ਘਰ ''ਚ ਲੱਗੀ ਕੁੰਡੀ ਫੜਨ ਗਏ ਲਾਈਨਮੈਨ ਨੂੰ ਅੰਦਰ ਡੱਕ ਕੇ ਚਾੜ੍ਹਿਆ ਕੁਟਾਪਾ, ''ਜੀਜਾ'' ਕਹਿ ਕੇ ਛੁਡਾਈ ਜਾਨ
Tuesday, Feb 18, 2025 - 11:18 PM (IST)

ਗੋਨਿਆਣਾ (ਗੋਰਾ ਲਾਲ)- ਪੰਜਾਬ ਦੇ ਬਠਿੰਡਾ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗੋਨਿਆਣਾ ਸਬ-ਡਵੀਜ਼ਨ ਦੇ ਅਧੀਨ ਕੰਮ ਕਰਨ ਵਾਲੇ ਸਹਾਇਕ ਲਾਈਨਮੈਨ ਸਤਵੀਰ ਸਿੰਘ (ਪੈਸਕੋ) ਨੂੰ ਡਿਊਟੀ ਦੌਰਾਨ ਇਕ ਵਿਅਕਤੀ ਨੇ ਆਪਣੇ ਘਰ ਅੰਦਰ ਬੰਦੀ ਬਣਾ ਕੇ ਉਸ ਦੀ ਕੁੱਟਮਾਰ ਕੀਤੀ।
ਹਸਪਤਾਲ ’ਚ ਜ਼ੇਰੇ ਇਲਾਜ ਸਤਵੀਰ ਸਿੰਘ ਸਹਾਇਕ ਲਾਈਨਮੈਨ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਾਰਡ ਨੰਬਰ 4, ਕੁੱਕੂ ਪੱਤਰਕਾਰ ਵਾਲੀ ਗਲੀ ’ਚ ਗੁਰਪ੍ਰੀਤ ਸਿੰਘ ਨੇ ਆਪਣੇ ਘਰ ਅੰਦਰ ਸਿੱਧੀ ਕੁੰਡੀ ਲਗਾ ਰੱਖੀ ਹੈ। ਇਸ ਦੌਰਾਨ ਜਦੋਂ ਉਹ ਉਸ ਨੂੰ ਚੈੱਕ ਕਰਨ ਲਈ ਗਿਆ ਤੇ ਕੁੰਡੀ ਦੇਖ ਜਦੋਂ ਉਸ ਨੇ ਉਸ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰਪ੍ਰੀਤ ਸਿੰਘ ਨੇ ਉਸ ਦਾ ਮੋਬਾਈਲ ਖੋਹ ਲਿਆ ਅਤੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ।
ਇਸ ਦੌਰਾਨ ਮੁਲਜ਼ਮ ਨੇ ਕਿਹਾ, ''ਤੂੰ ਮੇਰੇ ਘਰ ਅੰਦਰ ਦਾਖਲ ਹੋਣ ਵਾਲਾ ਹੁੰਦਾ ਕੌਣ ਹੈ। ਮੈਂ ਸਿੱਧੀ ਕੁੰਡੀ ਲਗਾਈ ਹੈ, ਮੈਨੂੰ ਕੋਈ ਵੀ ਨਹੀਂ ਰੋਕ ਸਕਦਾ।'' ਇਸ 'ਤੇ ਜਦੋਂ ਲਾਈਨਮੈਨ ਨੇ ਖਹਿੜਾ ਛੁਡਾ ਕੇ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਆਪਣੇ ਸਾਥੀ ਨੂੰ ਕਹਿ ਕੇ ਦਰਵਾਜ਼ਾ ਬੰਦ ਕਰ ਲਿਆ।
ਦਰਵਾਜ਼ਾ ਬੰਦ ਕਰਨ ਤੋਂ ਬਾਅਦ ਉਨ੍ਹਾਂ ਨੇ ਲਾਈਨਮੈਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਗਾਲੀ-ਗਲੋਚ ਕੀਤਾ। ਉਨ੍ਹਾਂ ਇਹ ਵੀ ਕਿਹਾ ਅਤੇ ਕਿਹਾ ਕਿ ਅਸੀਂ ਇਸੇ ਤਰ੍ਹਾਂ ਹੀ ਕੁੰਡੀ ਲਗਾਉਂਦੇ ਰਹਾਂਗੇ। ਇਸ ਮਗਰੋਂ ਉਸ ਨੇ ਲਾਈਨਮੈਨ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਮੁਲਜ਼ਮ ਨੇ ਕਿਹਾ ਕਿ ਉਹ ਉਸ ਨੂੰ 'ਜੀਜਾ' ਕਹੇ, ਤਾਂ ਹੀ ਉਸ ਨੂੰ ਜਾਣ ਦੇਵੇਗਾ। ਅੰਤ ਉਸ ਨੇ ਜੀਜਾ ਕਹਿ ਕੇ ਖਹਿੜਾ ਛੁਡਵਾਇਆ।
ਇਹ ਵੀ ਪੜ੍ਹੋ- ਠੱਗ ਏਜੰਟਾਂ ਦਾ ਹਾਲ ; ਵਿਦੇਸ਼ 'ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਵੇਚ'ਤੀ ਪੰਜਾਬ ਦੀ ਧੀ, ਰੂਹ ਕੰਬਾ ਦੇਵੇਗੀ ਹੱਡ-ਬੀਤੀ
ਮੌਕੇ ’ਤੇ ਪਹੁੰਚੇ ਚੌਕੀ ਇੰਚਾਰਜ ਮੋਹਨਦੀਪ ਸਿੰਘ ਬੰਗੀ ਅਤੇ ਸੂਰਜ ਭਾਨ ਜੂਨੀਅਰ ਇੰਜੀਨੀਅਰ ਨੇ ਲਾਈਨਮੈਨ ਨੂੰ ਮੁਲਜ਼ਮ ਦੇ ਚੁੰਗਲ ’ਚੋਂ ਬਾਹਰ ਕੱਢਿਆ ਅਤੇ ਉਸ ਨੂੰ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਗੋਨਿਆਣਾ ਵਿਖੇ ਦਾਖਲ ਕਰਵਾਇਆ, ਜਿਸ ਤੋਂ ਬਾਅਦ ਡਾਕਟਰ ਨੇ ਉਸ ਨੂੰ ਬਠਿੰਡਾ ਵਿਖੇ ਰੈਫਰ ਕਰ ਦਿੱਤਾ।
ਐੱਸ.ਡੀ.ਓ. ਕੇਵਲ ਕ੍ਰਿਸ਼ਨ ਸੇਠੀ ਨੇ ਵੀ ਥਾਣਾ ਮੁਖੀ ਨੂੰ ਲਿਖ ਕੇ ਮੰਗ ਕੀਤੀ ਹੈ ਕਿ ਸਾਡਾ ਮੁਲਾਜ਼ਮ ਚੋਰੀ ਨੂੰ ਟ੍ਰੇਸ ਕਰਨ ਲਈ ਗਿਆ ਸੀ ਤੇ ਕੁਝ ਵਿਅਕਤੀਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਨ੍ਹਾਂ ਵਿਅਕਤੀਆਂ ਖਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਇਸ ਸਬੰਧੀ ਜਦੋਂ ਮੋਹਨਦੀਪ ਸਿੰਘ ਚੌਕੀ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਬਿਆਨ ਦਰਜ ਕਰ ਕੇ ਮੁਲਜ਼ਮਾਂ ਖਿਲਾਫ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰੇ ਭਿਆਨਕ ਹਾਦਸੇ ਨੇ ਉਜਾੜ'ਤੀ ਔਰਤ ਦੀ ਦੁਨੀਆ, ਅੱਖਾਂ ਸਾਹਮਣੇ ਪਤੀ ਨੇ ਤੋੜਿਆ ਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e