ਸਿਹਤ ਮੰਤਰੀ ਵੱਲੋਂ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਤੇ ਨਦਾਮਪੁਰ ਦੇ ਮੁਹੱਲਾ ਕਲੀਨਿਕ ਦੀ ਅਚਨਚੇਤ ਚੈਕਿੰਗ

Saturday, Feb 25, 2023 - 06:53 PM (IST)

ਸਿਹਤ ਮੰਤਰੀ ਵੱਲੋਂ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਤੇ ਨਦਾਮਪੁਰ ਦੇ ਮੁਹੱਲਾ ਕਲੀਨਿਕ ਦੀ ਅਚਨਚੇਤ ਚੈਕਿੰਗ

ਭਵਾਨੀਗੜ੍ਹ (ਕਾਂਸਲ) : ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਕੀਤੇ ਜਾਣ ਕਾਰਨ ਅੱਜ ਸੂਬੇ ਦੀ ਜਨਤਾਂ ਤੇ ਸਿਹਤ ਵਿਭਾਗ ਦਾ ਸਟਾਫ਼ ਬਹੁਤ ਖੁਸ਼ ਹੈ ਪਰ ‘ਆਪ’ ਸਰਕਾਰ ਦੀਆਂ ਬਿਹਤਰ ਸਿਹਤ ਸਹੂਲਤਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਢਿੱਡ ’ਚ ਬਹੁਤ ਪੀੜ ਹੋ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅੱਜ ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਸੁਨਾਮ ਜਾਂਦੇ ਸਮੇਂ ਪਹਿਲਾਂ ਨਦਾਮਪੁਰ ਵਿਖੇ ਖੋਲ੍ਹੇ ਨਵੇਂ ਮੁਹੱਲਾ ਕਲੀਨਿਕ ਅਤੇ ਫਿਰ ਸਥਾਨਕ ਸ਼ਹਿਰ ਵਿਖੇ ਹਸਪਤਾਲ ਦੀ ਅਚਨਚੇਤ ਚੈਕਿੰਗ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਿਆਸੀ ਬਲਦਾਖੋਰੀ ਦੀ ਭਾਵਨਾ ਤਿਆਗ ਕੇ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਅਤੇ ਸੂਬਾ ਸਰਕਾਰ ਵੱਲੋਂ ਸੂਬੇ ਅੰਦਰ ਲੋਕਾਂ ਦੇ ਫਾਇਦੇ ਲਈ ਸਿਹਤ ਸਹੂਲਤਾਂ ਨੂੰ ਬਿਹਤਰ ਕਰਨ ਲਈ ਕੀਤੇ ਜਾ ਰਹੇ ਯਤਨਾਂ ’ਚ ਕੇਂਦਰ ਨੂੰ ਸੂਬਾ ਸਰਕਾਰ ਦੀ ਮੱਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਸੁਫ਼ਨਾ ਹੈ ਕਿ ਸੂਬੇ ਦੇ ਲੋਕਾਂ ਨੂੰ ਆਪਣੇ ਇਲਾਜ ਉਪਰ ਇਕ ਰੁਪਏ ਦਾ ਵੀ ਖਰਚ ਨਾ ਕਰਨਾ ਪਵੇ ਅਤੇ ਜਨਤਾ ਨੂੰ ਸਾਰੀਆਂ ਸਿਹਤ ਸਹੂਲਤਾਂ ਮੁਫ਼ਤ ਦੇਣ ਲਈ ਦਵਾਈਆਂ, ਟੈਸਟ ਮੁਫਤ ਕਰਨ ਦੇ ਨਾਲ-ਨਾਲ 24 ਘੰਟੇ ਐਮਰਜੈਂਸੀ ਸੇਵਾਵਾਂ ਜਾਰੀ ਰੱਖਣ ਲਈ ਡਾਕਟਰ ਸਰਪਲਸ ਕਰਨ ਲਈ 1 ਹਜ਼ਾਰ ਤੋਂ ਵੱਧ ਨਵੇ ਸਰਜਨਾਂ ਦੀ ਭਰਤੀ ਵੀ ਜਲਦੀ ਕੀਤੀ ਜਾਵੇਗੀ ਤੇ ਸਾਰੇ ਹਸਪਤਾਲਾਂ ਨੂੰ ਏਅਰਕੰਡੀਸ਼ਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਅੰਦਰ 500 ਤੋਂ ਵੱਧ ਮੁਹੱਲਾ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ। ਜਿੱਥੇ ਰੋਜ਼ਾਨਾ ਔਸਤਨ 84 ਤੇ ਕਈ ਕਲੀਨਿਕਾਂ ’ਚ 150 ਦੇ ਕਰੀਬ ਲੋਕ ਆਪਣਾ ਚੈਕਅੱਪ ਕਰਵਾ ਰਹੇ ਹਨ ਜਦਕਿ ਪਹਿਲਾਂ ਡਿਸਪੈਂਸਰੀਆਂ ’ਚ ਇਹ ਗਿਣਤੀ ਸਿਰਫ 24 ਤੋਂ 25 ਹੀ ਸੀ। ਮੁਹੱਲਾ ਕਲੀਨਿਕਾਂ ’ਚ ਚੰਗੀਆਂ ਸਿਹਤ ਸਹੂਲਤਾਂ ਮਾਹਿਰ ਡਾਕਟਰ ਤੇ ਤਜ਼ਰਬੇਕਾਰ ਸਟਾਫ਼ ਦੀ ਮੌਜੂਦੀ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ। 

ਉਨ੍ਹਾਂ ਦੱਸਿਆ ਕਿ ਸਾਡਾ ਉਦੇਸ਼ ਹਸਪਤਾਲਾਂ, ਡਿਸਪੈਂਸਰੀਆਂ ਤੇ ਮੁਹੱਲਾ ਕਲੀਨਿਕਾਂ ’ਚ ਜਾ ਕੇ ਉਥੇ ਚੈਕਿੰਗ ਕਰਕੇ ਡਾਕਟਰਾਂ ਜਾਂ ਹੋ ਸਟਾਫ਼ ਉਪਰ ਦਬਾਅ ਬਣਾਉਣਾ ਨਹੀਂ ਸਗੋਂ ਉਥੇ ਜਾ ਕੇ ਸਾਹਮਣੇ ਆਉਣ ਵਾਲੀਆਂ ਕਮੀਆਂ ਨੂੰ ਦੂਰ ਕਰਕੇ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਭਵਾਨੀਗੜ੍ਹ ਬਲਾਕ ਕਾਫੀ ਵੱਡਾ ਹੈ ਇਸ ਲਈ ਸਰਕਾਰ ਵੱਲੋਂ ਜਲਦ ਇਥੇ ਹਸਪਤਾਲ ਅੰਦਰ 4 ਨਵੇ ਹੋਰ ਡਾਕਟਰਾਂ ਦੇ ਨਾਲ ਨਾਲ ਹੋਰ ਸਟਾਫ਼ ਦੀ ਤਾਇਨਾਤੀ ਕਰਕੇ ਕਮੀਆਂ ਵਾਲੀਆਂ ਸਿਹਤ ਸਹੂਲਤਾਂ ਨੂੰ ਦੂਰ ਕੀਤਾ ਜਾਵੇਗਾ ਤੇ ਹਸਪਤਾਲ ਅੰਦਰ ਨਵੀ ਇਮਾਰਤ ਦੀ ਉਸਾਰੀ ਕਰਵਾਈ ਜਾਵੇਗੀ ਤੇ ਪੁਰਾਣੀ ਇਮਾਰਤ ਨੂੰ ਰੰਗ ਰੋਗਣ ਕਰਵਾ ਕੇ ਇਸ ਦੀ ਦਿੱਖ ’ਚ ਸੁਧਾਰ ਕੀਤਾ ਜਾਵੇਗਾ। 


author

Gurminder Singh

Content Editor

Related News