ਗੈਂਗਰੇਪ ਮਗਰੋਂ ਖ਼ੁਦਕੁਸ਼ੀ ਕਰਨ ਵਾਲੀ ਕੁੜੀ ਦੇ ਪਰਿਵਾਰ ਵੱਲੋਂ ਸਸਕਾਰ ਕਰਨ ਤੋਂ ਇਨਕਾਰ

Wednesday, Jan 03, 2024 - 01:52 PM (IST)

ਨੂਰਪੁਰਬੇਦੀ (ਸੰਜੀਵ ਭੰਡਾਰੀ)-ਖੇਤਰ ਦੀ ਇਕ ਨਾਬਾਲਗ ਅਨੁਸੂਚਿਤ ਜਾਤੀ ਦੀ ਕੁੜੀ ਵੱਲੋਂ ਜ਼ਬਰ-ਜ਼ਿਨਾਹ ਉਪਰੰਤ ਖ਼ੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਤੂਲ ਫੜ੍ਹਦਾ ਜਾ ਰਿਹਾ ਹੈ। ਮੰਗਲਵਾਰ ਮ੍ਰਿਤਕਾ ਦੇ ਪਰਿਵਾਰ ਅਤੇ ਇਕੱਠੇ ਹੋਏ ਹੋਰਨਾਂ ਸੰਗਠਨਾਂ ਦੇ ਨੁਮਾਇੰਦਿਆਂ ਵੱਲੋਂ ਉਕਤ ਮਾਮਲੇ ’ਚ ਨਾਮਜ਼ਦ ਦੂਜੇ ਕਥਿਤ ਮੁਲਜ਼ਮ ਦੇ ਗ੍ਰਿਫ਼ਤਾਰ ਨਾ ਹੋਣ ਤੱਕ ਪੀੜਤ ਕੁੜੀ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਬੀਤੀ 30 ਦਸੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੇ ਭਰਾ ਨਾਲ ਘਰ ਪਰਤ ਰਹੀ ਇਕ 15 ਸਾਲਾ ਨਾਬਾਲਗ ਕੁੜੀ ਨਾਲ 2 ਨੌਜਵਾਨਾਂ ਵੱਲੋਂ ਜਬਰ-ਜ਼ਿਨਾਹ ਕੀਤਾ ਗਿਆ ਸੀ, ਜਿਸ ਉਪਰੰਤ ਪੀੜਤਾ ਵੱਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਗਈ ਸੀ, ਜਿਸ ਦੀ ਅਗਲੇ ਦਿਨ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਸਥਾਨਕ ਪੁਲਸ ਨੇ ਮਾਮਲੇ ’ਚ ਨਾਮਜ਼ਦ 2 ਕੀਤੇ ਨੌਜਵਾਨਾਂ ’ਚ ਸ਼ਾਮਲ ਇਕ ਨੌਜਵਾਨ ਦਿਨੇਸ਼ ਗੁੱਜ਼ਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਦਕਿ ਦੂਜਾ ਮੁਲਜ਼ਮ ਹਰਸ਼ ਰਾਣਾ ਅਜੇ ਤਾਈਂ ਫਰਾਰ ਹੈ।

ਇਹ ਵੀ ਪੜ੍ਹੋ : DSP ਦਲਬੀਰ ਸਿੰਘ ਦਿਓਲ ਕਤਲ ਮਾਮਲੇ 'ਚ ਪੋਸਟਮਾਰਟਮ ਦੀ ਰਿਪੋਰਟ ਦੌਰਾਨ ਸਾਹਮਣੇ ਆਈ ਇਹ ਗੱਲ

ਦੇਰ ਸ਼ਾਮ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਲਾਸ਼ ਸੋਂਪ ਦਿੱਤੀ ਗਈ ਸੀ ਪਰ ਮੰਗਲਵਾਰ ਪਰਿਵਾਰ ਨੇ ਪੀੜਤਾ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਪੀੜਤਾ ਦੇ ਘਰ ਵਿਖੇ ਪਹੁੰਚੇ ਐੱਸ. ਡੀ. ਐੱਮ. ਸ੍ਰੀ ਅਨੰਦਪੁਰ ਸਾਹਿਬ ਮਨਦੀਪ ਸਿੰਘ ਢਿੱਲੋਂ ਅਤੇ ਡੀ. ਐੱਸ. ਪੀ. ਅਜੇ ਸਿੰਘ ਨੇ ਪਰਿਵਾਰ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਦੂਜੇ ਮੁਲਜ਼ਮ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ, ਜਿਸ ਕਰਕੇ ਉਹ ਕੁੜੀ ਦਾ ਅੰਤਿਮ ਸੰਸਕਾਰ ਕਰ ਦੇਣ ਪਰ ਪਰਿਵਾਰ ਨੇ ਅਧਿਕਾਰੀਆਂ ਦੀ ਇਕ ਨਾ ਸੁਣੀ। ਕੁੜੀ ਦੇ ਚਾਚਾ ਸਮੇਤ ਹੋਰਨਾਂ ਪਰਿਵਾਰਕ ਮੈਂਬਰਾਂ ਸਮੇਤ ਇਕੱਠੇ ਹੋਏ ਹੋਰਨਾਂ ਸੰਗਠਨਾਂ ਦੇ ਨੁਮਾਇੰਦਿਆਂ ਨੇ ਪੁਲਸ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਕਿ ਜੇਕਰ ਅੱਜ ਸ਼ਾਮ ਤੱਕ ਦੂਜੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਸਵੇਰੇ ਪੀੜਤਾ ਦੀ ਲਾਸ਼ ਨੂੰ ਮੁੱਖ ਮਾਰਗ ’ਤੇ ਰੱਖ ਕੇ ਚੱਕਾ ਜਾਮ ਕੀਤਾ ਜਾਵੇਗਾ। ਦੇਰ ਰਾਤ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਸਬੰਧੀ 7 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ।

ਮੁਲਜ਼ਮ ਦਿਨੇਸ਼ ਗੁੱਜ਼ਰ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
ਥਾਣਾ ਮੁਖੀ ਨੂਰਪੁਰਬੇਦੀ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਿਨੇਸ਼ ਗੁੱਜ਼ਰ ਨੂੰ ਬਾਅਦ ਦੁਪਹਿਰ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਸ ਨੂੰ ਮਾਣਯੋਗ ਜੱਜ ਨੇ 4 ਜਨਵਰੀ ਤੱਕ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਣ ਦਾ ਆਦੇਸ਼ ਦਿੱਤਾ। ਜਦਕਿ ਦੂਜੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

ਇਹ ਵੀ ਪੜ੍ਹੋ : ਨਵੇਂ ਸਾਲ ’ਚ ਆਮ ਆਦਮੀ ਪਾਰਟੀ ਸਾਹਮਣੇ ਨਵੀਆਂ ਚੁਣੌਤੀਆਂ, ਲੈਣੇ ਪੈ ਸਕਦੇ ਹਨ ਵੱਡੇ ਫ਼ੈਸਲੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News