ਮੀਤ ਹੇਅਰ ਨੇ ਸੰਸਦ ''ਚ ਬੁਲੰਦ ਕੀਤਾ ‘ਇਨਕਲਾਬ ਜ਼ਿੰਦਾਬਾਦ’, ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ, MP ਵਜੋਂ ਚੁੱਕੀ ਸਹੁੰ

Tuesday, Jun 25, 2024 - 03:32 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਸੰਗਰੂਰ ਸੰਸਦੀ ਹਲਕੇ ਤੋਂ ਚੁਣੇ ਗਏ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸੰਸਦ ’ਚ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਇਸ ਮੌਕੇ ਸੰਸਦ ਭਵਨ ’ਚ ਮੁੱਖ ਮੰਤਰੀ ਮਾਨ ਅਤੇ ਮੀਤ ਹੇਅਰ ਦੇ ਮਾਤਾ-ਪਿਤਾ ਅਤੇ ਪਤਨੀ ਵੀ ਹਾਜ਼ਰ ਸਨ। ਮੀਤ ਹੇਅਰ ਨੇ ਪੰਜਾਬੀ ਮਾਂ ਬੋਲੀ ’ਚ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਬਾਅਦ ਮੀਤ ਹੇਅਰ ਨੇ ਦੇਸ਼ ਦੇ ਆਜ਼ਾਦੀ ਘੁਲਾਟੀਆਂ, ਕਿਸਾਨਾਂ ਅਤੇ ਜਵਾਨਾਂ ਨੂੰ ਸਿਜਦਾ ਕਰਦਿਆਂ ‘ਇਨਕਲਾਬ ਜ਼ਿੰਦਾਬਾਦ’, ਤੇ ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਵੀ ਬੁਲੰਦ ਕੀਤਾ।

ਇਹ ਖ਼ਬਰ ਵੀ ਪੜ੍ਹੋ - ਦਿਨੇਂ ਕਿਰਤ ਕਰ ਕੇ ਰਾਤ ਨੂੰ ਸ਼ੌਕ ਪੁਗਾ ਰਿਹਾ ਇਹ ਨੌਜਵਾਨ, ਕਾਰੀਗੀਰੀ ਵੇਖ ਹਰ ਕੋਈ ਕਰ ਰਿਹੈ ਵਾਹ-ਵਾਹ

35 ਵਰ੍ਹਿਆਂ ਦੇ ਮੀਤ ਹੇਅਰ ਨੇ ਇਸ ਵਾਰ ਲੋਕ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਸੰਗਰੂਰ ਲੋਕ ਸਭਾ ਹਲਕਾ ਤੋਂ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ 1,72,560 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤੇ ਸਨ। ਇਹ ਉਨ੍ਹਾਂ ਦੀ ਪਹਿਲੀ ਲੋਕ ਸਭਾ ਚੋਣ ਸੀ। ਇਸ ਤੋਂ ਪਹਿਲਾਂ ਉਹ 2017 ਤੇ 2022 ’ਚ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਦੋ ਵਾਰ ਵਿਧਾਇਕ ਚੁਣੇ ਗਏ ਸਨ। ਸਾਲ 2022 ਤੋਂ ਉਹ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ’ਚ ਬਤੌਰ ਕੈਬਨਿਟ ਮੰਤਰੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ।

ਮੀਤ ਹੇਅਰ ਦਾ ਜੱਦੀ ਪਿੰਡ ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਹਲਕੇ ਦਾ ਕੁਰੜ (ਛਾਪਾ) ਹੈ ਅਤੇ ਉਹ ਬਰਨਾਲਾ ਸ਼ਹਿਰੀ ਦਾ ਪੱਕਾ ਵਸਨੀਕ ਹੈ। ਬਰਨਾਲਾ ਤੋਂ ਸਕੂਲੀ ਪੜ੍ਹਾਈ ਕਰਨ ਉਪਰੰਤ ਸਵਾਮੀ ਵਿਵੇਕਾਨੰਦ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਬਨੂੜ ਤੋਂ ਮੈਕਨੀਕਲ ਇੰਜੀਨੀਅਰਿੰਗ ਦੀ ਡਿਗਰੀ ਪਾਸ ਮੀਤ ਹੇਅਰ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਨ ਜਦੋਂ ਉਹ ਅੰਨਾ ਹਜ਼ਾਰੇ ਤੇ ਅਰਵਿੰਦ ਕੇਜਰੀਵਾਲ ਵੱਲੋਂ ਚਲਾਏ ਜਾ ਰਹੇ ਅੰਦੋਲਨ ਨਾਲ ਜੁੜ ਗਏ ਅਤੇ ਫੇਰ ਆਮ ਆਦਮੀ ਪਾਰਟੀ ਦੇ ਮੁੱਢਲੇ ਮੈਂਬਰ ਬਣ ਗਏ। ਮੀਤ ਹੇਅਰ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਵੀ ਪ੍ਰਧਾਨ ਰਹੇ।

ਇਹ ਖ਼ਬਰ ਵੀ ਪੜ੍ਹੋ - ਤਪਦੀ ਗਰਮੀ ਵਿਚਾਲੇ ਮੀਂਹ ਨੂੰ ਲੈ ਕੇ ਵੱਡੀ ਅਪਡੇਟ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ਕੈਬਨਿਟ ਮੰਤਰੀ ਵਜੋਂ ਖੇਡਾਂ ਤੇ ਯੁਵਕ ਸੇਵਾਵਾਂ, ਜਲ ਸਰੋਤ, ਖਣਨ, ਉੱਚੇਰੀ ਸਿੱਖਿਆ ਤੇ ਭਾਸ਼ਾਵਾਂ, ਸਕੂਲ ਸਿੱਖਿਆ, ਪ੍ਰਸ਼ਾਸਕੀ ਸੁਧਾਰ, ਵਾਤਾਵਰਣ, ਸਾਇੰਸ ਤੇ ਤਕਨਾਲੋਜੀ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗਾਂ ਦੀਆਂ ਸੇਵਾਵਾਂ ਨਿਭਾਉਣ ਵਾਲੇ ਮੀਤ ਹੇਅਰ ਕ੍ਰਿਕੇਟ ਤੇ ਬੈਡਮਿੰਟਨ ਦੇ ਚੰਗੇ ਖਿਡਾਰੀ ਵੀ ਹਨ। ਉਨ੍ਹਾਂ ਦੀ ਵਾਤਾਵਰਣ ਸੰਭਾਲ ਦੇ ਸਮਾਜਿਕ ਕੰਮਾਂ, ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪਸਾਰ ਅਤੇ ਪਾਲਤੂ ਜਾਨਵਰ ਰੱਖਣ ’ਚ ਬਹੁਤ ਰੁੱਚੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News