ਫੌਜੀ ਦੇ ਘਰ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ
Monday, Mar 04, 2024 - 02:23 PM (IST)
ਤਪਾ ਮੰਡੀ (ਸ਼ਾਮ,ਗਰਗ) : ਸਥਾਨਕ ਪੁਰਾਣਾ ਬਾਜ਼ਾਰ ’ਚ ਇਕ ਫੌਜੀ ਦੇ ਘਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਘਰੇਲੂ ਸਮਾਨ ਸੜਕੇ ਸੁਆਹ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਸੰਬੰਧੀ ਫੌਜੀ ਲਹਿਬਰ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਅਤੇ ਉਸ ਦੀ ਭੈਣ ਮਨਪ੍ਰੀਤ ਕੌਰ ਪਤਨੀ ਕੁਲਵੰਤ ਸਿੰਘ ਇੱਕੋ ਘਰ ਵਿਆਹੀ ਹੋਈ ਹੈ, ਉਸ ਦਾ ਜੀਜਾ ਵਿਦੇਸ਼ ਗਿਆ ਹੋਇਆ ਹੈ, ਜਦੋਂ 2-3 ਮਾਰਚ ਦੀ ਦਰਮਿਆਨੀ ਰਾਤ ਨੂੰ ਆਪਣੇ ਸਾਰੇ ਬੱਚਿਆਂ ਨਾਲ ਸੁੱਤੇ ਪਏ ਸੀ ਤਾਂ ਬੱਚਿਆਂ ਨੂੰ ਖੰਘ ਲੱਗਣ ਕਾਰਨ ਜਦ ਸ਼ਟਰ ਖੋਲ੍ਹ ਕੇ ਪਾਣੀ ਪਿਲਾਉਣ ਲਈ ਗਈ ਤਾਂ ਲੱਗੀ ਅੱਗ ਦਾ ਭਾਂਬੜ ਇੱਕਦਮ ਦੇਖਿਆ ਤਾਂ ਉਸ ਨੇ ਤੁਰੰਤ ਗੁਆਂਢੀਆਂ ਨੂੰ ਸੂਚਨਾ ਦਿੱਤੀ ਤਾਂ ਉਨ੍ਹਾਂ ਤੁਰੰਤ ਘਰ ਆਏ ਤਾਂ ਅੱਗ ਲੱਗੀ ਦੇਖ ਪਾਣੀ ਦੀਆਂ ਬਾਲਟੀਆਂ ਅਤੇ ਸਬਮਰਸੀਬਲ ਚਲਾ ਕੇ ਅੱਗ ਬੁਝਾਉਣ ਲਈ ਲੱਗੇ, ਵੱਡੀ ਗਿਣਤੀ ’ਚ ਲੋਕਾਂ ਦਾ ਇਕੱਠ ਹੋ ਗਿਆ ਜਿਨ੍ਹਾਂ ਕਾਫੀ ਸੰਘਰਸ ਬਾਅਦ ਅੱਗ ਤੇ ਕਾਬੂ ਪਾਇਆ ਅਤੇ ਇਸ ਅੱਗ ’ਚ ਉਨ੍ਹਾਂ ਦੀ ਲੱਖ ਰੁਪਏ ਦੇ ਕਰੀਬ ਨਵੀਂ ਸਕੂਟਰੀ, ਵਾਸ਼ਿੰਗ ਮਸ਼ੀਨ, ਕੂਲਰ, ਫਿਲਟਰ, 2 ਮੰਜੇ, ਮੋਟਰਸਾਈਕਲ ਅਤੇ ਘਰ ਦੇ ਦਰਵਾਜ਼ੇ ਅਤੇ ਹੋਰ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ, ਜਿਨ੍ਹਾਂ ਦੀ ਕੀਮਤ ਦੋ ਲੱਖ ਰੁਪਏ ਦੇ ਕਰੀਬ ਬਣਦੀ ਹੈ ਨੁਕਸਾਨ ਹੋ ਗਿਆ।
ਪੀੜਤਾ ਮਨਪ੍ਰੀਤ ਕੌਰ ਅਤੇ ਗੁਰਪ੍ਰੀਤ ਕੌਰ ਨੇ ਦੱਸਿਆ ਕਿ 11 ਵਜੇ ਦੇ ਕਰੀਬ ਘਰ ਦੀ ਲਾਈਟ ਅੱਖ ਮਟੱਕੇ ਮਾਰਦੀ ਰਹੀ ਜਿਸ ਤੋਂ ਲੱਗਦਾ ਹੈ ਕਿ ਇਹ ਅੱਗ ਬਿਜਲੀ ਸਪਾਰਕਿੰਗ ਨਾਲ ਲੱਗੀ ਹੈ। ਇਸ ਮੌਕੇ ਹਾਜ਼ਰ ਲੋਕਾਂ ਬਲਵੀਰ ਕੌਰ, ਗੌਰਵ ਦੀਕਸ਼ਿਤ, ਹਰਵਿੰਦਰ ਕੌਰ ਤੇ ਜਸਵਿੰਦਰ ਕੌਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹੋਏ ਨੁਕਸਾਨ ਦੀ ਭਰਵਾਈ ਲਈ ਸਰਕਾਰ ਗਿਰਦਾਵਰੀ ਕਰਵਾਕੇ ਮੁਆਵਜ਼ਾ ਦੇਵੇ।