ਖੇਡ ਮੰਤਰੀ ਮੀਤ ਹੇਅਰ ਨੇ ਓਲੰਪੀਅਨ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ ਦੀ ਮਾਤਾ ਦੇ ਦਿਹਾਂਤ ’ਤੇ ਪ੍ਰਗਟਾਇਆ ਦੁੱਖ

Sunday, Aug 21, 2022 - 06:15 PM (IST)

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਓਲੰਪੀਅਨ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ ਦੀ ਮਾਤਾ ਇੰਦਰਜੀਤ ਕੌਰ ਦੇ ਦਿਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੰਦਰਜੀਤ ਕੌਰ, ਜੋ 62 ਵਰ੍ਹਿਆਂ ਦੇ ਸਨ, ਬੀਤੀ ਰਾਤ ਬਠਿੰਡਾ ਵਿਖੇ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿੱਛੇ ਪਤੀ, ਪੁੱਤਰ ਤੇ ਧੀ ਛੱਡ ਗਏ। ਖੇਡ ਮੰਤਰੀ ਨੇ ਸਿੱਧੂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇੰਦਰਜੀਤ ਕੌਰ ਦਾ ਜਿੱਥੇ ਅਧਿਆਪਨ ਕਿੱਤੇ ਨੂੰ ਬਹੁਤ ਯੋਗਦਾਨ ਸੀ, ਉੱਥੇ ਉਨ੍ਹਾਂ ਆਪਣੀ ਬੇਟੀ ਅਵਨੀਤ ਕੌਰ ਸਿੱਧੂ ਨੂੰ ਖੇਡਾਂ ਦੇ ਖੇਤਰ ’ਚ ਅੱਗੇ ਵਧਾਉਣ ’ਚ ਬਹੁਤ ਵੱਡਾ ਰੋਲ ਨਿਭਾਇਆ, ਜਿਸ ਨੂੰ ਦੇਖ ਕੇ ਮਾਲਵੇ ਖ਼ਿੱਤੇ ’ਚ ਕੁੜੀਆਂ ਨੂੰ ਖੇਡਾਂ ’ਚ ਆਉਣ ਦੀ ਪ੍ਰੇਰਨਾ ਮਿਲੀ। ਮੀਤ ਹੇਅਰ ਨੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।

ਇਹ ਵੀ ਪੜ੍ਹੋ : ਜਲੰਧਰ ਦਿਹਾਤੀ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 3 ਸਮੱਗਲਰ ਗ੍ਰਿਫ਼ਤਾਰ ਤੇ 78 ਲੱਖ ਦੀ ਡਰੱਗ ਮਨੀ ਬਰਾਮਦ

ਇੰਦਰਜੀਤ ਕੌਰ ਦਸਮੇਸ਼ ਕਾਲਜ ਬਾਦਲ ਤੋਂ ਬਤੌਰ ਲਾਇਬ੍ਰੇਰੀਅਨ ਸੇਵਾ-ਮੁਕਤ ਹੋਏ ਸਨ। ਉਨ੍ਹਾਂ ਦੇ ਪਤੀ ਅੰਮ੍ਰਿਤਪਾਲ ਸਿੰਘ ਸਿੱਧੂ ਜਿੱਥੇ ਅਗਾਂਹਵਧੂ ਇਨਸਾਨ ਹਨ, ਉੱਥੇ ਪੱਤਰਕਾਰੀ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਦੀ ਬੇਟੀ ਅਵਨੀਤ ਕੌਰ ਸਿੱਧੂ, ਜੋ ਮਾਲੇਰਕੋਟਲਾ ਦੇ ਐੱਸ. ਐੱਸ. ਪੀ. ਹਨ, ਉੱਥੇ ਨਿਸ਼ਾਨੇਬਾਜ਼ੀ ’ਚ ਪੰਜਾਬ ਦੀ ਪਹਿਲੀ ਮਹਿਲਾ ਓਲੰਪੀਅਨ, ਕਾਮਨਵੈਲ਼ਥ ਤੇ ਏਸ਼ੀਅਨ ਖੇਡਾਂ ਦੀ ਜੇਤੂ ਖਿਡਾਰਨ ਹੈ ਅਤੇ ਅਰਜੁਨਾ ਐਵਾਰਡੀ ਹੈ। ਉਨ੍ਹਾਂ ਦੇ ਦਾਮਾਦ ਅਤੇ ਅਵਨੀਤ ਦੇ ਪਤੀ ਰਾਜਪਾਲ ਸਿੰਘ ਭਾਰਤੀ ਹਾਕੀ ਦੇ ਸਾਬਕਾ ਕਪਤਾਨ ਹਨ। ਉਨ੍ਹਾਂ ਦਾ ਬੇਟਾ ਮਨਮੀਤ ਸਿੰਘ ਪੇਸ਼ੇ ਤੋਂ ਵਕੀਲ ਹੈ।
 


Manoj

Content Editor

Related News