ADR ਦੀ ਰਿਪੋਰਟ ''ਚ ਖ਼ੁਲਾਸਾ; ਨਵੇਂ ਚੁਣੇ ਗਏ ਸੰਸਦ ਮੈਂਬਰਾਂ ’ਚੋਂ 251 ਖਿਲਾਫ਼ ਅਪਰਾਧਿਕ ਰਿਕਾਰਡ

06/07/2024 3:30:09 PM

ਨਵੀਂ ਦਿੱਲੀ- ਲੋਕ ਸਭਾ ਦੇ ਨਵੇਂ ਚੁਣੇ ਗਏ 543 ਮੈਂਬਰਾਂ ’ਚੋਂ 251 (46 ਫੀਸਦੀ) ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਚੋਣ ਵਿਸ਼ਲੇਸ਼ਣ ਕਰਨ ਵਾਲੀ ਸੰਸਥਾ ‘ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਸ’ (ਏ. ਡੀ. ਆਰ.) ਨੇ ਇਹ ਗੱਲ ਕਹੀ। ਇਹ ਹੇਠਲੇ ਸਦਨ ’ਚ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਮੈਂਬਰਾਂ ਦੀ ਕਈ ਦਹਾਕਿਆਂ ਦੀ ਸਭ ਤੋਂ ਵੱਧ ਗਿਣਤੀ ਹੈ। ਸਾਲ 2019 ’ਚ ਕੁੱਲ 233 ਨਵੇਂ ਚੁਣੇ ਗਏ ਸੰਸਦ ਮੈਂਬਰਾਂ (43 ਫੀਸਦੀ) ਨੇ ਆਪਣੇ ਖਿਲਾਫ ਮਾਮਲੇ ਦਰਜ ਹੋਣ ਦਾ ਐਲਾਨ ਕੀਤਾ ਸੀ। 2014 ’ਚ 185 (34 ਫੀਸਦੀ), 2009 ’ਚ 162 (30 ਫੀਸਦੀ) ਅਤੇ 2004 ’ਚ 125 (23 ਫੀਸਦੀ) ਨੇ ਆਪਣੇ ਖਿਲਾਫ ਅਪਰਾਧਿਕ ਮਾਮਲੇ ਦਰਜ ਹੋਣ ਦਾ ਐਲਾਨ ਕੀਤਾ ਸੀ।

ਨਵੇਂ ਚੁਣੇ ਗਏ 251 ਮੈਂਬਰਾਂ ’ਚੋਂ 170 (31 ਫੀਸਦੀ) ਵਿਰੁੱਧ ਜਬਰ-ਜ਼ਨਾਹ, ਕਤਲ, ਕਤਲ ਦੀ ਕੋਸ਼ਿਸ਼, ਅਗਵਾ ਅਤੇ ਔਰਤਾਂ ਵਿਰੁੱਧ ਅਪਰਾਧ ਵਰਗੇ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਗੰਭੀਰ ਅਪਰਾਧ ਦੇ ਮਾਮਲਿਆਂ ਵਾਲੇ ਮੈਂਬਰਾਂ ਦੀ ਗਿਣਤੀ 2009 ਨਾਲੋਂ 124 ਫੀਸਦੀ ਵਧ ਗਈ ਹੈ। ਇਸ ਵਾਰ ਚਾਰ ਉਮੀਦਵਾਰਾਂ ਨੇ IPC ਦੀ ਧਾਰਾ 302 ਤਹਿਤ ਆਪਣੇ ਖਿਲਾਫ ਕਤਲ ਨਾਲ ਸਬੰਧਤ ਮਾਮਲੇ ਦਰਜ ਹੋਣ ਦੀ ਜਾਣਕਾਰੀ ਦਿੱਤੀ ਹੈ ਅਤੇ 27 ਨੇ ਆਈ. ਪੀ. ਸੀ. ਦੀ ਧਾਰਾ 307 ਤਹਿਤ ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਮਾਮਲੇ ਦਰਜ ਹੋਣ ਦਾ ਐਲਾਨ ਕੀਤਾ ਹੈ। ਨਵੇਂ ਚੁਣੇ ਗਏ 15 ਉਮੀਦਵਾਰਾਂ ਨੇ ਆਪਣੇ ’ਤੇ ਔਰਤਾਂ ਖਿਲਾਫ ਅਪਰਾਧਾਂ ਨਾਲ ਸਬੰਧਤ ਮਾਮਲੇ ਐਲਾਨ ਕੀਤੇ ਹਨ, ਜਿਨ੍ਹਾਂ ’ਚ 2 ’ਤੇ ਆਈ. ਪੀ. ਸੀ. ਦੀ ਧਾਰਾ 376 ਦੇ ਤਹਿਤ ਜਬਰ-ਜ਼ਨਾਹ ਦਾ ਦੋਸ਼ ਹੈ।

ਏ. ਡੀ. ਆਰ. ਅਨੁਸਾਰ, 18ਵੀਂ ਲੋਕ ਸਭਾ ’ਚ ਸਭ ਤੋਂ ਵੱਡੀ ਪਾਰਟੀ ਵਜੋਂ ਬਰਕਰਾਰ ਭਾਜਪਾ ਦੇ 240 ਜੇਤੂ ਉਮੀਦਵਾਰਾਂ ’ਚੋਂ 94 (39 ਫੀਸਦੀ) ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲੇ ਦਰਜ ਹੋਣ ਦਾ ਐਲਾਨ ਕੀਤਾ ਹੈ। ਇਸ ਦੇ ਅਨੁਸਾਰ ਕਾਂਗਰਸ ਦੇ 99 ਜੇਤੂ ਉਮੀਦਵਾਰਾਂ ਵਿਚੋਂ 49 (49 ਫੀਸਦੀ) ਨੇ ਆਪਣੇ ਖਿਲਾਫ ਅਪਰਾਧਿਕ ਮਾਮਲੇ ਦਰਜ ਹੋਣ ਦਾ ਐਲਾਨ ਕੀਤਾ ਹੈ ਅਤੇ ਸਮਾਜਵਾਦੀ ਪਾਰਟੀ ਦੇ 37 ਉਮੀਦਵਾਰਾਂ ’ਚੋਂ 21 (45 ਫੀਸਦੀ) ਨੇ ਆਪਣੇ ਖਿਲਾਫ ਅਪਰਾਧਿਕ ਦੋਸ਼ ਹੋਣ ਦੀ ਜਾਣਕਾਰੀ ਦਿੱਤੀ ਹੈ। ਤ੍ਰਿਣਮੂਲ ਕਾਂਗਰਸ ਦੇ 29 ’ਚੋਂ 13 (45 ਫੀਸਦੀ), ਡੀ. ਐੱਮ. ਕੇ. ਦੇ 22 ’ਚੋਂ 13 (59 ਫੀਸਦੀ), ਤੇਲਗੂ ਦੇਸ਼ਮ ਪਾਰਟੀ ਦੇ 16 ’ਚੋਂ 8 (50 ਫੀਸਦੀ) ਅਤੇ ਸ਼ਿਵਸੈਨਾ ਦੇ 7 ਜੇਤੂ ਉਮੀਦਵਾਰਾਂ ’ਚੋਂ 5 (71 ਫੀਸਦੀ) ਨੇ ਅਪਰਾਧਿਕ ਮਾਮਲੇ ਐਲਾਨ ਕੀਤੇ ਹਨ।


Tanu

Content Editor

Related News