ਡੇਰਾਬੱਸੀ ''ਚ ਗਿਫ਼ਟ ਸ਼ਾਪ ਤੇ ਘਰ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

Monday, Feb 17, 2025 - 04:02 PM (IST)

ਡੇਰਾਬੱਸੀ ''ਚ ਗਿਫ਼ਟ ਸ਼ਾਪ ਤੇ ਘਰ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਡੇਰਾਬੱਸੀ (ਅਨਿਲ ਸ਼ਰਮਾ) : ਡੇਰਾਬੱਸੀ ਸ਼ਹਿਰ ਦੇ ਪੁਰਾਣੇ ਬਾਜ਼ਾਰ 'ਚ ਅੱਜ ਸਵੇਰੇ ਕਰੀਬ 6 ਵਜੇ ਦੌਰਾਨ ਇੱਕ ਗਿਫ਼ਟ ਸ਼ਾਪ ਸਮੇਤ ਘਰ 'ਚ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਦੁਕਾਨ ਦੇ ਮਾਲਕ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਜਦੋਂ ਉਸਨੇ ਸਵੇਰੇ ਦੁਕਾਨ 'ਚ ਅੱਗ ਦੀਆਂ ਲਪਟਾਂ ਵੇਖੀਆਂ ਤਾਂ ਉਹ ਤੁਰੰਤ ਫਾਇਰ ਬ੍ਰਿਗੇਡ ਦਫ਼ਤਰ ਪਹੁੰਚਿਆ, ਜੋ ਕਿ ਨੇੜੇ ਹੀ ਸਥਿਤ ਹੈ। ਉਹ ਉੱਥੇ ਗਿਆ ਅਤੇ ਅੱਗ ਲੱਗਣ ਬਾਰੇ ਦੱਸਿਆ, ਜਿਸ ਤੋਂ ਬਾਅਦ ਘਟਨਾ ਵਾਲੀ ਥਾਂ ਦੀਆਂ ਤੰਗ ਗਲੀਆਂ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ 'ਤੇ ਪਹੁੰਚਣ ਲਈ ਕਾਫੀ ਮੁਸ਼ੱਕਤ ਕਰਨੀ ਪਈ।

ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਥੋੜ੍ਹੀ ਦੂਰੀ ਤੋਂ ਪਾਈਪਾਂ ਜੋੜ ਕੇ ਅੱਗ 'ਤੇ ਕਾਬੂ ਪਾਇਆ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ਬੁਝਾਈ ਗਈ ਪਰ ਉਦੋਂ ਤੱਕ ਦੁਕਾਨ ਵਿੱਚ ਰੱਖਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਅੱਗ ਲੱਗਣ ਨਾਲ ਨਾ ਸਿਰਫ਼ ਗਿਫਟ ਸ਼ਾਪ ਨੂੰ ਨੁਕਸਾਨ ਪਹੁੰਚਿਆ, ਸਗੋਂ ਨੇੜਲੀਆਂ ਹੋਰ ਦੁਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ। ਦੁਕਾਨ ਦੇ ਸਾਹਮਣੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਅੱਗ ਲੱਗ ਗਈ ਅਤੇ ਉਹ ਪੂਰੀ ਤਰ੍ਹਾਂ ਸੜ ਗਏ।

ਇਸ ਦੇ ਨਾਲ ਹੀ ਅੱਗ ਦੁਕਾਨ ਦੇ ਪਿੱਛੇ ਸਥਿਤ ਰਾਕੇਸ਼ ਸ਼ਰਮਾ ਦੇ ਘਰ 'ਚ ਵੀ ਫੈਲ ਗਈ, ਜਿਸ ਕਾਰਨ ਉੱਥੇ ਰੱਖਿਆ ਸਾਰਾ ਸਮਾਨ ਸੜ ਗਿਆ। ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਇਸ ਅੱਗ 'ਚ ਉਨ੍ਹਾਂ ਦਾ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਸਦੀ ਦੁਕਾਨ ਵਿੱਚ ਗਿਫਟ ਆਈਟਮਾਂ, ਖਿਡੌਣੇ, ਸ਼ਿੰਗਾਰ ਸਮੱਗਰੀ ਅਤੇ ਹੋਰ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਦਾ ਗੋਦਾਮ ਸੀ, ਜੋ ਪੂਰੀ ਤਰ੍ਹਾਂ ਸੜ ਗਈਆਂ।


author

Babita

Content Editor

Related News