋ ਗਈ, ਜਦੋਂ ਸਿਰਕੀ ਬਾਜ਼ਾਰ ਪੰਪਿੰਗ ਸਟੇਸ਼ਨ 'ਤੇ ਕੋਈ ਕਰਮਚਾਰੀ ਮੌਜੂਦ ਨਹੀਂ ਮਿਲਿਆ। ਜਾਣਕਾਰੀ ਅਨੁਸਾਰ ਐੱਮ. ਸੀ. ਦੇ ਪਤੀ ਸੰਦੀਪ ਸੈਣੀ ਨੂੰ ਖ਼ੁਦ ਮੌਕੇ 'ਤੇ ਪਹੁੰਚ ਕੇ ਅਧਿਕਾਰੀਆਂ ਨੂੰ ਸੂਚਿਤ ਕਰਨਾ ਪਿਆ। ਉਨ੍ਹਾਂ ਦਾ ਦੋਸ਼ ਸੀ ਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਚਿਤਾਵਨੀ ਜਾਰੀ ਕੀਤੇ ਜਾਣ ਦੇ ਬਾਵਜੂਦ ਨਿਗਮ ਨੇ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਯੋਗ ਸਟਾਫ਼ ਤਾਇਨਾਤ ਨਹੀਂ ਕੀਤਾ

ਬਾਰਸ਼ ਦੌਰਾਨ ਕਈ ਥਾਵਾਂ 'ਤੇ ਸੀਵਰੇਜ ਵੀ ਓਵਰਫਲੋ ਹੋ ਗਿਆ ਅਤੇ ਗੰਦਾ ਪਾਣੀ ਸੜਕਾਂ 'ਤੇ ਫੈਲ ਗਿਆ। ਇਸ ਕਾਰਨ ਲੋਕਾਂ ਨੂੰ ਆਵਾਜਾਈ ਦੇ ਨਾਲ-ਨਾਲ ਸਿਹਤ ਸਬੰਧੀ ਖ਼ਤਰੇ ਦਾ ਵੀ ਸਾਹਮਣਾ ਕਰਨਾ ਪਿਆ। ਨਾਗਰਿਕਾਂ ਦਾ ਕਹਿਣਾ ਹੈ ਕਿ ਜੇ ਸਿਰਫ਼ ਅੱਧੇ ਘੰਟੇ ਦੀ ਬਾਰਸ਼ 'ਚ ਸ਼ਹਿਰ ਦੀ ਇਹ ਹਾਲਤ ਹੋ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਭਾਰੀ ਬਾਰਸ਼ ਦੌਰਾਨ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਹੈ। ਵਿਰੋਧੀ ਧਿਰ ਨੇ ਵੀ ਨਗਰ ਨਿਗਮ ਦੀ ਕਾਰਗੁਜ਼ਾਰੀ 'ਤੇ ਤਿੱਖਾ ਹਮਲਾ ਕੀਤਾ ਹੈ। ਵਿਰੋਧੀ ਆਗੂਆਂ ਦਾ ਦੋਸ਼ ਹੈ ਕਿ ਬਰਸਾਤ ਤੋਂ ਪਹਿਲਾਂ ਨਾਲਿਆਂ ਦੀ ਡੀ-ਸਿਲਟਿੰਗ ਅਤੇ ਸੜਕਾਂ ਦੀਆਂ ਜਾਲੀਆਂ ਦੀ ਸਫਾਈ ਸਿਰਫ਼ ਕਾਗਜ਼ਾਂ ਵਿੱਚ ਹੀ ਦਿਖਾਈ ਗਈ। 


author

Babita

Content Editor

Related News