ਫੇਸਬੁੱਕ ਜ਼ਰੀਏ ਦੋਸਤੀ ਕਰ ਕੇ ਨਾਬਾਲਗਾ ਦਾ ਕੀਤਾ ਸਰੀਰਕ ਸ਼ੋਸ਼ਣ, ਅਦਾਲਤ ਨੇ ਸੁਣਾਈ ਇਹ ਸਜ਼ਾ
Thursday, Oct 27, 2022 - 07:39 PM (IST)
ਲੁਧਿਆਣਾ (ਮਹਿਰਾ) : ਸਥਾਨਕ ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਇਕ ਨਾਬਾਲਗ ਲੜਕੀ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਦੋਸ਼ੀ ਸੁਖਚੈਨ ਸਿੰਘ ਉਰਫ ਸੁੱਖਾ ਨਿਵਾਸੀ ਬਠਿੰਡਾ ਨੂੰ 10 ਸਾਲ ਦੀ ਕੈਦ ਅਤੇ 1 ਲੱਖ 10 ਹਜ਼ਾਰ ਰੁਪਏ ਜੁਰਮਨੇ ਦੀ ਸਜ਼ਾ ਸੁਣਾਈ ਹੈ।
ਇਸ ਸਬੰਧ ’ਚ ਪੁਲਸ ਥਾਣਾ ਸ਼ਿਮਲਾਪੁਰੀ ਵੱਲੋਂ 6 ਦਸੰਬਰ 2018 ਨੂੰ ਨਾਬਾਲਗਾ ਦੇ ਪਿਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਮੁਤਾਬਕ ਉਸ ਦੀ 12ਵੀਂ ਕਲਾਸ ’ਚ ਪੜ੍ਹਨ ਵਾਲੀ ਪੁੱਤਰੀ ਜਦ ਸਕੂਲ ਤੋਂ ਵਾਪਸ ਨਾ ਆਈ ਤਾਂ ਉਨ੍ਹਾਂ ਨੇ ਇਸ ਸਬੰਧ ਵਿਚ ਆਪਣੇ ਰਿਸ਼ਤੇਦਾਰਾਂ ਅਤੇ ਸਬੰਧੀਆਂ ਤੋਂ ਪੁੱਛਗਿੱਛ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਇਹ ਖ਼ਬਰ ਵੀ ਪੜ੍ਹੋ - ਵਿਦਿਆਰਥਣ ਨੇ ਕਾਲਜ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ, ਨਹੀਂ ਮਿਲਿਆ ਸੁਸਾਈਡ ਨੋਟ
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਕੋਈ ਵਿਅਕਤੀ ਉਸ ਦੀ ਪੁੱਤਰੀ ਨੂੰ ਵਿਆਹ ਦੀ ਨੀਅਤ ਨਾਲ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ। ਪੁਲਸ ਵੱਲੋਂ ਮਾਮਲਾ ਦਰਜ ਕੀਤੇ ਜਾਣ ਦੇ ਬਾਅਦ ਪੀੜਤਾ ਦੀ ਮਾਤਾ ਵੱਲੋਂ ਪੀੜਤਾ ਨੂੰ ਪੁਲਸ ਕੋਲ ਲਿਜਾਇਆ ਗਿਆ, ਜਿੱਥੇ ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਫੇਸਬੁੱਕ ਜ਼ਰੀਏ ਦੋਸ਼ੀ ਨਾਲ ਮੁਲਾਕਾਤ ਹੋਈ ਸੀ, ਜੋ ਉਸ ਨੂੰ ਬਹਿਕਾ ਕੇ ਆਪਣੇ ਨਾਲ ਬਠਿੰਡਾ ਲੈ ਗਿਆ, ਜਿੱਥੇ ਇਕ ਹੋਟਲ ਵਿਚ ਦੋਸ਼ੀ ਨੇ ਉਸ ਦੀ ਇੱਛਾ ਦੇ ਉਲਟ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਬਾਅਦ ਵਿਚ ਉੁਸ ਨੂੰ ਰੇਲਵੇ ਸਟੇਸ਼ਨ ’ਤੇ ਛੱਡ ਗਿਆ।