ਜੰਗੀ ਨਾਇਕ ਯਾਦਗਾਰ ਮਿਊਜ਼ੀਅਮ ''ਚ ਪਹਿਲੀ ਭਾਰਤ-ਪਾਕਿ ਦੀ ਜੰਗ ''ਚ ਲਾਪਤਾ ਹੋਏ ਫੌਜੀਆਂ ਦੇ ਨਾਂ ਹੋਣਗੇ ਸ਼ਾਮਲ

02/28/2018 1:23:03 PM

ਅੰਮ੍ਰਿਤਸਰ - ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਮਿਊਜ਼ੀਅਮ ਵਿਚ ਸੂਬੇ ਦੇ ਚਾਰ ਹਜ਼ਾਰ ਸ਼ਹੀਦ ਹੋਏ ਸੈਨਿਕਾਂ ਦੇ ਨਾਲ ਹੁਣ ਪਹਿਲੀ ਭਾਰਤ-ਪਾਕਿਸਤਾਨ ਜੰਗ  (1947-48) ਦੌਰਾਨ ਲਾਪਤਾ ਹੋਏ 54 ਫੌਜੀਆਂ ਦੇ ਨਾਂ ਵੀ ਲਿਖੇ ਜਾਣਗੇ। ਜੰਗੀ ਯਾਦਗਾਰ ਦੀ 7ਵੀਂ ਗੈਲਰੀ ਮੁਕੰਮਲ ਹੋਣ ਕਰੀਬ ਹੈ ਅਤੇ ਇਸ ਨੂੰ ਵਿਸਾਖੀ ਮੌਕੇ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ ਤੇ ਇਸ ਦੀ 8ਵੀਂ ਗੈਲਰੀ ਕਾਰਗਿਲ ਦੀ ਜੰਗ ਨੂੰ ਸਮਰਪਿਤ ਹੋਵੇਗੀ।
ਜਾਣਕਾਰੀ ਮੁਤਾਬਕ ਇਸ ਖੁਲਾਸਾ ਮਿਊਜ਼ੀਅਮ ਦੇ ਜਨਰਲ ਮੈਨੇਜਰ ਕਰਨਲ ਐਚ.ਪੀ. ਸਿੰਘ (ਸੇਵਾਮੁਕਤ) ਨੇ ਕੀਤਾ ਹੈ। ਉਹ ਮੰਗਲਵਾਰ ਇਸ ਸਬੰਧੀ ਹੋਈ ਮੀਟਿੰਗ ਵਿਚ ਸ਼ਾਮਲ ਹੋਏ ਸਨ। ਮੀਟਿੰਗ ਵਿਚ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ੋਰ ਦੇ ਕਿਹਾ ਸੀ ਕਿ ਪਹਿਲੀ ਭਾਰਤ-ਪਾਕਿ ਜੰਗ ਦੌਰਾਨ ਲਾਪਤਾ ਹੋਏ 54 ਫੌਜੀਆਂ ਦੇ ਨਾਂ ਵੀ ਸ਼ਾਮਲ ਕੀਤੇ ਜਾਣ। ਇਨ੍ਹਾਂ ਦੇ ਨਾਂ ਵਿਸ਼ੇਸ਼ ਤੌਰ 'ਤੇ ਤਿਆਰ ਕਰਾਈਆਂ ਗਈਆਂ ਪਲੇਟਾਂ 'ਤੇ ਉੱਕਰੇ ਹੋਣਗੇ। ਹਰੇਕ ਪਲੇਟ 'ਤੇ ਸੌ ਫੌਜੀਆਂ ਦੇ ਨਾਂ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਲੇਟਾਂ ਨੂੰ ਵੱਖ-ਵੱਖ ਥਾਵਾਂ 'ਤੇ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੂਬੇ ਨਾਲ ਸਬੰਧਤ ਸ਼ਹੀਦ ਫੌਜੀਆਂ ਦੀ ਗਿਣਤੀ ਲਗਭਗ ਚਾਰ ਹਜ਼ਾਰ ਹੈ। ਇਸ ਤੋਂ ਪਹਿਲਾਂ ਇਥੇ ਸਾਰਾਗੜੀ ਜੰਗ ਨੂੰ ਵੀ ਇੱਕ ਕੰਧ ਉੱਪਰ ਵਿਸ਼ੇਸ਼ ਤੌਰ 'ਤੇ ਵਿਖਾਇਆ ਗਿਆ ਹੈ। ਕੰਧ 'ਤੇ ਸਾਰਾਗੜੀ ਜੰਗ ਲੜਨ ਵਾਲੇ ਫੌਜੀਆਂ ਦੇ ਨਾਂ ਵੀ ਸ਼ਾਮਲ ਹਨ।
ਇਸ ਵੇਲੇ ਜੰਗੀ ਯਾਦਗਾਰ ਵਿੱਚ ਛੇ ਗੈਲਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਲੋਕਾਂ ਵਾਸਤੇ ਖੋਲ੍ਹੀਆਂ ਜਾ ਚੁੱਕੀਆਂ ਹਨ। ਇਨ੍ਹਾਂ ਗੈਲਰੀਆਂ ਵਿਚ ਫੌਜੀਆਂ, ਜੰਗਾਂ, ਫੌਜੀ ਸਾਜ਼ੋ ਸਮਾਨ ਤੇ ਹੋਰ ਬਹਾਦਰੀ ਦੀਆਂ ਘਟਨਾਵਾਂ ਨੂੰ ਦਰਸਾਇਆ ਗਿਆ ਹੈ। ਇਨ੍ਹਾਂ ਵਿੱਚ ਗੁਰੂ ਕਾਲ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਹੋਈਆਂ ਜੰਗਾਂ, ਅੰਗਰੇਜ਼ਾਂ ਦੇ ਰਾਜ ਤੋਂ ਲੈ ਕੇ ਦੇਸ਼ ਵੰਡ, ਭਾਰਤ-ਪਾਕਿ ਪਹਿਲੀ ਜੰਗ, ਭਾਰਤ-ਚੀਨ ਜੰਗ 1962, ਭਾਰਤ-ਪਾਕਿ ਜੰਗ 1965 ਨੂੰ ਦਰਸਾਇਆ ਗਿਆ ਹੈ ਜਦੋਂਕਿ ਭਾਰਤ-ਪਾਕਿ 1971 ਜੰਗ ਨੂੰ ਸੱਤਵੀਂ ਗੈਲਰੀ ਵਿੱਚ ਦਰਸਾਇਆ ਜਾ ਰਿਹਾ ਹੈ। ਇਸ ਗੈਲਰੀ ਦਾ ਕੰਮ ਲਗਭਗ ਮੁਕੰਮਲ ਹੋਣ ਕੰਢੇ ਹੈ। ਇਸ ਗੈਲਰੀ ਵਿੱਚ ਜੰਗ ਸਬੰਧੀ ਦਸਤਾਵੇਜ਼ , ਜੰਗ ਦੇ ਨਾਇਕ ਤੇ ਹੋਰ ਵੇਰਵੇ ਪ੍ਰਦਰਸ਼ਿਤ ਹੋਣਗੇ। ਉਨ੍ਹਾਂ ਦਸਿਆ ਕਿ ਇਹ ਗੈਲਰੀ 13 ਅਪਰੈਲ ਨੂੰ ਵਿਸਾਖੀ ਵਾਲੇ ਦਿਨ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਜੰਗੀ ਯਾਦਗਾਰ ਦੀ ਅੱਠਵੀਂ ਗੈਲਰੀ ਬਾਰੇ ਉਨ੍ਹਾਂ ਦੱਸਿਆ ਕਿ ਇਸ ਵਿੱਚ 1999 ਵਿਚ ਹੋਈ ਕਾਰਗਿਲ ਜੰਗ ਨੂੰ ਦਿਖਾਇਆ ਜਾਵੇਗਾ।


Related News