ਘਰ ਕੰਮ ਕਰਦੀ ਨਾਬਾਲਗਾ ਨੂੰ ਕੀਤਾ ਤੰਗ, ਛੇੜਛਾੜ ਤੋਂ ਪਰੇਸ਼ਾਨ ਹੋ ਕੇ ਕੀਤੀ ਖ਼ੁਦਕੁਸ਼ੀ

03/27/2024 1:39:20 PM

ਸਮਰਾਲਾ (ਗਰਗ/ਬੰਗੜ) : ਇਲਾਕੇ ਦੇ ਇਕ ਪਿੰਡ ਦੀ ਇਕ 13 ਸਾਲ ਦੀ ਕੁੜੀ ਵਲੋਂ ਪਿੰਡ ਵਾਸੀ ਤੋਂ ਤੰਗ ਆ ਕੇ ਖ਼ੁਦਕਸ਼ੀ ਦੀ ਖ਼ਬਰ ਨਾਲ ਪਿੰਡ 'ਚ ਸਨਸਨੀ ਫੈਲ ਗਈ ਹੈ। ਕੁੜੀ ਦਾ ਸਸਕਾਰ ਕਰਨ ਤੋਂ ਬਾਅਦ ਮ੍ਰਿਤਕਾ ਦੀ ਮਾਂ ਵਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਉਸ ਦੀ ਧੀ ਦੇ ਮੋਬਾਇਲ ਫ਼ੋਨ ’ਚੋਂ ਪਿੰਡ ਦੇ ਹੀ ਵਸਨੀਕ ਬਲਬੀਰ ਸਿੰਘ ਵਲੋਂ ਭੇਜੇ ਇਤਰਾਜ਼ਯੋਗ ਸੰਦੇਸ਼ ਮਿਲੇ ਹਨ, ਜਿਸ ਤੋਂ ਲੱਗਦਾ ਹੈ ਕਿ ਉਸ ਦੀ ਧੀ ਨੇ ਬਲਬੀਰ ਸਿੰਘ ਵਲੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤੇ ਜਾਣ ਤੋਂ ਬਾਅਦ ਖ਼ੁਦਕੁਸ਼ੀ ਕੀਤੀ ਹੈ।

ਸਮਰਾਲਾ ਪੁਲਸ ਨੇ ਮੁਲਜ਼ਮ ਬਲਵੀਰ ਸਿੰਘ (45 ਸਾਲ) ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਪੋਕਸੋ ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕਾ ਦੀ ਮਾਤਾ ਨੇ ਦੱਸਿਆ ਕਿ ਉਹ ਪਿੰਡ ਦੇ ਹੀ ਬਲਬੀਰ ਸਿੰਘ ਦੇ ਘਰ ਕੰਮ ਕਰਦੀ ਸੀ। ਉਸ ਨੇ ਬਲਵੀਰ ਸਿੰਘ ਦੀਆਂ ਹਰਕਤਾਂ ਤੋਂ ਤੰਗ ਆ ਕੇ ਉਸ ਦੇ ਘਰ ਕੰਮ ਕਰਨਾ ਬੰਦ ਕਰ ਦਿੱਤਾ। ਧੀ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਉਸ ਦੇ ਫ਼ੋਨ ਤੋਂ ਪਤਾ ਲੱਗਾ ਕਿ ਧੀ ਨੇ ਬਲਬੀਰ ਸਿੰਘ ਕਾਰਨ ਖ਼ੁਦਕੁਸ਼ੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਬਲਬੀਰ ਸਿੰਘ ਨੇ ਉਨ੍ਹਾਂ ਦੇ ਘਰ ਆ ਕੇ ਨਾਬਾਲਗ ਧੀ ਦਾ ਇਹ ਕਹਿੰਦਿਆਂ ਸਸਕਾਰ ਕਰਵਾ ਦਿੱਤਾ ਕਿ ਉਲਟਾ ਤੁਹਾਡੇ ’ਤੇ ਕਾਰਵਾਈ ਹੋ ਜਾਵੇਗੀ। ਮ੍ਰਿਤਕਾ ਦੀ ਚਾਚੀ ਨੇ ਦੱਸਿਆ ਕਿ ਕੁੜੀ ਅਤੇ ਉਸ ਦੀ ਮਾਂ ਉਕਤ ਮੁਲਜ਼ਮ ਦੇ ਘਰ ਕੰਮ ਕਰਦੀਆਂ ਸਨ। ਮੁਲਜ਼ਮ ਮ੍ਰਿਤਕਾ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ, ਜਿਸ ਤੋਂ ਬਾਅਦ ਮ੍ਰਿਤਕਾ ਦੀ ਮਾਂ ਨੇ ਕੰਮ ਛੱਡ ਦਿੱਤਾ ਸੀ। ਜਿਸ ਤੋਂ ਬਾਅਦ ਮੁਲਜ਼ਮ ਨੇ ਨਾਬਾਲਗ ਦੀ ਵੀਡੀਓ ਬਣਾ ਲਈ ਸੀ ਤੇ ਉਹ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦਿੰਦਾ ਸੀ। ਧੀ ਨੂੰ ਡਰਾ-ਧਮਕਾ ਕੇ ਉਸ ਨਾਲ ਕਥਿਤ ਤੌਰ ’ਤੇ ਗਲਤ ਕੰਮ ਵੀ ਕੀਤਾ ਅਤੇ ਬਾਅਦ ਵਿਚ ਉਸ ਨੂੰ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।

ਜਿਸ ਦੀ ਪੁਸ਼ਟੀ ਮ੍ਰਿਤਕ ਦੇ ਮੋਬਾਇਲ ’ਚ ਮਿਲੀ ਇਤਰਾਜ਼ਯੋਗ ਵੀਡੀਓ ਹੋਈ ਹੈ। ਇਸ ਤੋਂ ਤੰਗ ਆ ਕੇ ਹੀ ਧੀ ਨੇ ਖ਼ੁਦਕਸ਼ੀ ਕੀਤੀ ਹੈ। ਮੋਬਾਇਲ ਤੋਂ ਇਹ ਵੀ ਪਤਾ ਲੱਗਾ ਕਿ ਮੁਲਜ਼ਮ ਮ੍ਰਿਤਕਾ ਨੂੰ ਕਿਸੇ ਨੂੰ ਗੱਲ ਨਾ ਦੱਸਣ ਲਈ ਪੈਸਿਆਂ ਦਾ ਲਾਲਚ ਦਿੰਦਾ ਸੀ ਤੇ ਮਾਮਲੇ ਨੂੰ ਰਫ਼-ਦਫ਼ਾ ਕਰਨ ਲਈ ਵੀ ਉਨ੍ਹਾਂ ਨੂੰ ਲਾਲਚ ਦਿੱਤਾ ਗਿਆ। ਸਮਰਾਲਾ ਦੇ ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਵਲੋਂ ਸ਼ਿਕਾਇਤ ਮਿਲੀ ਹੈ। ਜਾਂਚ ਤੋਂ ਬਾਅਦ ਬੀਤੀ 23 ਮਾਰਚ ਨੂੰ ਖ਼ੁਦਕੁਸ਼ੀ ਕਰਨ ਵਾਲੀ ਨਾਬਾਲਗ ਧੀ ਦੇ ਮਾਮਲੇ ਵਿਚ ਮੁਲਜ਼ਮ ਬਲਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਪੋਕਸੋ ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
 


Babita

Content Editor

Related News