ਸੂਬਾ ਸਰਕਾਰ ਨੇ 4 ਸੜਕਾਂ ਕੀਤੀਆਂ ਟੋਲ ਫ੍ਰੀ, ਮੰਤਰੀ ਈ.ਟੀ.ਓ. ਨੇ ਦੱਸੀਆਂ ਸਰਕਾਰ ਦੀਆਂ ਪਹਿਲਕਦਮੀਆਂ

Thursday, Mar 16, 2023 - 09:46 PM (IST)

ਚੰਡੀਗੜ੍ਹ : ਆਮ ਆਦਮੀ ਨੂੰ ਰਾਹਤ ਦੇਣ ਦੇ ਮੰਤਵ ਨਾਲ ਪੰਜਾਬ ਦੇ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਨੇ ਸੂਬੇ ਦੀਆਂ ਚਾਰ ਸੜਕਾਂ ਨੂੰ ਯਾਤਰੀਆਂ ਲਈ ਟੋਲ ਫਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੂਬੇ ਭਰ ਵਿੱਚ 509 ਕਰੋੜ ਰੁਪਏ ਦੀ ਲਾਗਤ ਨਾਲ 3571 ਕਿਲੋਮੀਟਰ ਲਿੰਕ ਸੜਕਾਂ ਦਾ ਨਵੀਨੀਕਰਨ ਅਤੇ ਵਿਸ਼ੇਸ਼ ਮੁਰੰਮਤ ਕੀਤੀ ਗਈ ਹੈ। ਪੰਜਾਬ ਸਰਕਾਰ ਦੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਲੁਧਿਆਣਾ-ਮਾਲੇਰਕੋਟਲਾ, ਹੁਸ਼ਿਆਰਪੁਰ-ਟਾਂਡਾ, ਮੱਖੂ ਵਿਖੇ ਹਾਈ ਲੈਵਲ ਬ੍ਰਿਜ, ਬਲਾਚੌਰ-ਗੜ੍ਹਸ਼ੰਕਰ-ਹੁਸ਼ਿਆਰਪੁਰ ਸੜਕਾਂ ਨੂੰ ਯਾਤਰੀਆਂ ਲਈ ਟੋਲ ਫਰੀ ਕਰ ਦਿੱਤਾ ਗਿਆ ਹੈ। ਇਨ੍ਹਾਂ ਟੋਲ ਪਲਾਜ਼ਿਆਂ ਦੇ ਠੇਕਿਆਂ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਪਰ ਕੰਪਨੀਆਂ ਇਸ ਨੂੰ ਵਧਾਉਣ ਲਈ ਕਈ ਜੋੜ-ਤੋੜ ਲਾ ਰਹੀਆਂ ਸਨ।

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ 'ਚ DGP ਦਾ ਵੱਡਾ ਖ਼ੁਲਾਸਾ, ਮੀਡੀਆ ਅੱਗੇ ਖੋਲ੍ਹ ਦਿੱਤੀਆਂ ਇਹ ਗੱਲਾਂ (ਵੀਡੀਓ)

ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਸੂਬਾ ਸਰਕਾਰ ਨੇ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਟੋਲ ਪਲਾਜ਼ੇ ਬੰਦ ਕਰ ਦਿੱਤੇ ਜਾਣਗੇ ਕਿਉਂਕਿ ਸੂਬਾ ਸਰਕਾਰ ਪਹਿਲਾਂ ਹੀ ਅਜਿਹੇ ਸਾਰੇ ਡਿਫਾਲਟਰਾਂ ਦੀ ਸੂਚੀ ਤਿਆਰ ਕਰ ਰਹੀ ਹੈ। ਆਪਣੇ ਨਿੱਜੀ ਸਵਾਰਥਾਂ ਖ਼ਾਤਰ ਪੰਜਾਬ ਦੀਆਂ ਸੜਕਾਂ ਨੂੰ ਗਿਰਵੀ ਰੱਖ ਕੇ ਲੋਕਾਂ 'ਤੇ ਵਾਧੂ ਬੋਝ ਪਾਉਣ ਲਈ ਪੁਰਾਣੀਆਂ ਸਰਕਾਰਾਂ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਇਸ ਬੋਝ ਤੋਂ ਰਾਹਤ ਦਿਵਾਉਣ ਲਈ ਹਰ ਸੰਭਵ ਕਦਮ ਚੁੱਕੇਗੀ।

ਇਹ ਵੀ ਪੜ੍ਹੋ : ਜੇਲ੍ਹ 'ਚ ਬੰਦ Lawrence Bishnoi ਨੂੰ ਮਿਲਣ ਪੁੱਜੀਆਂ 2 ਕੁੜੀਆਂ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਵਿਭਾਗ ਵੱਲੋਂ ਕੀਤੀਆਂ ਗਈਆਂ ਅਜਿਹੀਆਂ ਹੋਰ ਪਹਿਲਕਦਮੀਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਵਿੱਤੀ ਸਾਲ 2022-23 ਦੌਰਾਨ 215 ਮੁੱਢਲੇ ਸਿਹਤ ਕੇਂਦਰਾਂ ਨੂੰ ਅਪਗ੍ਰੇਡ ਕਰਕੇ ਅਤੇ 65 ਸੇਵਾ ਕੇਂਦਰਾਂ ਨੂੰ ਤਬਦੀਲ ਕਰਕੇ ਆਮ ਆਦਮੀ ਕਲੀਨਿਕਾਂ ਵਿੱਚ ਬਦਲ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਿਸ਼ੇਸ਼ ਸਹਾਇਤਾ ਸਕੀਮ ਅਧੀਨ 86.70 ਕਰੋੜ ਰੁਪਏ ਦੀ ਲਾਗਤ ਨਾਲ 166 ਕਿਲੋਮੀਟਰ ਸੜਕੀ ਹਿੱਸੇ ਦਾ ਕੰਮ ਮੁਕੰਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲਿੰਕ ਸੜਕਾਂ ਦੇ ਪ੍ਰੋਜੈਕਟਾਂ ਅਧੀਨ ਮੁਕੰਮਲ ਅਤੇ ਚੱਲ ਰਹੇ ਕੰਮਾਂ ‘ਤੇ 509 ਕਰੋੜ ਰੁਪਏ ਦੀ ਲਾਗਤ ਨਾਲ 3571 ਕਿਲੋਮੀਟਰ ਸੜਕੀ ਹਿੱਸੇ ਦਾ ਕੰਮ ਮੁਕੰਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਹੁਣ ਬਿਨਾਂ ਖ਼ਰਚੇ ਦੇ ਛੱਤਾਂ 'ਤੇ ਲਗਵਾਓ ਸੋਲਰ ਪਾਵਰ ਪਲਾਂਟ, ਜਲਦੀ ਕਰੋ ਕਿਤੇ ਤਾਰੀਖ਼ ਨਾ ਨਿਕਲ ਜਾਵੇ... 

ਹੋਰ ਲੋਕ ਪੱਖੀ ਪ੍ਰਾਜੈਕਟਾਂ ਨੂੰ ਉਜਾਗਰ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਜੀ-20 ਮੀਟਿੰਗਾਂ ਲਈ ਸਕੂਲਾਂ, ਹੈਰੀਟੇਜ ਗੇਟਾਂ ਅਤੇ ਗਲੀਆਂ ਦਾ ਨਵੀਨੀਕਰਨ, ਸੜਕਾਂ ਨੂੰ ਚਹੁੰ-ਮਾਰਗੀ ਬਣਾਉਣ ਅਤੇ ਸਜਾਵਟੀ ਫੁੱਲ-ਬੂਟੇ ਲਾ ਕੇ ਸੁੰਦਰੀਕਰਨ ਵਰਗੇ ਸਮਾਂਬੱਧ ਕੰਮ ਮੁਕੰਮਲ ਕਰ ਲਏ ਗਏ ਹਨ।  ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਵੱਖ-ਵੱਖ ਸਰਕਾਰੀ ਇਮਾਰਤਾਂ, ਹਸਪਤਾਲਾਂ ਅਤੇ ਜਨਤਕ ਇਮਾਰਤਾਂ ਦੀ ਮੁਰੰਮਤ ਅਤੇ ਰੱਖ-ਰਖਾਅ ਦਾ ਕੰਮ ਵੱਡੇ ਪੱਧਰ 'ਤੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਚੱਲ ਰਹੇ ਅਤੇ ਮੁਕੰਮਲ ਹੋਏ ਕੰਮਾਂ 'ਤੇ 411 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਪਿੰਡਾਂ ਵਿੱਚ 373 ਕਿਲੋਮੀਟਰ ਸੜਕੀ ਹਿੱਸੇ ਦਾ ਨਵੀਨੀਕਰਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : CTU 'ਚ ਨੌਕਰੀ ਕਰਨ ਦੇ ਇੱਛੁਕ ਡਰਾਈਵਰਾਂ-ਕੰਡਕਟਰਾਂ ਲਈ ਖ਼ੁਸ਼ਖ਼ਬਰੀ, 6 ਸਾਲਾਂ ਬਾਅਦ ਨਿਕਲੀ ਸਿੱਧੀ ਭਰਤੀ

ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ 58.26 ਕਰੋੜ ਰੁਪਏ ਦੀ ਲਾਗਤ ਨਾਲ 28 ਐੱਚ.ਐੱਲ.ਬੀਜ਼/ਆਰ.ਓ.ਬੀਜ਼/ਆਰ.ਯੂ.ਬੀਜ਼ 'ਤੇ ਕੰਮ ਚੱਲ ਰਿਹਾ ਹੈ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਵਿਭਾਗ ਨੇ ਵੱਖ-ਵੱਖ ਕਾਰਜਾਂ ਦੇ ਬਿੱਲ ਤਿਆਰ ਕਰਨ ਅਤੇ ਜਮ੍ਹਾਂ ਕਰਾਉਣ ਲਈ ਇੱਕ ਇੰਜੀਨੀਅਰਿੰਗ ਅਤੇ ਪ੍ਰੋਜੈਕਟ ਮੈਨੇਜ਼ਮੈਂਟ ਮਾਡਿਊਲ ਲਾਗੂ ਕੀਤਾ ਹੈ ਤਾਂ ਜੋ ਸਮੁੱਚੇ ਕੰਮਕਾਜ ਨੂੰ ਪ੍ਰਭਾਵਸ਼ਾਲੀ, ਕੁਸ਼ਲ ਅਤੇ ਪਾਰਦਰਸ਼ੀ ਢੰਗਾਂ ਨਾਲ ਬਿਹਤਰ ਬਣਾਇਆ ਜਾ ਸਕੇ।


Mandeep Singh

Content Editor

Related News