ਪੁਲਸ ਨੂੰ ਝੂਠੀ ਕਹਾਣੀ ਦੱਸਣ ਵਾਲੇ ਮਾਈਕਲ ਦੀ ਹੁਣ ਖੈਰ ਨਹੀਂ
Monday, Jun 12, 2017 - 08:10 AM (IST)
ਜਲੰਧਰ, (ਸ਼ੋਰੀ, ਵਰਿਆਣਾ)- ਭਾਈ ਦਿੱਤ ਸਿੰਘ ਨਗਰ ਵਾਸੀ ਦਿਨੇਸ਼ ਉਰਫ ਮਾਈਕਲ ਪੁੱਤਰ ਰਾਮ ਸਵਰੂਪ ਨਾਲ ਹੋਈ ਲੁੱਟ ਦੀ ਵਾਰਦਾਤ ਬਿਲਕੁਲ ਝੂਠੀ ਨਿਕਲੀ। ਪੁਲਸ ਨੂੰ ਉਸ ਨੇ ਦੱਸ ਕੇ ਬੇਸ਼ੱਕ ਝੂਠਾ ਲੁੱਟ ਦਾ ਕੇਸ ਦਰਜ ਕਰਵਾ ਦਿੱਤਾ ਪਰ ਪੁਲਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਸਾਫ ਕਰ ਦਿੱਤਾ ਕਿ ਮਾਈਕਲ ਦੀ ਸ਼ਰਾਬ ਦੇ ਨਸ਼ੇ ਵਿਚ ਜੂਆ ਖੇਡਣ ਦੌਰਾਨ ਵਿਸ਼ਾਲ ਸੋਮਤੀ ਨਿਵਾਸੀ ਢੰਨ ਮੁਹੱਲਾ ਨਾਲ ਵਿਵਾਦ ਦੌਰਾਨ ਮਾਰਕੁੱਟ ਹੋਈ ਸੀ, ਜਿਸ ਦੌਰਾਨ ਮਾਈਕਲ ਅਤੇ ਵਿਸ਼ਾਲ ਦੋਵੇਂ ਜ਼ਖਮੀ ਹੋ ਗਏ। ਸ਼ਾਤਿਰ ਮਾਈਕਲ ਨੇ ਝੂਠੀ ਕਹਾਣੀ ਰਚੀ ਤਾਂ ਕਿ ਉਹ ਵਿਸ਼ਾਲ ਨੂੰ ਫਸਾ ਸਕੇ।
ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਕਤ ਗੱਲਾਂ ਦਾ ਖੁਲਾਸਾ ਕਰਦੇ ਹੋਏ ਡੀ. ਸੀ. ਪੀ. ਲਾਅ ਐਂਡ ਆਰਡਰ ਗੁਰਮੀਤ ਸਿੰਘ, ਏ. ਸੀ. ਪੀ. ਨਾਰਥ ਨਵਨੀਤ ਸਿੰਘ ਮਾਹਲ ਅਤੇ ਥਾਣਾ 3 ਦੇ ਇੰਸਪੈਕਟਰ ਨੇ ਦੱਸਿਆ ਕਿ ਮਾਈਕਲ ਵਲੋਂ ਦਿੱਤੇ ਗਏ ਬਿਆਨਾਂ ਤੋਂ ਬਾਅਦ ਕੇਸ ਤਾਂ ਦਰਜ ਕਰ ਲਿਆ ਗਿਆ ਸੀ ਪਰ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਇੰਸਪੈਕਟਰ ਸੁਖਜਿੰਦਰ ਸਿੰਘ ਨੇ ਘਟਨਾ ਸਥਾਨ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ ਤਾਂ ਦੇਖਿਆ ਕਿ ਵਿਸ਼ਾਲ ਅਤੇ ਮਾਈਕਲ ਵਿਚ ਮਾਰਕੁੱਟ ਹੋ ਰਹੀ ਸੀ। ਲੁੱਟ ਦੀ ਗੱਲ ਤਾਂ ਦੂਰ ਕੋਈ ਹਵਾਈ ਫਾਇਰ ਤੱਕ ਨਹੀਂ ਹੋਇਆ।
ਇਸ ਦੇ ਨਾਲ ਹੀ ਮਾਈਕਲ ਨੇ ਅਗਲੇ ਦਿਨ ਬਿਆਨ ਬਦਲ ਕੇ ਕਿਹਾ ਕਿ 15 ਲੱਖ ਨਹੀਂ, ਉਸ ਨਾਲ 1.30 ਲੱਖ ਰੁ. ਦੀ ਲੁੱਟ ਹੋਈ ਹੈ ਅਤੇ ਉਕਤ ਰਾਸ਼ੀ ਉਹ ਸ਼ਿਵਮ ਪਬਲੀਕੇਸ਼ਨ ਦੇ ਮਾਲਿਕ ਅਜੈ ਭੰਡਾਰੀ ਤੋਂ ਲਿਆਇਆ ਸੀ। ਪੁਲਸ ਨੇ ਭੰਡਾਰੀ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਨੇ ਤਾਂ ਕੋਈ ਰਕਮ ਮਾਈਕਲ ਨੂੰ ਦਿੱਤੀ ਹੀ ਨਹੀਂ। ਪੁਲਸ ਨੇ ਸੀ. ਸੀ. ਟੀ. ਵੀ. ਦੀ ਰਿਕਾਰਡਿੰਗ ਕਢਵਾਈ ਅਤੇ ਭੰਡਾਰੀ ਦੇ ਬਿਆਨ ਦਰਜ ਕਰ ਕੇ ਮਾਈਕਲ ਵਲੋਂ ਦਰਜ ਕਰਵਾਇਆ ਗਿਆ ਝੂਠਾ ਕੇਸ ਖਾਰਿਜ ਕਰਨ ਦੀ ਸਿਫਾਰਿਸ਼ ਉੱਚ ਅਧਿਕਾਰੀਆਂ ਨੂੰ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਪੁਲਸ ਨੇ ਵਿਸ਼ਾਲ ਦੇ ਬਿਆਨਾਂ ਦੇ ਆਧਾਰ 'ਤੇ ਮਾਈਕਲ ਖਿਲਾਫ 341, 323, 506 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕਰਨ ਦੇ ਨਾਲ-ਨਾਲ ਵਿਸ਼ਾਲ ਅਤੇ ਮਾਈਕਲ ਦੋਵਾਂ ਖਿਲਾਫ ਅਮਨ-ਸ਼ਾਂਤੀ ਭੰਗ ਕਰਨ ਦਾ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਯਾਦ ਰਹੇ ਕਿ ਜਗ ਬਾਣੀ ਨੇ ਐਤਵਾਰ ਦੇ ਅੰਕ ਵਿਚ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਇਕਹਿਰੀ ਪੁਲੀ ਦੇ ਕਰੀਬ ਵਿਅਕਤੀ ਤੋਂ 15 ਲੱਖ ਰੁ. ਲੁੱਟਣ ਦੀ ਕਹਾਣੀ ਨਿਕਲੀ ਝੂਠੀ।
ਮਾਈਕਲ ਦੀ ਪੈਰੋਲ ਕੈਂਸਲ ਕਰਵਾਏਗੀ ਪੁਲਸ- ਪੁਲਸ ਨੂੰ ਝੂਠੀ ਕਹਾਣੀ ਦੱਸ ਕੇ ਮਾਈਕਲ ਬੁਰੀ ਤਰ੍ਹਾਂ ਨਾਲ ਫਸ ਗਿਆ ਹੈ। ਵਿਸ਼ਾਲ 'ਤੇ ਕੇਸ ਦਰਜ ਕਰਵਾਉਣ ਦੇ ਚੱਕਰ ਵਿਚ ਇਕ ਤਾਂ ਵਿਸ਼ਾਲ ਨਾਲ ਮਾਰਕੁੱਟ ਕਰਨ ਦਾ ਕੇਸ ਮਾਈਕਲ 'ਤੇ ਦਰਜ ਹੋ ਗਿਆ ਅਤੇ ਹੁਣ ਪੁਲਸ ਮਾਈਕਲ 'ਤੇ ਝੂਠੀ ਐੱਫ. ਆਈ. ਆਰ. ਦਰਜ ਕਰਵਾਉਣ ਦਾ ਕੇਸ ਦਰਜ ਕਰਨ ਦੀ ਤਿਆਰੀ ਵਿਚ ਹੈ। ਇਸ ਦੇ ਨਾਲ ਹੀ ਮਾਈਕਲ ਪੈਰੋਲ 'ਤੇ ਜੇਲ ਤੋਂ ਬਾਹਰ ਆਇਆ ਹੈ। ਪੁਲਸ ਉਸ ਦੀ ਪੈਰੋਲ ਵੀ ਕੈਂਸਲ ਕਰਵਾਉਣ ਜਾ ਰਹੀ ਹੈ।
ਪੁਲਸ ਕਮਿਸ਼ਨਰ ਦੇ ਟਿਪਸ ਤੋਂ ਬਾਅਦ ਮਾਮਲਾ ਟਰੇਸ ਹੋਇਆ- ਸ਼ੁੱਕਰਵਾਰ ਰਾਤ ਮਾਈਕਲ ਨੇ ਜਿਵੇਂ ਹੀ ਪੁਲਸ ਕੰਟਰੋਲ 'ਤੇ ਝੂਠੀ ਕਹਾਣੀ ਦੱਸੀ ਤਾਂ ਮੌਕੇ 'ਤੇ ਪਹੁੰਚੇ ਜੂਲੋ ਗੱਡੀ 'ਚ ਕਰਮਚਾਰੀ ਜ਼ਖਮੀ ਹਾਲਤ ਵਿਚ ਉਸ ਨੂੰ ਸਿਵਲ ਹਸਪਤਾਲ ਲੈ ਆਏ। ਇਸੇ ਦੌਰਾਨ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ, ਡੀ. ਸੀ. ਪੀ. ਰਾਜਿੰਦਰ ਸਿੰਘ ਸਹਿਤ ਕਈ ਪੁਲਸ ਅਧਿਕਾਰੀ ਹਸਪਤਾਲ ਪਹੁੰਚੇ ਸਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਕਮਿਸ਼ਨਰ ਸਿਨ੍ਹਾ ਖੁਦ ਮਾਮਲੇ ਦੀ ਪਲ-ਪਲ ਦੀ ਜਾਣਕਾਰੀ ਹਾਸਲ ਕਰ ਰਹੇ ਸਨ। ਉਨ੍ਹਾਂ ਨੂੰ ਉਸੇ ਦਿਨ ਸ਼ੱਕ ਹੋ ਗਿਆ ਸੀ ਕਿ ਮਾਈਕਲ ਝੂਠ ਬੋਲ ਰਿਹਾ ਹੈ ਅਤੇ ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨੂੰ ਟਿਪਸ ਦਿੱਤੇ, ਜਿਨ੍ਹਾਂ 'ਤੇ ਚੱਲ ਕੇ ਜਲਦ ਹੀ ਪੁਲਸ ਨੇ ਮਾਮਲਾ ਹੱਲ ਕਰ ਲਿਆ।
