ਝਾੜੀਆਂ ’ਚੋਂ ਮਿਲਿਆ ਅਣਪਛਾਤਾ ਭਰੂਣ, ਪੁਲਸ ਵੱਲੋਂ ਮਾਮਲਾ ਦਰਜ

Wednesday, Jul 22, 2026 - 04:58 PM (IST)

ਝਾੜੀਆਂ ’ਚੋਂ ਮਿਲਿਆ ਅਣਪਛਾਤਾ ਭਰੂਣ, ਪੁਲਸ ਵੱਲੋਂ ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ੍ਰੀ ਮੁਕਤਸਰ ਸਾਹਿਬ ਦੇ ਬਲਮਗੜ੍ਹ ਰੋਡ 'ਤੇ ਰੰਗਬੁੱਲਾ ਕੰਡੇ ਨੇੜੇ ਇੱਕ ਅਣਪਛਾਤਾ ਭਰੂਣ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ। ਇਸ ਸਬੰਧੀ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਇ ਸੰਹਿਤਾ ਦੀ ਧਾਰਾ 94 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ​ਮਾਮਲੇ ਦੀ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਪਵਨ ਕੁਮਾਰ ਉਰਫ਼ ਸੋਨੂ ਪੁੱਤਰ ਨੱਥਾ ਰਾਮ, ਵਾਸੀ ਗਲੀ ਨੰਬਰ 2, ਅਬੋਹਰ ਰੋਡ, ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਹ ਰੰਗਬੁੱਲਾ ਕੰਡੇ ਦੇ ਨੇੜੇ ਕਬਾੜ ਦੀ ਦੁਕਾਨ ਚਲਾਉਂਦਾ ਹੈ। ਬੀਤੀ 18 ਜੁਲਾਈ ਨੂੰ ਜਦੋਂ ਉਹ ਆਪਣੀ ਦੁਕਾਨ 'ਤੇ ਮੌਜੂਦ ਸੀ ਤਾਂ ਉਸ ਨੂੰ ਨੇੜਲੀਆਂ ਝਾੜੀਆਂ 'ਚੋਂ ਭਾਰੀ ਬਦਬੂ ਆਈ।

ਜਦੋਂ ਉਸ ਨੇ ਮੌਕੇ 'ਤੇ ਜਾ ਕੇ ਵੇਖਿਆ ਤਾਂ ਉੱਥੇ ਇੱਕ ਜਨਮ ਤੋਂ ਪਹਿਲਾਂ ਹੀ ਸੁੱਟਿਆ ਹੋਇਆ ਭਰੂਣ ਪਿਆ ਸੀ। ਸ਼ਿਕਾਇਤਕਰਤਾ ਨੇ ਆਸ-ਪਾਸ ਦੇ ਝੁੱਗੀ-ਝੌਂਪੜੀ ਵਾਲਿਆਂ ਕੋਲੋਂ ਇਸ ਬਾਰੇ ਪੁੱਛਗਿੱਛ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ​ਘਟਨਾ ਦੀ ਗੰਭੀਰਤਾ ਨੂੰ ਵੇਖਦਿਆਂ ਸ਼ਿਕਾਇਤਕਰਤਾ ਨੇ ਤੁਰੰਤ 112 ਨੰਬਰ 'ਤੇ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ 112 ਦੀ ਟੀਮ ਅਤੇ ਸਿਟੀ ਥਾਣੇ ਦੀ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ। ਪੁਲਸ ਨੇ ਭਰੂਣ ਨੂੰ ਆਪਣੇ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੀ ਮੋਰਚਰੀ 'ਚ ਰਖਵਾ ਦਿੱਤਾ। ਮਾਮਲੇ ਦੀ ਤਫ਼ਤੀਸ਼ ਕਰ ਰਹੇ ਸਹਾਇਕ ਸਬ-ਇੰਸਪੈਕਟਰ ਗੁਰਾਦਿੱਤਾ ਸਿੰਘ ਨੇ ਦੱਸਿਆ ਕਿ ਮੁਕੱਦਮਾ ਦਰਜ ਕਰਕੇ ਭਰੂਣ ਸੁੱਟਣ ਵਾਲੇ ਅਣਪਛਾਤੇ ਔਰਤ/ਮਰਦ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
 


author

Babita

Content Editor

Related News