ਇਹ ਕਿਹੋ ਜਿਹਾ ਆਜ਼ਾਦੀ ਦਿਹਾੜਾ, ਬੇਰੁਜ਼ਗਾਰਾਂ ਨੇ ਸਿੱਖਿਆ ਮੰਤਰੀ ਨੂੰ ਘੇਰਿਆ, ਪੁਲਸ ਨਾਲ ਧੱਕਾ ਮੁੱਕੀ ਦੌਰਾਨ ਉਤਰੀ ਪੱਗ
Monday, Aug 16, 2021 - 06:24 PM (IST)
ਸੰਗਰੂਰ (ਬੇਦੀ) : ਜਿੱਥੇ ਐਤਵਾਰ ਨੂੰ ਪੂਰੇ ਦੇਸ਼ ਵਿਚ ਸਤੰਤਰਤਾ ਦਿਵਸ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ। ਉੱਥੇ ਦੂਜੇ ਪਾਸੇ ਬੇਰੁਜ਼ਗਾਰ ਸੰਗਰੂਰ ਸਰਕਾਰੀ ਹਸਪਤਾਲ ਦੇ ਅੱਗੇ ਇਕੱਠੇ ਹੋ ਕੇ ਪੁਲਸ ਲਾਇਨ ਵੱਲ ਵਧੇ ਜਿੱਥੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਸੁਤੰਤਰਤਾ ਦਿਵਸ ਦੇ ਸੰਬੰਧ ਵਿਚ ਰਾਸ਼ਟਰੀ ਝੰਡਾ ਲਹਿਰਾ ਰਹੇ ਸਨ। ਸੰਗਰੂਰ ਪੁਲਸ ਵੱਲੋਂ ਬੇਰੁਜ਼ਗਾਰਾਂ ਨੂੰ ਬਰਨਾਲਾ ਕੈਂਚੀਆਂ ’ਚ ਬਣੇ ਓਵਰਬ੍ਰਿਜ ਤੇ ਬੈਰੀਕੇਡ ਲਾ ਕੇ ਰੋਕਿਆ ਗਿਆ, ਜਿੱਥੇ ਬੇਰੁਜ਼ਗਾਰਾਂ ਦੀ ਪੁਲਸ ਪ੍ਰਸ਼ਾਸਨ ਨਾਲ ਲੰਬਾ ਸਮਾਂ ਧੱਕਾ ਮੁੱਕੀ ਹੁੰਦੀ ਰਹੀ, ਉਪਰੰਤ ਬੇਰੁਜ਼ਗਾਰਾਂ ਨੇ ਓਵਰਬ੍ਰਿਜ ’ਤੇ ਹੀ ਧਰਨਾ ਸ਼ੁਰੂ ਕਰ ਦਿੱਤਾ। ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਪੁਲਸ ਲਾਈਨ ਵਿਖੇ ਝੰਡਾ ਲਹਿਰਾਉਣ ਉਪਰੰਤ ਜਿਉਂ ਹੀ ਸਥਾਨਕ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ’ਤੇ ਚਾਹ ਪੀਣ ਲਈ ਪਹੁੰਚੇ। ਸੂਹ ਮਿਲਣ ’ਤੇ ਧਰਨਾਕਾਰੀ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਵੱਲ ਵਧੇ ਜਿੱਥੇ ਧਰਨਾਕਾਰੀਆਂ ਨੂੰ ਰੋਕਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਬੈਰੀਕੇਡ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਇੱਥੇ ਬੇਰੁਜ਼ਗਾਰਾਂ ਦੀ ਪੁਲਸ ਪ੍ਰਸ਼ਾਸਨ ਵੱਲੋਂ ਕਾਫੀ ਖਿੱਚ ਧੂਹ ਕੀਤੀ ਗਈ ਜਿਸ ਦੌਰਾਨ ਇਕ ਬੇਰੁਜ਼ਗਾਰ ਕੁਲਵੰਤ ਸਿੰਘ ਦੀ ਪੱਗ ਉਤਰ ਗਈ। ਬੇਰੁਜ਼ਗਾਰਾਂ ਨੇ ਲਗਾਈਆਂ ਰੋਕਾਂ ਨੂੰ ਤੋੜ ਕੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅੱਗੇ ਪਹੁੰਚ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਤੇ ਧਰਨਾ ਲਗਾ ਲਿਆ।
ਜ਼ਿਕਰਯੋਗ ਹੈ ਕਿ ਧਰਨੇ ਕਾਰਨ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਡਿਪਟੀ ਕਮਿਸ਼ਨਰ ਦੀ ਸਰਕਾਰੀ ਰਿਹਾਇਸ਼ ਵਿਚ ਹੀ ਘਿਰ ਗਏ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸੰਗਰੂਰ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰਾਂ ਦੀ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਵਿਖੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਮੀਟਿੰਗ ਕਰਵਾਈ ਗਈ। ਮੀਟਿੰਗ ’ਚ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਬੇਰੁਜ਼ਗਾਰਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਸੰਗਰੂਰ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਸਾਂਝੇ ਮੋਰਚੇ ਵਿਚ ਸ਼ਾਮਿਲ ਸਮੁੱਚੀਆਂ ਜਥੇਬੰਦੀਆਂ ਦੀਆਂ ਸਾਰੀਆਂ ਮੰਗਾਂ ਸੰਬੰਧੀ 18 ਅਗਸਤ ਨੂੰ ਸਿੱਖਿਆ ਮੰਤਰੀ ਨਾਲ ਪੈੱਨਲ ਮੀਟਿੰਗ ਤੈਅ ਕਰਵਾਈ ਗਈ। ਇਸ ਤੋਂ ਬਾਅਦ ਬੇਰੁਜ਼ਗਾਰ ਮਾਰਚ ਕਰ ਕੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਚੱਲ ਰਹੇ ਪੱਕੇ ਮੋਰਚੇ ’ਤੇ ਪਹੁੰਚੇ ਜਿੱਥੇ ਗੁਰਪ੍ਰੀਤ ਵਾਂਦਰ ਜਟਾਣਾ ਨੇ ਇਨਕਲਾਬੀ ਬੋਲੀਆਂ ਪਾਈਆਂ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾਈ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਜਗਸੀਰ ਸਿੰਘ ਘੁਮਾਣ, ਕ੍ਰਿਸ਼ਨ ਸਿੰਘ ਨਾਭਾ ਅਤੇ ਹਰਜਿੰਦਰ ਸਿੰਘ ਝੁਨੀਰ ਨੇ ਕਿਹਾ ਕਿ ਅਖੌਤੀ ਕਾਰਪੋਰੇਟ ਘਰਾਣਿਆਂ ਪੱਖੀ ਅਜ਼ਾਦੀ ਦੇ ਸਤਾਏ ਬੇਰੁਜ਼ਗਾਰ ਨੌਜਵਾਨ ਸੜਕਾਂ ’ਤੇ ਰੁਲ ਰਹੇ ਹਨ ਅਤੇ ਅੰਗਰੇਜ਼ਾਂ ਦੇ ਦਲਾਲ ਸੱਤਾ ਮਾਣ ਰਹੇ ਹਨ। ਉਨ੍ਹਾਂ ਭਗਤ ਸਿੰਘ ਦੇ ਬੋਲਾਂ ਦਾ ਹਵਾਲਾ ਵੀ ਦਿੱਤਾ ਜਿਨ੍ਹਾਂ ਅਨੁਸਾਰ ਕਾਂਗਰਸ ਦੇ ਸੱਤਾ ਸੰਭਾਲਣ ਉਪਰੰਤ ਵੀ ਲੋਕਾਈ ਦੀ ਭਲਾਈ ਨਹੀਂ ਹੋਵੇਗੀ ਦਾ ਅੰਦੇਸ਼ਾ ਜਿਤਾਇਆ ਗਿਆ ਸੀ।