ਵਪਾਰੀ ਦੇ ਘਰੋਂ ਲੱਖਾਂ ਰੁਪਏ ਦੀ ਚੋਰੀ ਦਾ ਮਾਮਲਾ ਨਿਕਲਿਆ ਫ਼ਿਲਮੀ ਡਰਾਮਾ

Wednesday, Dec 09, 2020 - 05:04 PM (IST)

ਪਾਤੜਾਂ (ਸਨੇਹੀ) : ਬੀਤੇ ਦਿਨੀਂ ਪਾਤੜਾਂ ਦੇ ਚੁਨਾਗਰਾ ਰੋਡ 'ਤੇ ਇਕ ਵਪਾਰੀ ਦੇ ਘਰੋਂ ਦਿਨ-ਦਿਹਾੜੇ ਲੱਖਾਂ ਰੁਪਏ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ। ਜੋ ਮਹਿਜ਼ ਇਕ ਫਿਲਮੀ ਡਰਾਮਾ ਨਿਕਲਿਆ, ਜਿਸ ਨੂੰ ਸਪੱਸ਼ਟ ਕਰਨ ਲਈ ਥਾਣਾ ਮੁਖੀ ਇੰਸਪੈਕਟਰ ਰਣਵੀਰ ਸਿੰਘ ਨੇ ਪਟਿਆਲਾ ਤੋਂ ਸਪੈਸ਼ਲਿਸਟ ਫਿੰਗਰ ਪ੍ਰਿੰਟ ਦੀ ਟੀਮ ਨੂੰ ਬੁਲਾਇਆ ਸੀ, ਜਿਸ ਤੋਂ ਡਰ ਕੇ ਪਰਿਵਾਰ ਦੇ ਸਾਰੇ ਮੈਂਬਰ ਚੋਰੀ ਦਾ ਮਾਮਲਾ ਦਰਜ ਕਰਵਾਉਣ ਤੋਂ ਮੁਕਰਦੇ ਨਜ਼ਰ ਆਏ ਅਤੇ ਸ਼ਹਿਰ ਦੇ ਮੋਹਤਬਰ ਆਗੂਆਂ ਨੂੰ ਨਾਲ ਲੈ ਕੇ ਇਸ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਲਈ ਪੁਲਸ 'ਤੇ ਦਬਾਬ ਪਾਉਂਦੇ ਰਹੇ, ਜਿਸ 'ਤੇ ਇਸ ਮਾਮਲੇ ਨੂੰ ਲੈ ਕੇ ਇੰਸਪੈਕਟਰ ਰਣਵੀਰ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੋਰੀ ਨਹੀਂ ਹੋਈ। ਘਰ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਮੈਂਬਰ ਦਾ ਖੇਡਿਆ ਹੋਇਆ ਡਰਾਮਾ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਚਨਾਗਰਾ ਰੋਡ 'ਤੇ ਕਰਿਆਨੇ ਦਾ ਵਪਾਰ ਕਰਨ ਵਾਲੇ ਦੇ ਘਰ ਉਸ ਸਮੇਂ ਚੋਰਾਂ ਵੱਲੋਂ ਚੋਰੀ ਕਰਨ ਦਾ ਡਰਾਮਾ ਰੱਚਿਆ ਗਿਆ, ਜਦੋਂ ਸਾਰੇ ਪਰਿਵਾਰ ਵਾਲੇ ਵਿਆਹ 'ਚ ਗਏ ਹੋਏ ਸਨ। ਇਹ ਡਰਾਮਾ ਰਚਣ ਵਾਲਾ ਉਸ ਸਮੇਂ ਧੋਖਾ ਖਾ ਗਿਆ, ਜਦੋਂ ਉਸ ਨੇ ਚੋਰੀ ਕਰਨ ਲਈ ਅਸਲੀ ਚਾਬੀਆਂ ਨਾਲ ਜਿੰਦਰੇ ਖੋਲ੍ਹ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਵਾਪਸ ਚਾਬੀਆਂ ਨੂੰ ਉੱਥੇ ਹੀ ਰੱਖ ਕੇ ਸੀ. ਸੀ. ਟੀ. ਵੀ. ਕੈਮਰੇ ਦੀ ਡੀ. ਵੀ. ਡੀ. ਵੀ ਨਾਲ ਲੈ ਗਿਆ। ਇਸ ਚੋਰੀ ਹੋਣ ਦਾ ਰੌਲਾ ਪੈਣ ਕਾਰਣ ਇਲਾਕੇ ਦੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ, ਜਿਸ ਨੂੰ ਦੂਰ ਕਰਨ ਲਈ ਇਸ ਮਾਮਲੇ ਦੀ ਪੜਤਾਲ ਗੰਭੀਰਤਾ ਨਾਲ ਲੈਂਦੇ ਹੋਏ ਇਸ ਚੋਰੀ ਨੂੰ ਟਰੇਸ ਕਰਨ ਲਈ ਪਟਿਆਲਾ ਤੋਂ ਫਿੰਗਰ ਪ੍ਰਿੰਟ ਦੇ ਮਾਹਿਰਾਂ ਦੀ ਟੀਮ ਨੂੰ ਬੁਲਾਇਆ ਗਿਆ ਸੀ, ਜਿਸ ਨੂੰ ਦੇਖ ਕੇ ਪਰਿਵਾਰ ਦੇ ਲੋਕ ਕਦੇ ਤਾਂ ਪੁਲਸ ਨੂੰ 60 ਤੋਲੇ ਸੋਨਾ ਚੋਰੀ ਹੋਣ ਸਬੰਧੀ ਆਖ ਰਹੇ ਸਨ ਅਤੇ ਕਦੇ 25 ਤੋਲੇ ਸੋਨਾ ਚੋਰੀ ਹੋਣ ਦਾ ਬਿਆਨ ਦੇ ਰਿਹੇ ਸਨ।

ਸਿਟੀ ਇੰਚਾਰਜ ਵੀਰਬਲ ਸ਼ਰਮਾ ਮਾਮਲਾ ਦਰਜ ਕਰਨ ਲਈ ਜਦੋਂ ਲਿਖਤੀ ਬਿਆਨ ਲੈਣ ਲੱਗੇ ਤਾਂ ਪਰਿਵਾਰ ਦੇ ਲੋਕ ਆਪਣਾ ਬਿਆਨ ਦੇਣ ਤੋਂ ਮੁਕਰਦੇ ਨਜ਼ਰ ਆਏ ਅਤੇ ਸ਼ਹਿਰ ਦੇ ਮੋਹਤਬਰ ਆਗੂਆਂ ਨੂੰ ਲੈ ਕੇ ਇਹ ਮਾਮਲਾ ਰਫ਼ਾ-ਦਫ਼ਾ ਕਰਨ ਲਈ ਦਬਾਅ ਪਾਉਂਦੇ ਵੇਖੇ ਗਏ, ਜਿਸ ਤੋਂ ਸਾਫ ਨਜ਼ਰ ਆ ਰਿਹਾ ਸੀ ਕਿ ਇਸ ਪਰਿਵਾਰ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਵੱਲੋਂ ਇਹ ਚੋਰੀ ਕਰਨ ਦਾ ਡਰਾਮਾ ਖੇਡਿਆ ਗਿਆ ਹੈ। ਇਸ ਮਾਮਲੇ 'ਤੇ ਜਦੋਂ ਐੱਸ. ਐੱਚ. ਓ. ਰਣਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੋਈ ਚੋਰੀ ਨਹੀਂ ਹੋਈ। ਘਰ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਵੱਲੋਂ ਇਹ ਚੋਰੀ ਹੋਣ ਦਾ ਡਰਾਮਾ ਰਚਿਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਇਸ 'ਤੇ ਜੋ ਕਾਰਵਾਈ ਹੋਵੇਗੀ, ਉਹੀ ਕੀਤੀ ਜਾਵੇਗੀ।


Gurminder Singh

Content Editor

Related News