ਲੁਧਿਆਣਾ : ''ਮਿੰਨੀ ਮੈਰਾਥਨ'' ''ਚ 111 ਦੌੜਾਕਾਂ ਨੇ ਲਿਆ ਹਿੱਸਾ

Sunday, Aug 26, 2018 - 11:30 AM (IST)

ਲੁਧਿਆਣਾ : ''ਮਿੰਨੀ ਮੈਰਾਥਨ'' ''ਚ 111 ਦੌੜਾਕਾਂ ਨੇ ਲਿਆ ਹਿੱਸਾ

ਲੁਧਿਆਣਾ (ਹਿਤੇਸ਼) : ਦੇਸ਼ ਦੇ 72ਵੇਂ ਆਜ਼ਾਦੀ ਦਿਹਾੜੇ ਦੀ ਖੁਸ਼ੀ 'ਚ ਭਾਰਤੀ ਫੌਜ ਵੱਲੋਂ ਸਥਾਨਕ ਢੋਲੇਵਾਲ ਮਿਲਟਰੀ ਕੰਪਲੈਕਸ ਵਿਖੇ ਮਿਲਟਰੀ ਬੈਂਡ ਅਤੇ ਐਰੋ ਮਾਡਲ ਟੀਮਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਸਵੇਰੇ ਸ਼ਹਿਰ ਵਿੱਚ ਮਿੰਨੀ ਮੈਰਾਥੋਨ ਵੀ ਦੌੜੀ ਗਈ, ਜਿਸ ਵਿੱਚ ਸ਼ਹਿਰ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ 111 ਦੌੜਾਕਾਂ ਨੇ ਹਿੱਸਾ ਲਿਆ।  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਢੋਲੇਵਾਲ ਮਿਲਟਰੀ ਕੰਪਲੈਕਸ ਦੇ ਪ੍ਰਮੁੱਖ ਬ੍ਰਿਗੇਡੀਅਰ ਮਨੀਸ਼ ਅਰੋੜਾ ਨੇ ਦੱਸਿਆ ਕਿ ਇਸ ਸਮਾਗਮ ਦਾ ਆਯੋਜਨ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਦਾ ਵਿਸਥਾਰ ਕਰਨ ਅਤੇ ਦੇਸ਼ ਵਾਸੀਆਂ ਨੂੰ ਭਾਰਤੀ ਫੌਜ ਦੀ ਸਮਰੱਥਾ ਤੋਂ ਜਾਣੂੰ ਕਰਵਾਉਣਾ ਸੀ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਬ੍ਰਿਗੇਡੀਅਰ ਅਰੋੜਾ ਨੇ ਭਾਰਤੀ ਵਾਸੀਆਂ ਨੂੰ ਕਿਹਾ ਕਿ ਭਾਰਤੀ ਫੌਜ ਦੇਸ਼ ਦੀ ਹਰ ਪੱਖੋਂ ਸੁਰੱਖਿਆ ਕਰਨ ਅਤੇ ਰਾਸ਼ਟਰੀ ਕਾਰਜਾਂ ਨੂੰ ਸਿਰੇ ਚਾੜਨ ਦੇ ਪੂਰੀ ਤਰ੍ਹਾਂ ਸਮਰੱਥ ਹੈ। ਹਰੇਕ ਦੇਸ਼ ਵਾਸੀ ਨੂੰ ਭਾਰਤੀ ਫੌਜ ਅਤੇ ਇਸ ਦੀ ਸਮਰੱਥਾ 'ਤੇ ਮਾਣ ਹੋਣਾ ਚਾਹੀਦਾ ਹੈ।

ਇਸ ਮੌਕੇ ਉਨ੍ਹਾਂ ਸਕੂਲਾਂ ਦੇ ਬੱਚਿਆਂ ਨੂੰ ਭਾਰਤੀ ਫੌਜ ਦਾ ਹਿੱਸਾ ਬਣਨ ਲਈ ਯਤਨ ਕਰਨ ਦਾ ਵੀ ਸੱਦਾ ਦਿੱਤਾ।  ਇਸ ਤੋਂ ਪਹਿਲਾਂ ਸਵੇਰੇ-ਸਵੇਰੇ ਢੋਲੇਵਾਲ ਮਿਲਟਰੀ ਕੰਪਲੈਕਸ ਤੋਂ ਮਿੰਨੀ ਮੈਰਾਥੋਨ ਕਰਵਾਈ ਗਈ, ਜੋ ਕਿ ਢੋਲੇਵਾਲ ਚੌਕ, ਵਿਸ਼ਵਕਰਮਾ ਚੌਕ, ਮੁੜ ਢੋਲੇਵਾਲ ਚੌਕ, ਸ਼ੇਰਪੁਰ ਚੌਕ ਹੁੰਦੀ ਹੋਈ ਵਾਪਸ ਢੋਲੇਵਾਲ ਮਿਲਟਰੀ ਕੰਪਲੈਕਸ ਵਿਖੇ ਖ਼ਤਮ ਹੋਈ। ਇਸ ਦੌੜ ਵਿੱਚ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਦੌੜਾਕ ਰੌਬਿਨ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਜਿਸ ਨੂੰ 5000 ਰੁਪਏ ਨਕਦ ਰਾਸ਼ੀ, ਮੈਡਲ ਅਤੇ ਸਰਟੀਫਿਕੇਟ ਨਾਲ ਨਿਵਾਜ਼ਿਆ, ਇਸ ਤੋਂ ਇਲਾਵਾ ਸਿਪਾਹੀ ਲਖ਼ਬੀਰ ਸਿੰਘ ਅਤੇ ਸਿਪਾਹੀ ਜਗਦੀਪ ਸਿੰਘ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਜਿਨ੍ਹਾਂ ਨੂੰ ਕ੍ਰਮਵਾਰ 3000 ਰੁਪਏ ਅਤੇ 2000 ਰੁਪਏ ਦੇ ਨਗਦ ਇਨਾਮਾਂ ਦੇ ਨਾਲ-ਨਾਲ ਮੈਡਲਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। 

ਇਸ ਦੌਰਾਨ ਕੰਪਲੈਕਸ ਵਿਖੇ ਮਿਲਟਰੀ ਦੇ ਬੈਂਡ ਅਤੇ ਐਰੋ ਮਾਡਲ ਟੀਮਾਂ ਵੱਲੋਂ ਦਿਖਾਏ ਗਏ ਕਰਤੱਬਾਂ ਨਾਲ ਹਾਜ਼ਰੀਨ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਮਿਲਟਰੀ ਬੈਂਡ ਦੀਆਂ ਧੁਨਾਂ ਨੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ਕਰਨਲ ਤਪਨ ਚੌਹਾਨ, ਸੇਵਾਮੁਕਤ ਮੇਜਰ ਐੱਸ. ਐੱਸ. ਰਾਣਾ, ਵੱਡੀ ਗਿਣਤੀ ਵਿੱਚ ਸਕੂਲਾਂ ਦੇ ਬੱਚੇ ਅਤੇ ਫੌਜ ਦੇ ਅਧਿਕਾਰੀ ਕਰਮਚਾਰੀ ਅਤੇ ਉਨ•ਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।  


Related News