ਸਰਕਾਰ ਬਦਲਦੇ ਹੀ ਬਦਲੇ ਫ਼ਰਮਾਨ, ਸਕੂਲਾਂ 'ਚ ਕਿਸੇ ਵੀ ਅਧਿਆਪਕ ਨੂੰ ਦਿੱਤਾ ਜਾ ਸਕੇਗਾ ਮਿਡ-ਡੇਅ-ਮੀਲ ਦਾ ਜ਼ਿੰਮਾ

Tuesday, Apr 26, 2022 - 08:43 AM (IST)

ਸਰਕਾਰ ਬਦਲਦੇ ਹੀ ਬਦਲੇ ਫ਼ਰਮਾਨ, ਸਕੂਲਾਂ 'ਚ ਕਿਸੇ ਵੀ ਅਧਿਆਪਕ ਨੂੰ ਦਿੱਤਾ ਜਾ ਸਕੇਗਾ ਮਿਡ-ਡੇਅ-ਮੀਲ ਦਾ ਜ਼ਿੰਮਾ

ਲੁਧਿਆਣਾ (ਵਿੱਕੀ) : ਸਿੱਖਿਆ ਵਿਭਾਗ ਵੱਲੋਂ ਹੁਣ ਸਕੂਲ ਦੇ ਕਿਸੇ ਵੀ ਅਧਿਆਪਕ ਨੂੰ ਮਿਡ-ਡੇਅ ਮੀਲ ਦਾ ਚਾਰਜ ਦਿੱਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧ ’ਚ ਡਾਇਰੈਕਟਰ ਸਿੱਖਿਆ ਵਿਭਾਗ (ਐਲੀਮੈਂਟਰੀ ਸਿੱਖਿਆ) ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ/ਐਲੀਮੈਂਟਰੀ ਸਿੱਖਿਆ) ਨੂੰ ਜਾਰੀ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਕੁੱਝ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਐਲੀਮੈਂਟਰੀ ਸਿੱਖਿਆ) ਵੱਲੋਂ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਕਿ ਸਕੂਲ ਵਿਚ ਮਿਡ-ਡੇਅ ਮੀਲ ਦੇ ਕੰਮ ਨੂੰ ਦੇਖਣ ਲਈ ਕਿਸ ਅਧਿਆਪਕ ਦੀ ਡਿਊਟੀ ਲਗਾਈ ਜਾਵੇ? ਜਿਸ ਕਾਰਨ ਵਿਭਾਗ ਨੇ ਹੁਕਮ ਜਾਰੀ ਕੀਤੇ ਹਨ ਕਿ ਸਕੂਲ ਵਿਚ ਮਿਡ-ਡੇਅ ਮੀਲ ਦਾ ਚਾਰਜ ਸਕੂਲ ਮੁਖੀ ਵੱਲੋਂ ਕਿਸੇ ਵੀ ਅਧਿਆਪਕ ਨੂੰ ਦਿੱਤਾ ਜਾ ਸਕਦਾ ਹੈ, ਭਾਵੇਂ ਇਸ ਤੋਂ ਪਹਿਲਾਂ ਵਿਭਾਗ ਵੱਲੋਂ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖਦੇ ਹੋਏ ਸਕੂਲ ਵਿਚ ਮਿਡ-ਡੇਅ ਮੀਲ ਦੀ ਜ਼ਿੰਮੇਵਾਰੀ ਪੀ. ਟੀ. ਆਈ., ਡੀ. ਪੀ. ਆਈ., ਡਰਾਇੰਗ ਟੀਚਰ, ਸਿਲਾਈ ਟੀਚਰ ਨੂੰ ਹੀ ਦੇਣ ਦੇ ਹੁਕਮ ਸਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : CBSE ਨੇ 9ਵੀਂ ਤੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
ਕੀ ਵਿਭਾਗ ਨੂੰ ਨਹੀਂ ਬੱਚਿਆਂ ਦੀ ਪੜ੍ਹਾਈ ਦਾ ਧਿਆਨ ?
ਸਿੱਖਿਆ ਵਿਭਾਗ ਅਕਸਰ ਆਪਣੇ ਅਜੀਬੋ-ਗਰੀਬ ਕੰਮ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਉਕਤ ਹੁਕਮਾਂ ਦੇ ਸਬੰਧ ਵਿਚ ਅਧਿਆਪਕਾਂ ਦੀ ਸਖ਼ਤ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ। ਕੁੱਝ ਅਧਿਆਪਕਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਪੜ੍ਹਾਈ ਖ਼ਰਾਬ ਹੋਣ ਲਈ ਅਕਸਰ ਰੌਲਾ ਪਾਉਣ ਵਾਲੇ ਅਧਿਕਾਰੀ ਹੁਣ ਇਸ ਤਰ੍ਹਾਂ ਦੇ ਹੁਕਮ ਜਾਰੀ ਕਰ ਰਹੇ ਹਨ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਣਾ ਤੈਅ ਹੈ। ਸਾਇੰਸ, ਗਣਿਤ, ਅੰਗਰੇਜ਼ੀ, ਸਮਾਜਿਕ ਸਿੱਖਿਆ ਵਰਗੇ ਮੁੱਖ ਵਿਸ਼ੇ ਦੇ ਅਧਿਆਪਕ ਜੇਕਰ ਮਿਡ-ਡੇਅ ਮੀਲ ਦਾ ਚਾਰਜ ਸੰਭਾਲ ਲੈਣਗੇ ਤਾਂ ਉਹ ਕਲਾਸਾਂ ਨੂੰ ਕਿਵੇਂ ਪੜ੍ਹਾਉਣਗੇ? ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਹੋਣ ਕਾਰਨ ਉਹ ਪਹਿਲਾਂ ਹੀ ਕਿਤੇ ਜ਼ਿਆਦਾ ਪੀਰੀਅਡ ਲੈ ਰਹੇ ਹਨ ਅਤੇ ਹੁਣ ਜਦੋਂ ਉਨ੍ਹਾਂ ਨੂੰ ਮਿਡ-ਡੇਅ ਮੀਲ ਦਾ ਚਾਰਜ ਮਿਲੇਗਾ ਤਾਂ ਉਨ੍ਹਾਂ ਦੇ ਦਿੱਤੇ ਦੋਵੇਂ ਕੰਮ ਨੂੰ ਸੰਭਾਲ ਪਾਉਣਾ ਮੁਸ਼ਕਲ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਜ਼ਰੂਰੀ ਖ਼ਬਰ, 27 ਅਤੇ 28 ਤਾਰੀਖ਼ ਨੂੰ ਵਧੇਗਾ 'ਲੂ' ਦਾ ਕਹਿਰ
ਮਿਡ-ਡੇਅ ਮੀਲ ਲਈ ਵੱਖਰੇ ਸਟਾਫ਼ ਦਾ ਪ੍ਰਬੰਧ ਕਰੇ ਵਿਭਾਗ
ਅਧਿਆਪਕਾਂ ਦਾ ਕਹਿਣਾ ਹੈ ਕਿ ਬੱਚਿਆਂ ਲਈ ਦੁਪਹਿਰ ਦੇ ਖਾਣੇ (ਮਿਡ-ਡੇਅ ਮੀਲ) ਦਾ ਪ੍ਰਬੰਧ ਕਰਨ ਦੇ ਚੱਕਰ ’ਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ। ਜ਼ਿਆਦਾਤਰ ਸਕੂਲਾਂ ਵਿਚ ਪੀ. ਟੀ. ਆਈ., ਆਰਟ ਐਂਡ ਕਰਾਫਟ ਟੀਚਰ ਦੀ ਪੋਸਟ ਖ਼ਾਲੀ ਹੋਣ ਕਾਰਨ ਇਹ ਕੰਮ ਹੋਰ ਵਿਸ਼ਿਆਂ ਦੇ ਅਧਿਆਪਕ ਕਰਦੇ ਹਨ। ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਸਰਕਾਰ ਨੂੰ ਮਿਡ-ਡੇਅ ਮੀਲ ਲਈ ਵੱਖਰੇ ਸਟਾਫ਼ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਅਧਿਆਪਕ ਸਿਰਫ ਆਪਣੇ ਅਧਿਆਪਨ ਕਾਰਜ ਵੱਲ ਧਿਆਨ ਦੇ ਸਕਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News