11 ਸਾਲ ਤੋਂ ਗੁੰਮਸ਼ੁਦਾ ਪਤੀ ਨੂੰ ਲੱਭਿਆ ਪੰਜਾਬ ਪੁਲਸ ਨੇ, ਪਤਨੀ ਦਾ ਕਰਵਾਇਆ ਮੇਲ

Friday, Sep 27, 2019 - 10:25 AM (IST)

11 ਸਾਲ ਤੋਂ ਗੁੰਮਸ਼ੁਦਾ ਪਤੀ ਨੂੰ ਲੱਭਿਆ ਪੰਜਾਬ ਪੁਲਸ ਨੇ, ਪਤਨੀ ਦਾ ਕਰਵਾਇਆ ਮੇਲ

ਜਲੰਧਰ (ਵਰਿੰਦਰ) - ਲਾਂਬੜਾ ਦੀ ਪੁਲਸ ਨੇ ਕਰੀਬ 11 ਸਾਲਾ ਤੋਂ ਲਾਪਤਾ ਵਿਅਕਤੀ ਨੂੰ ਉਸ ਦੀ ਪਤਨੀ ਦੀ ਸ਼ਿਕਾਇਤ 'ਤੇ ਕਾਬੂ ਕਰ ਲਿਆ ਹੈ। ਉਕਤ ਲਾਪਤਾ ਵਿਅਕਤੀ ਲਾਂਬੜਾ 'ਚ ਭੇਸ ਬਦਲ ਕੇ ਰਹਿ ਰਿਹਾ ਸੀ। ਥਾਣਾ ਮੁਖੀ ਲਾਂਬੜਾ ਪੁਸ਼ਪ ਬਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਵਿੰਦਰ ਕੌਰ ਪਤਨੀ ਜਗਜੀਤ ਸਿੰਘ ਦੀ ਸ਼ਿਕਾਇਤ 'ਤੇ ਫੈਜ਼ਾਬਾਦ ਦੀ ਅਦਾਲਤ ਵਲੋਂ ਐੱਸ. ਐੱਸ. ਪੀ. ਜਲੰਧਰ ਨੂੰ ਇਕ ਪੱਤਰ ਪ੍ਰਾਪਤ ਹੋਇਆ ਸੀ, ਜਿਸ 'ਚ ਸ਼ਿਕਾਇਤਕਰਤਾ ਔਰਤ ਨੇ ਦੱਸਿਆ ਸੀ ਕਿ ਉਸ ਦਾ ਗਾਇਬ ਪਤੀ ਜਗਜੀਤ ਸਿੰਘ ਲਾਂਬੜਾ ਥਾਣੇ ਦੇ ਇਲਾਕੇ 'ਚ ਕਿਸੇ ਢਾਬੇ 'ਤੇ ਕੰਮ ਕਰ ਰਿਹਾ ਹੈ, ਜਿਸ ਨੂੰ ਲੱਭਣ 'ਚ ਉਸ ਦੀ ਸਹਾਇਤਾ ਕੀਤੀ ਜਾਵੇ।

ਥਾਣਾ ਮੁਖੀ ਨੇ ਦੱਸਿਆ ਕਿ ਪੀੜਤ ਔਰਤ ਨੇ ਲਾਂਬੜਾ ਥਾਣੇ ਖ਼ੁਦ ਆ ਕੇ ਦੱਸਿਆ ਕਿ ਉਸ ਦਾ ਪਤੀ ਜਗਜੀਤ ਸਿੰਘ ਸਾਲ 2008 ਤੋਂ ਗਾਇਬ ਹੈ। ਇਸ ਸਬੰਧੀ ਸਥਾਨਕ ਪੁਲਸ ਵਲੋਂ ਇਕ ਵਿਸ਼ੇਸ਼ ਟੀਮ ਤਿਆਰ ਕਰਕੇ ਪਿੰਡ ਸਿੰਘਾਂ ਦੇ ਹਰਨੇਕ ਢਾਬੇ 'ਤੇ ਰੇਡ ਕਰਕੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ। ਕਾਬੂ ਕੀਤਾ ਉਕਤ ਵਿਅਕਤੀ ਭੇਸ ਬਦਲ ਕੇ ਢਾਬੇ 'ਤੇ ਪਿਛਲੇ 4 ਸਾਲਾ ਤੋਂ ਕੰਮ ਕਰ ਰਿਹਾ ਸੀ। ਪੁਲਸ ਵਲੋਂ ਛਾਣਬੀਨ ਕਰਨ ਉਪਰੰਤ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਜਗਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਗੁਰੂ ਨਾਨਕ ਥਾਣਾ ਕੋਤਵਾਲੀ ਨਗਰ ਰਾਏਬਰੇਲੀ ਯੂ. ਪੀ. ਵਜੋਂ ਹੋਈ। ਪੁਲਸ ਨੇ ਕਾਨੂੰਨੀ ਕਾਰਵਾਈ ਕਰਦੇ ਹੋਏ ਜਗਜੀਤ ਸਿੰਘ ਨੂੰ ਵਾਪਸ ਯੂ. ਪੀ. ਭੇਜਣ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ।


author

rajwinder kaur

Content Editor

Related News