ਕੁੜੀ ਨੂੰ ਮਿਸ ਕਾਲ ਮਾਰਨ 'ਤੇ 10ਵੀਂ ਜਮਾਤ ਦੇ ਮੁੰਡੇ ਨੂੰ ਮਿਲੀ ਭਿਆਨਕ ਸਜ਼ਾ, ਹੈਰਾਨ ਕਰ ਦੇਵੇਗਾ ਪੂਰਾ ਵਾਕਿਆ
Monday, Jun 14, 2021 - 10:42 AM (IST)
ਫਿਲੌਰ (ਭਾਖੜੀ) : ਦਸਵੀਂ ਜਮਾਤ ਵਿਚ ਪੜ੍ਹਨ ਵਾਲੇ ਬੱਚੇ ਨੂੰ ਸਕੂਲ ਦੀ ਹੀ ਨੌਵੀਂ ਜਮਾਤ ਵਿਚ ਪੜ੍ਹਨ ਵਾਲੀ ਵਿਦਿਆਰਥਣ ਦੇ ਫੋਨ ’ਤੇ ਮਿਸ ਕਾਲ ਕਰਨੀ ਮਹਿੰਗੀ ਪਈ। ਕੁੜੀ ਦੇ ਪਿਤਾ ਦੀ ਸ਼ਿਕਾਇਤ ’ਤੇ ਸਕੂਲ ਬੁਲਾਉਣ ਦੇ ਬਹਾਨੇ ਬੱਚੇ ਨੂੰ ਰਸਤੇ ਵਿਚ ਘੇਰ ਕੇ ਉਸ ਦੀ ਲੱਤਾਂ, ਮੁੱਕਿਆਂ ਅਤੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਬੱਚੇ ਦਾ ਸਿਰ ਪਾੜ ਦਿੱਤਾ ਗਿਆ ਅਤੇ ਬੱਚੇ ਨਾਲ ਬਦਸਲੂਕੀ ਕਰਨ ਦੀ ਪੂਰੀ ਵੀਡੀਓ ਵੀ ਬਣਾਈ ਗਈ। ਜ਼ਖਮੀ ਬੱਚੇ ਨੂੰ ਸਕੂਲ ਲਿਜਾ ਕੇ ਪ੍ਰਿੰਸੀਪਲ ਦੇ ਸਾਹਮਣੇ ਕੁੜੀ ਦੇ ਪੈਰ ਫੜ੍ਹਾ ਕੇ ਮੁਆਫ਼ੀ ਮੰਗਵਾਈ ਗਈ। ਪੀੜਤ ਬੱਚੇ ਦੀ ਹਾਲਤ ਖ਼ਰਾਬ ਹੋਣ ਕਾਰਨ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਬੱਚੇ ਦੇ ਪਿਤਾ ਜਸਵੰਤ ਸਿੰਘ, ਤਾਇਆ ਕਸ਼ਮੀਰ ਸਿੰਘ ਨੇ ਸਥਾਨਕ ਸ਼ਹਿਰ ਵਿਚ ਪੱਤਰਕਾਰ ਸਮਾਗਮ ਕਰਕੇ ਦੱਸਿਆ ਕਿ ਉਹ ਨੇੜਲੇ ਪਿੰਡ ਚੀਮਾ ਖੁਰਦ ਦੇ ਰਹਿਣ ਵਾਲੇ ਹਨ ਅਤੇ ਸਬ ਡਵੀਜ਼ਨ ਫਿਲੌਰ ਦੇ ਡੀ. ਐੱਸ. ਪੀ. ਸੁਹੇਲ ਕਾਸਿਮ ਜੋ ਆਈ. ਪੀ. ਐੱਸ. ਅਧਿਕਰੀ ਹੈ, ਦੇ ਕੋਲ ਆਪਣੇ ਬੱਚੇ ਨੂੰ ਨਿਆਂ ਦਿਵਾਉਣ ਦੀ ਸ਼ਿਕਾਇਤ ਲੈ ਕੇ ਆਏ ਹਨ। ਉਨ੍ਹਾਂ ਦਾ ਬੱਚਾ ਅਰੁਣਦੀਪ ਸਿੰਘ 15 ਸਾਲ ਜੋ ਪਿੰਡ ਚੱਕ ਦੇਸ ਰਾਜ ਵਿਚ ਬਣੀ ਅਕੈਡਮੀ ਵਿਚ ਦਸਵੀਂ ਜਮਾਤ ਵਿਚ ਪੜ੍ਹਦਾ ਹੈ। 2 ਦਿਨ ਪਹਿਲਾਂ ਉਨ੍ਹਾਂ ਨੂੰ ਸਕੂਲ ਦੀ ਪ੍ਰਿੰਸੀਪਲ ਹੇਮ ਲਤਾ ਦਾ ਫੋਨ ਆਇਆ ਕਿ ਉਨ੍ਹਾਂ ਦੇ ਬੱਚੇ ਦੀ ਸ਼ਿਕਾਇਤ ਆਈ ਹੈ। ਉਸ ਨੂੰ ਉਹ ਹੁਣੇ ਸਕੂਲ ਲੈ ਆਉਣ, ਜਿਸ ’ਤੇ ਬੱਚੇ ਦਾ ਤਾਇਆ ਉਸ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਸਕੂਲ ਵੱਲ ਨਿਕਲ ਗਿਆ।
ਇਹ ਵੀ ਪੜ੍ਹੋ : ਅਮਰੀਕਾ 'ਚ ਪੜ੍ਹਾਈ ਦੇ ਇੱਛੁਕ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, US ਅੰਬੈਸੀ ਨੇ ਦਿੱਤੀ ਇਹ ਜਾਣਕਾਰੀ
ਰਸਤੇ ਵਿਚ ਘੇਰ ਕੇ ਤਾਏ ਨੂੰ ਫੜ੍ਹ ਬੱਚੇ ’ਤੇ ਹਮਲਾ ਕੀਤਾ
ਤਾਇਆ ਕਸ਼ਮੀਰ ਸਿੰਘ ਨੇ ਦੱਸਆ ਕਿ ਸਕੂਲ ਤੋਂ ਅੱਧਾ ਕਿਲੋਮੀਟਰ ਪਹਿਲਾਂ ਹੀ ਮੋਟਰਸਾਈਕਲ ’ਤੇ ਸਵਰ ਤਿੰਨ ਵਿਅਕਤੀਆਂ ਨੇ ਜਿਨ੍ਹਾਂ ਦੇ ਕੋਲ ਡੰਡੇ ਅਤੇ ਹੋਰ ਹਥਿਆਰ ਫੜ੍ਹੇ ਹੋਏ ਸਨ, ਉਨ੍ਹਾਂ ਨੂੰ ਘੇਰ ਲਿਆ। ਇਕ ਵਿਅਕਤੀ ਨੇ ਉਸ ਦੀ ਬਾਂਹ ਫੜ੍ਹ ਕੇ ਕਿਹਾ ਕਿ ਉਹ ਚੁੱਪਚਾਪ ਖੜ੍ਹਾ ਰਹੇ। ਉਨ੍ਹਾਂ ਨੇ ਉਸ ਦੇ ਬੱਚੇ ਨੂੰ ਸਬਕ ਸਿਖਾਉਣਾ ਹੈ, ਜੋ ਉਨ੍ਹਾਂ ਦੀ ਕੁੜੀ ਨੂੰ ਫੋਨ ’ਤੇ ਪਰੇਸ਼ਾਨ ਕਰਦਾ ਹੈ। ਉਸ ਤੋਂ ਬਾਅਦ ਉਨ੍ਹਾਂ ਨੇ ਅਰੁਣਦੀਪ ਨੂੰ ਲੱਤਾਂ, ਮੁੱਕਿਆਂ ਨਾਲ ਪਹਿਲਾਂ ਕੁੱਟਣਾ ਸ਼ੁਰੂ ਕੀਤਾ, ਫਿਰ ਬੱਚੇ ਦੇ ਸਿਰ ’ਤੇ ਕਿਸੇ ਚੀਜ਼ ਨਾਲ ਵਾਰ ਕਰਕੇ ਉਸ ਦਾ ਸਿਰ ਪਾੜ ਦਿੱਤਾ। ਖੂਨ ਨਾਲ ਲਥਪਥ ਉਸ ਦਾ ਬੱਚਾ ਉਸ ਦੀਆਂ ਅੱਖਾਂ ਸਾਹਮਣੇ ਤੜਫਦਾ ਰਿਹਾ। ਆਪਣੇ ਬੱਚੇ ਨੂੰ ਬਚਾਉਣ ਲਈ ਉਸ ਦੇ ਤਾਇਆ ਨੇ ਉਨ੍ਹਾਂ ਦੇ ਚੁੰਗਲ ’ਚੋਂ ਛੁੱਟਣ ਦੀ ਕੋਸ਼ਿਸ਼ ਕੀਤੀ। ਉਹ ਮਿੰਨਤਾਂ ਕਰਦਾ ਰਿਹਾ ਪਰ ਉਨ੍ਹਾਂ ਨੂੰ ਬਿਲਕੁਲ ਵੀ ਤਰਸ ਨਹੀਂ ਆਇਆ। ਉਹ ਬੱਚੇ ਨਾਲ ਕੁੱਟਮਾਰ ਦੀ ਵੀਡੀਓ ਬਣਾ ਰਹੇ ਸਨ, ਜਦੋਂ ਤੱਕ ਬੱਚਾ ਬੇਸੁੱਧ ਹੋ ਕੇ ਡਿੱਗ ਨਹੀਂ ਗਿਆ।
ਇਹ ਵੀ ਪੜ੍ਹੋ : ਬੋਰੀ 'ਚੋਂ ਮਿਲੀ ਜਨਾਨੀ ਦੀ ਲਾਸ਼ ਬਾਰੇ ਖੁੱਲ੍ਹੇ ਸਾਰੇ ਭੇਤ, ਪ੍ਰੇਮੀ ਨੇ ਹੀ ਘਰ ਬੁਲਾ ਕੀਤਾ ਸੀ ਵੱਡਾ ਕਾਂਡ
ਸਕੂਲ ਲਿਜਾ ਕੇ ਕੁੜੀ ਦੇ ਪੈਰਾਂ ਵਿਚ ਪਾ ਕੇ ਮੰਗਵਾਈ ਮੁਆਫ਼ੀ
ਬੱਚੇ ਦੇ ਤਾਇਆ ਨੇ ਦੱਸਿਆ ਕਿ ਮਾਰ ਖਾ ਕੇ ਜਦੋਂ ਉਸ ਦਾ ਬੱਚਾ ਬੇਸੁੱਧ ਹੋਣ ਲੱਗਾ ਤਾਂ ਉਕਤ ਲੋਕ ਆਪਸ ਵਚ ਮਸ਼ਵਰਾ ਕਰਕੇ ਉਸ ਨੂੰ ਆਪਣੇ ਨਾਲ ਸਕੂਲ ਲੈ ਗਏ, ਜਿਥੇ ਬੱਚੇ ਦੇ ਤਾਇਆ ਨੂੰ ਪੂਰਾ ਮਾਮਲਾ ਪਤਾ ਲੱਗਾ ਕਿ ਉਨ੍ਹਾਂ ਦੇ ਬੱਚੇ ਤੋਂ ਉਨ੍ਹਾਂ ਦੀ ਕੁੜੀ ਦੇ ਫੋਨ ’ਤੇ ਮਿਸ ਕਾਲ ਚਲੀ ਗਈ ਸੀ। ਕੁੱਟਮਾਰ ਕਰਨ ਵਾਲਿਆਂ ਵਿਚ ਕੁੜੀ ਦਾ ਪਿਤਾ ਵੀ ਹੈ। ਪ੍ਰਿੰਸੀਪਲ ਸਾਹਮਣੇ ਉਨ੍ਹਾਂ ਨੂੰ ਮੁਲਜ਼ਮਾਂ ਵਾਂਗ ਪੇਸ਼ ਕੀਤਾ ਗਿਆ। ਉੱਥੇ ਨੌਵੀਂ ਜਮਾਤ ਵਿਚ ਪੜ੍ਹਨ ਵਾਲੀ ਉਹ ਵਿਦਿਆਰਥਣ ਵੀ ਬੈਠੀ ਸੀ, ਜਿਥੇ ਬੱਚੇ ਤੋਂ ਉਸ ਦੇ ਪੈਰ ਫੜ੍ਹ ਕੇ ਮੁਆਫ਼ੀ ਮੰਗਵਾਉਣ ਦੀ ਵੀਡੀਓ ਵੀ ਬਣਾਈ ਗਈ। ਪੀੜਤ ਬੱਚੇ ਦੇ ਪਿਤਾ ਨੂੰ ਵੀ ਫੋਨ ਕਰਕੇ ਉੱਥੇ ਬੁਲਾਇਆ ਗਿਆ ਅਤੇ ਉਸ ਤੋਂ ਵੀ ਮੁਆਫ਼ੀ ਮੰਗਵਾਈ ਗਈ ਅਤੇ ਕਾਗਜ਼ਾ ’ਤੇ ਜ਼ਬਰੀ ਸਾਈਨ ਕਰਵਾਏ ਗਏ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਮੁੱਖ ਮੰਤਰੀ ਚਿਹਰੇ ਨਾਲ ਹੀ ਮੈਦਾਨ 'ਚ ਉਤਰੇਗੀ 'ਕਾਂਗਰਸ'
ਜ਼ਿਆਦਾ ਖੂਨ ਵਹਿ ਜਾਣ ਨਾਲ ਬੱਚੇ ਦੀ ਹਾਲਤ ਹੋਈ ਖ਼ਰਾਬ, ਹਸਪਤਾਲ ਦਾਖ਼ਲ
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਸੂਮ ਬੱਚੇ ਨਾਲ ਜਿਸ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਸੀ, ਉਹ ਇੰਨਾ ਘਬਰਾ ਗਿਆ ਕਿ ਉੱਥੋਂ ਕਿਸੇ ਤਰ੍ਹਾਂ ਨਿਕਲ ਕੇ ਉਹ ਘਰ ਪਰਤੇ। ਆਪਣੇ ਨਾਲ ਹੋਏ ਹਾਦਸੇ ਨਾਲ ਉਨ੍ਹਾਂ ਦਾ ਬੱਚਾ ਸਦਮੇ ਵਿਚ ਆ ਗਿਆ ਅਤੇ ਜ਼ਿਆਦਾ ਖੂਨ ਵਹਿ ਜਾਣ ’ਤੇ ਹਾਲਤ ਖ਼ਰਾਬ ਹੋਣ ਕਾਰਨ ਰਾਤ ਨੂੰ ਉਸ ਦੇ ਤਾਇਆ ਨੇ ਆਪਣੇ ਰਿਸ਼ਤੇਦਾਰ ਨਾਲ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਅਤੇ ਪੂਰੀ ਘਟਨਾ ਦੀ ਸ਼ਿਕਾਇਤ ਬੱਚੇ ਦੀ ਹਾਲਤ ਦੀ ਵੀਡੀਓ ਬਣਾ ਕੇ ਡੀ. ਐੱਸ. ਪੀ. ਫਿਲੌਰ, ਧੁਲੇਤਾ ਚੌਂਕੀ ਦੇ ਨਾਲ ਥਾਣਾ ਮੁਖੀ ਗੋਬਾਇਆਂ ਨੂੰ ਵੀ ਭੇਜੀ। 36 ਘੰਟੇ ਬੀਤ ਜਾਣ ਦੇ ਬਾਵਜੂਦ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਵਿਚ ਸਿਰਫ ਉਹੀ ਲੋਕ ਨਹੀਂ, ਜਿਨ੍ਹਾਂ ਨੇ ਬੱਚੇ ਨਾਲ ਕੁੱਟਮਾਰ ਕੀਤੀ, ਸਗੋਂ ਸਕੂਲ ਦੀ ਪ੍ਰਿੰਸੀਪਲ ਨੇ ਵੀ ਉਨ੍ਹਾਂ ਦੇ ਨਾਲ ਬੁਰਾ ਸਲੂਕ ਕੀਤਾ। ਉਨ੍ਹਾਂ ਨੇ ਇਨਸਾਫ਼ ਲਈ ਚਾਈਲਡ ਹੈਲਪਲਾਈਨ ਨੰਬਰ 1098 ’ਤੇ ਚੰਡੀਗੜ੍ਹ ਫੋਨ ਕਰਕੇ ਪੂਰਾ ਕੇਸ ਦੱਸਿਆ।
ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ ਕਾਰਵਾਈ ਰੋਕੀ : ਥਾਣਾ ਮੁਖੀ
ਜਦੋਂ ਥਾਣਾ ਮੁਖੀ ਗੋਰਾਇਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਦੇ ਕੋਲ ਪੀੜਤ ਬੱਚੇ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਆ ਚੁੱਕੀ ਹੈ ਪਰ ਦੋਵੇਂ ਬੱਚੇ ਅਜੇ ਛੋਟੇ ਹਨ। ਉਨ੍ਹਾਂ ਦੇ ਭਵਿੱਖ ਨੂੰ ਦੇਖਦੇ ਹੋਏ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਮੁੰਡਾ ਫੋਨ ਕਰਕੇ ਵਿਦਿਆਰਥਣ ਨੂੰ ਪਰੇਸ਼ਾਨ ਕਰਦਾ ਸੀ ਜਾਂ ਕਦੇ ਫੋਨ ’ਤੇ ਗਾਣੇ ਲਗਾ ਦਿੰਦਾ ਸੀ, ਉਨ੍ਹਾਂ ਨੂੰ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਹੈ। ਪਹਿਲਾਂ ਉਨ੍ਹਾਂ ਨੂੰ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ। ਜਦੋਂ ਸਕੂਲ ਦੀ ਪ੍ਰਿੰਸੀਪਲ ਤੋਂ ਉਨ੍ਹਾਂ ਦਾ ਪੱਖ ਜਾਣਨ ਲਈ ਗੱਲ ਕਰਨੀ ਚਾਹੀ ਤਾਂ ਹਰ ਵਾਰ ਪੱਤਰਕਾਰ ਦਾ ਨਾਮ ਸੁਣਦੇ ਹੀ ਫੋਨ ਕੱਟ ਦਿੱਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ