ਤੂਫਾਨ ਕਾਰਨ ਮਾਈਨਰ ਟੁੱਟੀ, 30 ਏਕੜ ਫਸਲ ਡੁੱਬੀ
Monday, Jun 12, 2017 - 06:25 AM (IST)
ਮੰਡੀ ਰੋੜਾਂਵਾਲੀ/ਮਮਦੋਟ, (ਜ.ਬ.,ਸੰਜੀਵ)- ਪਿੰਡ ਜੰਡਵਾਲਾ ਦੇ ਨਜ਼ਦੀਕ ਗੁਜ਼ਰਨ ਵਾਲੀ ਟਾਹਲੀ ਵਾਲਾ ਮਾਈਨਰ ਦੇ ਟੁੱਟ ਜਾਣ ਕਾਰਨ ਕਈ ਏਕੜ ਫਸਲ ਬਰਾਬਾਦ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਆਏ ਤੇਜ਼ ਤੂਫਾਨ ਅਤੇ ਝੱਖੜ ਨਾਲ ਪਿੰਡ ਜੰਡ ਵਾਲਾ ਦੇ ਕੋਲ ਮਾਈਨਰ 'ਚ ਅਚਾਨਕ ਪਾੜ ਪੈ ਗਿਆ, ਜਿਸ ਕਰਕੇ ਕਿਸਾਨ ਚਾਂਦੀ ਰਾਮ ਵਾਸੀ ਨੁਕੇਰੀਆਂ, ਜਰਨੈਲ ਸਿੰਘ ਅਤੇ ਬਿੱਟੂ ਸੰਧੂ ਵਾਸੀ ਜੰਡ ਵਾਲਾ ਭੀਮੇਸ਼ਾਹ ਦੀ 30 ਏਕੜ ਫਸਲ 'ਚ ਪਾਣੀ ਫਿਰ ਗਿਆ, ਜਿਸ ਕਰਕੇ ਨਰਮੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ।
ਜ਼ਿਕਰਯੋਗ ਹੈ ਕਿ ਕੁਝ ਸਮੇਂ ਪਹਿਲਾਂ ਹੀ ਨਹਿਰੀ ਵਿਭਾਗ ਵਲੋਂ ਟਾਹਲੀ ਵਾਲਾ ਮਾਈਨਰ ਦੀ ਮੁੜ ਤੋਂ ਉਸਾਰੀ ਕਰਕੇ ਨਵੀਂ ਬਣਾਈ ਗਈ ਸੀ, ਪਰ ਬੀਤੀ ਰਾਤ ਆਏ ਇਸ ਤੂਫਾਨ ਨੇ ਇਕ ਵਾਰ ਫਿਰ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ। ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਖੁਦ ਹੀ ਮਾਈਨਰ 'ਚ ਪਾਏ ਪਾੜ ਨੂੰ ਫਿਰ ਤੋਂ ਭਰਿਆ ਗਿਆ ਹੈ, ਪ੍ਰਸ਼ਾਸਨ ਵਲੋਂ ਕੋਈ ਵੀ ਕਦਮ ਨਹੀਂ ਚੁੱਕੇ ਗਏ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਰਬਾਦ ਹੋਈ ਫਸਲ ਦੀ ਗਿਰਦਵਾਰੀ ਕਰਵਾ ਕੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਇਸੇ ਤਰ੍ਹਾਂ ਬੀ. ਐੱਸ. ਐੱਫ. ਹੈੱਡਕੁਆਰਟਰ ਵਿਖੇ ਐਡਮਨਿਸਟ੍ਰੇਸ਼ਨ ਬਲਾਕ ਦੇ ਮੇਨ ਗੇਟ ਕੋਲ ਲੱਗਾ ਸਫੈਦੇ ਦਾ ਵੱਡਾ ਦਰੱਖਤ ਹੇਠਾਂ ਡਿੱਗ ਪਿਆ। ਇਸ ਤੋਂ ਇਲਾਵਾ ਕੈਲਾਸ਼ ਮਾਰਕੀਟ ਦੇ ਪਿਛਲੇ ਪਾਸੇ ਸਾਮਾਨ ਰੱਖਣ ਲਈ ਬਣੀ ਸ਼ੈੱਡ ਦੀ ਛੱਤ ਵੀ ਲੋਹੇ ਦੇ ਐਂਗਲਾਂ ਸਮੇਤ ਉਡ ਗਈ ਜੋ ਨੇੜਲੇ ਖੇਤਾਂ 'ਚੋਂ ਮਿਲੀ।
ਪ੍ਰਭਾਵਿਤ ਸ਼ੈੱਡ ਮਾਲਕ ਹੀਰਾ ਨਾਰੰਗ ਨੇ ਦੱਸਿਆ ਹੈ ਕਿ ਇਹ ਸ਼ੈੱਡ ਅਜੇ ਕੁਝ ਦਿਨ ਪਹਿਲਾਂ ਹੀ ਤਿਆਰ ਕਰਵਾਈ ਸੀ ਜੋ ਹਨੇਰੀ ਕਾਰਨ ਤਬਾਹ ਹੋ ਗਈ ਹੈ ਅਤੇ ਇਕ ਲੱਖ ਰੁਪਏ ਤੋਂ ਵੱਧ ਦੀ ਰਕਮ ਦਾ ਨੁਕਸਾਨ ਹੋ ਗਿਆ ਹੈ। ਇਲਾਕੇ ਦੇ ਪ੍ਰਭਾਵਿਤ ਲੋਕਾਂ ਨੇ ਪੰਜਾਬ-ਸਰਕਾਰ ਤੋਂ ਮੰਗ ਕੀਤੀ ਹੈ ਕਿ ਭਿਆਨਕ ਝੱਖੜ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਉਨ੍ਹਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ।
