ਸ਼ਹਿਰ ਦੇ ਵਿਕਾਸ ਲਈ ਸੰਘਰਸ਼ ਕਰ ਰਹੇ ਕੌਂਸਲਰਾਂ ਦੀਆਂ ਉਮੀਦਾਂ ''ਤੇ ਫਿਰਿਆ ਪਾਣੀ

Wednesday, Aug 09, 2017 - 08:02 AM (IST)

ਸ਼ਹਿਰ ਦੇ ਵਿਕਾਸ ਲਈ ਸੰਘਰਸ਼ ਕਰ ਰਹੇ ਕੌਂਸਲਰਾਂ ਦੀਆਂ ਉਮੀਦਾਂ ''ਤੇ ਫਿਰਿਆ ਪਾਣੀ

ਮੋਗਾ  (ਪਵਨ ਗਰੋਵਰ/ਗੋਪੀ ਰਾਉੂਕੇ) - ਪਿਛਲੇ ਕਾਫੀ ਸਮੇਂ ਤੋਂ ਮੋਗਾ ਸ਼ਹਿਰ ਦੇ ਰੁਕੇ ਵਿਕਾਸ ਕਾਰਜਾਂ ਦੀ ਗੱਡੀ ਦੁਬਾਰਾ ਲੀਹ 'ਤੇ ਲਿਆਉਣ ਲਈ ਸੰਘਰਸ਼ ਕਰ ਰਹੇ ਕੌਂਸਲਰਾਂ ਨੂੰ ਇਕ ਵਾਰ ਫਿਰ ਵੱਡਾ ਝਟਕਾ ਲੱਗਾ। 9 ਅਗਸਤ ਨੂੰ ਨਗਰ ਨਿਗਮ ਵੱਲੋਂ ਜਨਰਲ ਹਾਊਸ ਦੀ ਕੀਤੀ ਜਾਣ ਵਾਲੀ ਮੀਟਿੰਗ ਦੀਆਂ ਸ਼ੁਰੂ ਕੀਤੀਆਂ ਤਿਆਰੀਆਂ ਉਸ ਸਮੇਂ ਅੱਧ-ਵਿਚਕਾਰ ਲਟਕ ਗਈਆਂ, ਜਦੋਂ ਨਗਰ ਨਿਗਮ ਦੇ ਕਮਿਸ਼ਨਰ ਅਚਾਨਕ ਟ੍ਰੇਨਿੰਗ ਲਈ ਚਲੇ ਗਏ, ਜਿਸ ਕਾਰਨ ਮੀਟਿੰਗ ਇਕ ਵਾਰ ਫਿਰ ਰੱਦ ਹੋ ਗਈ। ਜਾਣਕਾਰੀ ਅਨੁਸਾਰ 50 ਕੌਂਸਲਰਾਂ ਵਾਲੇ ਜਨਰਲ ਹਾਊਸ ਦੀ ਮੀਟਿੰਗ ਲਈ ਸੰਦੇਸ਼ ਜਾਰੀ ਕਰਨ ਦੇ ਨਾਲ-ਨਾਲ ਏਜੰਡੇ ਦੀ ਤਿਆਰੀ ਵੀ ਲਗਭਗ ਕੀਤੀ ਜਾ ਚੁੱਕੀ ਸੀ। ਲੰਮੇ ਸਮੇਂ ਤੋਂ ਨਿਗਮ ਦੀ ਮੀਟਿੰਗ ਨਾ ਹੋਣ ਕਾਰਨ ਸ਼ਹਿਰ 'ਚ ਵਿਕਾਸ ਕਾਰਜ ਠੱਪ ਪਏ ਹਨ। ਦੂਸਰੇ ਪਾਸੇ ਜੇ. ਆਈ. ਟੀ. ਐੱਫ. ਕੰਪਨੀ ਵੱਲੋਂ ਸ਼ਹਿਰ 'ਚੋਂ ਕੂੜਾ ਚੁੱਕਣ ਦਾ ਕੰਮ ਬੰਦ ਕਰਨ ਦੀ ਤਿਆਰ ਕੀਤੀ ਜਾ ਰਹੀ ਯੋਜਨਾ ਕਾਰਨ ਸ਼ਹਿਰ ਵਾਸੀਆਂ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੀ ਕਹਿਣੈ ਸੀਨੀਅਰ ਕੌਂਸਲਰ ਦਾ
ਇਸ ਮਾਮਲੇ ਸਬੰਧੀ ਸੰਪਰਕ ਕਰਨ 'ਤੇ ਸੀਨੀਅਰ ਕੌਂਸਲਰ ਪ੍ਰੇਮ ਚੰਦ ਚੱਕੀ ਵਾਲਾ ਦਾ ਕਹਿਣਾ ਹੈ ਕਿ ਜਨਰਲ ਹਾਊਸ ਦੀ ਮੀਟਿੰਗ ਨਾਲੋਂ ਵੀ ਜ਼ਰੂਰੀ ਸ਼ਹਿਰ ਦੀ ਸਫਾਈ ਵਿਵਸਥਾ ਹੈ। ਕੰਪਨੀ ਨੂੰ 20 ਮਹੀਨਿਆਂ ਤੋਂ ਪੈਸੇ ਨਹੀਂ ਮਿਲੇ, ਜਿਸ ਕਾਰਨ ਕੰਪਨੀ ਨੇ ਕਾਫੀ ਸਥਾਨਾਂ 'ਤੇ ਕੂੜਾ ਚੁੱਕਣਾ ਬੰਦ ਕਰ ਦਿੱਤਾ ਅਤੇ ਸ਼ਹਿਰ ਦੇ ਕਈ ਗਲੀਆਂ-ਮੁਹੱਲਿਆਂ 'ਚ ਲੱਗੇ ਗੰਦਗੀ ਦੇ ਡੰਪ ਵੀ ਸਾਫ ਨਹੀਂ ਹੋਏ, ਜੇਕਰ ਆਉਣ ਵਾਲੇ ਦਿਨਾਂ 'ਚ ਬਾਰਿਸ਼ ਹੁੰਦੀ ਹੈ ਤਾਂ ਹੋਰ ਵੀ ਸਮੱਸਿਆ ਪੈਦਾ ਹੋ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਵੱਲ ਮੇਅਰ ਅਤੇ ਹੋਰ ਅਧਿਕਾਰੀ ਧਿਆਨ ਦੇਣ।
ਕੀ ਕਹਿੰਦੇ ਨੇ ਨਿਗਮ ਦੇ ਚੀਫ ਸੈਨੇਟਰੀ ਅਧਿਕਾਰੀ
ਨਿਗਮ ਦੇ ਚੀਫ ਸੈਨੇਟਰੀ ਅਧਿਕਾਰੀ ਸੰਦੀਪ ਕਟਾਰੀਆ ਦਾ ਕਹਿਣਾ ਹੈ ਕਿ ਕੰਪਨੀ ਨਿਯਮਾਂ ਅਨੁਸਾਰ ਕੰਮ ਨਹੀਂ ਕਰ ਰਹੀ ਅਤੇ ਇਸ ਦੇ ਲਈ ਸ਼ਹਿਰ 'ਚੋਂ ਕੂੜਾ ਚੁੱਕਣ ਦਾ ਕੰਮ ਨਿਗਮ ਆਪਣੇ ਪੱਧਰ 'ਤੇ ਕਰੇਗਾ। ਉਨ੍ਹਾਂ ਕਿਹਾ ਕਿ ਮੁੱਖ ਡੰਪਿੰਗ ਤੱਕ ਕੂੜਾ ਪਹੁੰਚਾਉਣ ਦਾ
ਕੰਮ ਸ਼ੁਰੂ ਕਰ ਦਿੱਤਾ ਹੈ।


Related News