ਸੰਸਦ ਮੈਂਬਰਾਂ ਦੀ ਮੀਟਿੰਗ ਪ੍ਰਤੀ ਰਵੱਈਏ ਨੇ ਪੰਜਾਬ ਸਰਕਾਰ ਦੀ ਗੈਰ-ਸੰਜੀਦਗੀ ਜੱਗ ਜ਼ਾਹਰ ਕੀਤੀ : ਰੱਖੜਾ

11/17/2017 7:41:26 AM

ਪਟਿਆਲਾ/ਰੱਖੜਾ (ਰਾਣਾ) - ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸੰਸਦ ਮੈਂਬਰਾਂ ਨਾਲ ਮੀਟਿੰਗ ਰੱਖੀ ਸੀ। ਉਨ੍ਹਾਂ ਵੱਲੋਂ ਇਹ ਮੀਟਿੰਗ ਨਾ ਕਰਨ ਦੇ ਰਵੱਈਏ ਨੇ ਪੰਜਾਬ ਸਰਕਾਰ ਦੀ ਗੈਰ-ਸੰਜੀਦਗੀ ਜੱਗ ਜ਼ਾਹਰ ਕੀਤੀ ਹੈ। ਇਹ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਸਰਕਾਰ ਦੇ 9 ਮਹੀਨੇ ਬੀਤ ਜਾਣ ਦੇ ਬਾਵਜੂਦ ਸੂਬੇ 'ਚ ਵਿਕਾਸ ਕਾਰਜਾਂ ਦੀ ਹਾਲਤ ਤਰਸਯੋਗ ਬਣ ਕੇ ਰਹਿ ਗਈ ਹੈ। ਸਰਕਾਰ ਦੇ ਦਾਅਵਿਆਂ ਦੀ ਫੂਕ ਨਿਕਲ ਚੁੱਕੀ ਹੈ। ਸੜਕਾਂ ਦੀ ਹਾਲਤ ਕੱਚੇ ਰਸਤਿਆਂ ਨਾਲੋਂ ਵੀ ਭੈੜੀ ਹੈ, ਜਿਸ ਵੱਲ ਸਰਕਾਰ ਦੀ ਕੋਈ ਨਜ਼ਰ ਨਹੀਂ।
ਸ. ਰੱਖੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਗੁਮਰਾਹ ਕਰ ਕੇ ਵੋਟਾਂ ਲੈਣ ਲਈ ਜੋ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਵਿਚੋਂ ਕੱਢਣ ਤੇ ਘਰ-ਘਰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਉਹ ਬੁਰੀ ਤਰ੍ਹਾਂ ਫਲਾਪ ਸ਼ੋਅ ਬਣ ਕੇ ਰਹਿ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੂਬੇ ਦੇ ਕਿਸੇ ਵੀ ਕੰਮਾਂ ਵੱਲ ਕੋਈ ਧਿਆਨ ਨਹੀਂ। ਸਰਕਾਰ ਦੇ ਆਪਣੇ ਹੀ ਮੰਤਰੀਆਂ 'ਤੇ ਰੇਤੇ ਦੀਆਂ ਖਾਨਾਂ ਆਦਿ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ। ਆਮ ਲੋਕਾਂ ਦਾ ਕਚੂੰਮਰ ਕੱਢਣ ਲਈ ਬਿਜਲੀ ਦਰਾਂ ਵਿਚ ਵਾਧਾ ਕਰਨਾ, ਲੋਕ ਭਲਾਈ ਸਕੀਮਾਂ ਨੂੰ ਬੰਦ ਕਰਨਾ, ਬੁਢਾਪਾ ਪੈਨਸ਼ਨਾਂ ਵਿਚ ਵਾਧਾ ਨਾ ਕਰਨਾ, ਤਨਖਾਹਾਂ ਸਮੇਂ ਸਿਰ ਨਾ ਮਿਲਣੀਆਂ ਤੇ ਐੱਸ. ਸੀ. ਬੱਚਿਆਂ ਦੇ ਸਕਾਲਰਸ਼ਿਪ ਦੇ ਕਰੋੜਾਂ ਰੁਪਏ ਕਾਲਜਾਂ ਨੂੰ ਨਾ ਮਿਲਣਾ ਸਰਕਾਰ ਦੇ ਕਾਰਜਾਂ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ।
 ਇਸ ਮੌਕੇ ਅਕਾਲੀ ਦਲ ਪਟਿਆਲਾ ਦਿਹਾਤੀ ਹਲਕਾ ਇੰਚਾਰਜ ਐਡਵੋਕੇਟ ਸਤਬੀਰ ਸਿੰਘ ਖੱਟੜਾ ਨੇ ਵੀ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਵਾਅਦੇ ਨਾ ਪੂਰੇ ਕਰਨ 'ਤੇ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੁੜ ਤੋਂ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਕਾਰਜਾਂ ਨੂੰ ਯਾਦ ਕਰਨ ਲੱਗ ਪਏ ਹਨ। ਇਸ ਦੌਰਾਨ ਅਕਾਲੀ ਆਗੂ ਚਰਨਜੀਤ ਸਿੰਘ ਰੱਖੜਾ, ਚੇਅਰਮੈਨ ਭੁਪਿੰਦਰ ਸਿੰਘ ਰੋਡਾ ਡਕਾਲਾ, ਸੁਰਜੀਤ ਸਿੰਘ, ਜਸਪਾਲ ਸਿੰਘ ਬਿੱਟੂ ਚੱਠਾ, ਪ੍ਰਧਾਨ ਬਲਵਿੰਦਰ ਕੰਗ, ਗੁਰਮੁਖ ਠੇਕੇਦਾਰ, ਬੱਬੀ ਟਿਵਾਣਾ, ਅਮਰੀਕ ਸਿਊਣਾ, ਰਾਜਿੰਦਰ ਵਿਰਕ, ਮਾਲਵਿੰਦਰ ਮਾਲੀ, ਪਰਮਜੀਤ ਪੰਮਾ, ਹਰਵਿੰਦਰ ਬੱਬੂ, ਜਸਵਿੰਦਰ ਮੂੰਡਖੇੜਾ ਤੇ ਗੁਰਵਿੰਦਰ ਧੀਮਾਨ ਆਦਿ ਮੌਜੂਦ ਸਨ।


Related News