ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਨੂੰ 7 ਸਾਲ ਦੀ ਕੈਦ

07/15/2017 2:58:28 AM

ਹੁਸ਼ਿਆਰਪੁਰ, (ਅਮਰਿੰਦਰ)- ਹਰਿਆਣਾ ਕਸਬੇ ਦੀ ਇਕ ਨਾਬਾਲਗ ਲੜਕੀ ਨੂੰ ਭਜਾ ਕੇ ਲਿਜਾਣ ਤੇ ਉਸ ਨਾਲ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਕਰਨ ਪੁੱਤਰ ਮੋਹਨ ਲਾਲ ਵਾਸੀ ਪਹਾੜੀ ਗੇਟ ਹਰਿਆਣਾ ਨੂੰ ਜ਼ਿਲਾ ਐਡੀਸ਼ਨਲ ਸੈਸ਼ਨ ਜੱਜ ਗੁਰਮੀਤ ਕੌਰ ਦੀ ਅਦਾਲਤ ਨੇ ਮੁਲਜ਼ਮ ਕਰਾਰ ਦਿੰਦੇ ਹੋਏ 7 ਸਾਲ ਦੀ ਕੈਦ ਤੇ 25 ਹਜ਼ਾਰ ਰੁਪਏ ਨਕਦ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ 'ਤੇ ਦੋਸ਼ੀ ਨੂੰ 1 ਸਾਲ ਹੋਰ ਕੈਦ ਕੱਟਣੀ ਪਵੇਗੀ।
ਕੀ ਹੈ ਮਾਮਲਾ? : ਥਾਣਾ ਹਰਿਆਣਾ ਦੀ ਪੁਲਸ ਨੇ ਦੋਸ਼ੀ ਕਰਨ ਖਿਲਾਫ਼ 26 ਮਾਰਚ 2015 ਨੂੰ ਨਾਬਾਲਗਾ ਨੂੰ ਭਜਾ ਕੇ ਲਿਜਾਣ ਤੇ ਜਬਰ-ਜ਼ਨਾਹ ਕਰਨ 'ਤੇ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਸੀ। ਪੀੜਤਾ ਦੀ ਮਾਂ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਦੀ ਧੀ ਜੋ 10ਵੀਂ ਜਮਾਤ 'ਚ ਪੜ੍ਹਦੀ ਹੈ, ਨੂੰ ਦੋਸ਼ੀ ਕਰਨ ਅਕਸਰ ਪ੍ਰੇਸ਼ਾਨ ਕਰਦਾ ਸੀ। 23 ਮਾਰਚ 2015 ਨੂੰ ਸ਼ਾਮ ਸਮੇਂ ਜਦੋਂ ਉਸ ਦੀ ਧੀ ਘਰ ਨਾ ਪਰਤੀ ਤਾਂ ਸਾਨੂੰ ਚਿੰਤਾ ਹੋਣ ਲੱਗੀ। ਭਾਲ ਕਰਨ 'ਤੇ ਪਤਾ ਲੱਗਾ ਕਿ ਉਹ ਦੋਸ਼ੀ ਕਰਨ ਦੇ ਘਰ 'ਚ ਹੈ। ਜਦੋਂ ਉਹ ਉਸ ਨੂੰ ਲੈਣ ਗਏ ਤਾਂ ਪਤਾ ਲੱਗਾ ਕਿ ਦੋਨੋਂ ਘਰੋਂ ਗਾਇਬ ਸਨ। ਪੁਲਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਉਸ ਨੇ ਦੋਨਾਂ ਨੂੰ ਬਰਾਮਦ ਕਰ ਲਿਆ। ਮੈਡੀਕਲ ਰਿਪੋਰਟ 'ਚ ਜਬਰ-ਜ਼ਨਾਹ ਸਾਬਤ ਹੋਣ 'ਤੇ ਹਰਿਆਣਾ ਪੁਲਸ ਨੇ ਮੁਲਜ਼ਮ ਕਰਨ ਖਿਲਾਫ਼ ਧਾਰਾ 363, 366-ਏ ਤੇ 376 ਅਧੀਨ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਸੀ।


Related News