ਮ੍ਰਿਤਕਾ ਦੇ ਸਰੀਰ ’ਚੋਂ ਗ਼ਾਇਬ ਗੁਰਦਾ ਬਣਿਆ ਰਹੱਸ, ਹਾਈ ਕੋਰਟ ਵਲੋਂ ਜਾਂਚ ਦੇ ਹੁਕਮ
Thursday, Jul 17, 2025 - 01:53 AM (IST)

ਚੰਡੀਗੜ੍ਹ (ਗੰਭੀਰ) - ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲੁਧਿਆਣਾ ਦੇ ਐੱਚ. ਐੱਮ. ਸੀ. ਹਸਪਤਾਲ ’ਚ 22 ਸਾਲਾ ਕੁੜੀ ਦੀ ਮੌਤ ਤੋਂ ਬਾਅਦ ਉਸ ਦੇ ਸਰੀਰ ’ਚੋਂ ਇਕ ਗੁਰਦਾ ਗ਼ਾਇਬ ਹੋਣ ਦੀ ਜਾਂਚ ਦੇ ਹੁਕਮ ਦਿੱਤੇ ਹਨ। ਕਰੀਬ ਤਿੰਨ ਸਾਲ ਪਹਿਲਾਂ ਹੋਈ ਇਹ ਘਟਨਾ ਹਾਲੇ ਵੀ ਰਹੱਸ ਬਣੀ ਹੋਈ ਹੈ। ਅਦਾਲਤ ਨੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਤੇ ਜ਼ਰੂਰਤ ਪੈਣ ’ਤੇ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕਰਨ ਦੇ ਹੁਕਮ ਦਿੱਤੇ ਹਨ।
ਜਸਟਿਸ ਕੁਲਦੀਪ ਤਿਵਾੜੀ ਦੀ ਬੈਂਚ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਸਪੱਸ਼ਟ ਹੈ ਕਿ ਮੈਡੀਕਲ ਰਿਪੋਰਟ ਮ੍ਰਿਤਕਾ ਦੇ ਗ਼ਾਇਬ ਗੁਰਦੇ ਵਰਗੇ ਗੰਭੀਰ ਮੁੱਦੇ ’ਤੇ ਪੂਰੀ ਤਰ੍ਹਾਂ ਮੌਨ ਹੈ। ਇਸ ਤੋਂ ਇਲਾਵਾ ਇਸ ਵਿਸ਼ੇ ’ਤੇ ਕਿਸੇ ਮਾਹਿਰ ਦੀ ਰਾਏ ਲੈਣ ਦਾ ਕੋਈ ਦਸਤਾਵੇਜ਼ ਵੀ ਅਦਾਲਤ ਸਾਹਮਣੇ ਨਹੀਂ ਹੈ। ਪੋਸਟਮਾਰਟਮ ਰਿਪੋਰਟ ’ਚ ਸਪੱਸ਼ਟ ਜ਼ਿਕਰ ਹੈ ਕਿ ਮ੍ਰਿਤਕਾ ਦਾ ਖੱਬਾ ਗੁਰਦਾ ਨਹੀਂ ਮਿਲਿਆ। ਅਦਾਲਤ ਨੇ ਕਿਹਾ ਕਿ ਗ਼ਾਇਬ ਹੋਏ ਇਸ ਗੁਰਦੇ ਪਿਛਲੀ ਸੱਚਾਈ ਹਾਲੇ ਵੀ ਰਹੱਸ ਬਣੀ ਹੋਈ ਹੈ, ਜਿਸ ਨੂੰ ਜਾਂਚ ਦੇ ਦਾਇਰੇ ’ਚ ਲਿਆਂਦਾ ਜਾਣਾ ਚਾਹੀਦਾ ਹੈ।
ਇਹ ਪਟੀਸ਼ਨ ਮੰਗਤ ਰਾਮ ਸ਼ਰਮਾ ਵੱਲੋਂ ਦਾਇਰ ਕੀਤੀ ਗਈ ਸੀ, ਜਿਨ੍ਹਾਂ ਦੀ ਧੀ ਤਾਨੀਆ ਸ਼ਰਮਾ ਨੂੰ 1 ਜੂਨ, 2021 ਨੂੰ ਸਰਜਰੀ ਲਈ ਲੁਧਿਆਣਾ ਦੇ ਐੱਚ. ਐੱਮ. ਸੀ. ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਅਗਲੇ ਦਿਨ ਡਾਕਟਰਾਂ ਦੀ ਟੀਮ ਨੇ ਸਰਜਰੀ ਕੀਤੀ। ਇਕ ਹਫ਼ਤੇ ਬਾਅਦ 7 ਜੂਨ ਨੂੰ ਦੂਜੀ ਸਰਜਰੀ ਵੀ ਕੀਤੀ ਗਈ ਪਰ ਕੁੜੀ ਦੀ ਹਾਲਤ ਲਗਾਤਾਰ ਵਿਗੜਦੀ ਰਹੀ ਤੇ 16 ਜੂਨ, 2021 ਨੂੰ ਉਸ ਦੀ ਮੌਤ ਹੋ ਗਈ। ਮਾਮਲੇ ’ਚ ਅਗਲੀ ਸੁਣਵਾਈ 30 ਸਤੰਬਰ ਨੂੰ ਹੋਵੇਗੀ।