ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ
Saturday, Jan 20, 2018 - 07:12 AM (IST)
ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ/ਜਗਸੀਰ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਬਾਘਾਪੁਰਾਣਾ ਤੇ ਬਲਾਕ ਨਿਹਾਲ ਸਿੰਘ ਵਾਲਾ ਦੀ ਇਕ ਅਹਿਮ ਮੀਟਿੰਗ ਰਾਮ ਬਾਗ ਨਿਹਾਲ ਸਿੰਘ ਵਾਲਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਮਾਛੀਕੇ, ਜ਼ਿਲਾ ਚੇਅਰਮੈਨ ਬਲਦੇਵ ਸਿੰਘ ਧੂੜਕੋਟ, ਜਨਰਲ ਸਕੱਤਰ ਰਣਧੀਰ ਸਿੰਘ ਮੀਨੀਆਂ, ਬਲਾਕ ਚੇਅਰਮੈਨ ਸੁਖਦੇਵ ਸਿੰਘ ਗੰਜੀ ਗੁਲਾਬ ਸਿੰਘ ਵਾਲਾ ਤੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਨੱਥੋਕੇ ਨੇ ਕਿਹਾ ਕਿ ਪੱਛਮੀ ਸੱਭਿਆਚਾਰ ਦੀ ਤਰ੍ਹਾਂ ਸਾਡੇ ਸਮਾਜ ਅੰਦਰ ਵੀ ਨੌਜਵਾਨ ਲੜਕੇ-ਲੜਕੀਆਂ ਮਨਮਰਜ਼ੀ ਨਾਲ ਵਿਆਹ ਕਰਵਾ ਰਹੇ ਹਨ, ਜਿਸ ਨੂੰ ਸਾਡਾ ਸਮਾਜ ਪ੍ਰਵਾਨਗੀ ਨਹੀਂ ਦਿੰਦਾ, ਜਿਸ ਕਾਰਨ ਅਜਿਹੇ ਪਰਿਵਾਰ ਜਾਂ ਤਾਂ ਮਾਨਸਿਕ ਰੋਗੀ ਹੋ ਜਾਂਦੇ ਹਨ ਜਾਂ ਬੇਇੱਜ਼ਤੀ ਨਾ ਸਹਾਰਦੇ ਹੋਏ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਖੁਦਕੁਸ਼ੀ ਕਰ ਲੈਂਦਾ ਹੈ। ਅਜਿਹੀ ਹੀ ਘਟਨਾ ਹਲਕੇ ਦੇ ਪਿੰਡ ਖੋਟੇ 'ਚ ਵਾਪਰੀ ਹੈ, ਜੋ ਇਕ ਬਹੁਤ ਹੀ ਦੁੱਖਦਾਈ ਘਟਨਾ ਹੈ ਪਰ ਉਸ ਤੋਂ ਵੱਧ ਦੁੱਖ ਵਾਲੀ ਗੱਲ ਇਹ ਹੈ ਕਿ ਕਿਸੇ ਬੇਕਸੂਰ ਵਿਅਕਤੀ ਨੂੰ ਸਿਆਸੀ ਰੰਜਿਸ਼ ਕਾਰਨ ਝੂਠੇ ਕੇਸ 'ਚ ਫਸਾਉਣਾ।
ਉੱਘੇ ਸਮਾਜ ਸੇਵੀ ਅਤੇ ਲੰਮੇ ਸਮੇਂ ਤੋਂ ਬਲਾਕ ਬਾਘਾਪੁਰਾਣਾ ਦੇ ਪ੍ਰਧਾਨ ਡਾ. ਕੇਵਲ ਸਿੰਘ ਖੋਟੇ ਨੂੰ ਕੇਸ 'ਚ ਫਸਾ ਕੇ ਉਸ 'ਤੇ ਝੂਠਾ ਪਰਚਾ ਦਰਜ ਕਰਵਾਇਆ ਗਿਆ ਹੈ। ਉਕਤ ਆਗੂਆਂ ਨੇ ਕਿਹਾ ਕਿ ਡਾ. ਕੇਵਲ ਸਿੰਘ ਖੋਟੇ ਦਾ ਇਸ ਘਟਨਾ ਨਾਲ ਕੋਈ ਵਾਹ-ਵਾਸਤਾ ਨਹੀਂ ਹੈ। ਸਮਾਜ ਸੇਵਕ ਹੋਣ ਕਾਰਨ ਉਹ ਹਰ ਇਕ ਦੇ ਦੁੱਖ-ਸੁੱਖ 'ਚ ਸਹਾਈ ਹੁੰਦੇ ਹਨ ਅਤੇ ਇਹ ਭੇਦਭਾਵ ਹਰੇਕ ਮਸਲੇ ਨੂੰ ਨਿਬੇੜਦੇ ਆ ਰਹੇ ਹਨ, ਜਿਸ ਕਾਰਨ ਉਹ ਆਪਣੇ ਸਿਆਸੀ ਵਿਰੋਧੀਆਂ ਦੀਆਂ ਅੱਖਾਂ 'ਚ ਰੋੜ ਵਾਂਗ ਰੜਕਦੇ ਹਨ।
ਉਨ੍ਹਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਕੇਵਲ ਸਿੰਘ ਖੋਟੇ 'ਤੇ ਦਰਜ ਝੂਠੇ ਪਰਚੇ ਨੂੰ ਰੱਦ ਕੀਤਾ ਜਾਵੇ, ਨਹੀਂ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਉਨ੍ਹਾਂ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਜੇਕਰ ਪ੍ਰਸ਼ਾਸਨ ਵੱਲੋਂ ਡਾ. ਖੋਟੇ 'ਤੇ ਦਰਜ ਇਹ ਝੂਠਾ ਪਰਚਾ ਰੱਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ 'ਚ ਉਹ ਸੰਘਰਸ਼ ਲਈ ਤਿਆਰ ਰਹਿਣ।
ਇਸ ਮੌਕੇ ਐੱਨ. ਜੀ. ਓ. ਆਗੂ ਬਲਰਾਜ ਸਿੰਘ ਸਮਾਲਸ਼ਰ, ਬਲਾਕ ਚੇਅਰਮੈਨ ਜਸਵਿੰਦਰ ਸਿੰਘ ਦੀਨਾ, ਪ੍ਰਧਾਨ ਗੁਰਮੇਲ ਸਿੰਘ ਦੌਧਰ, ਜਸਵਿੰਦਰ ਸਿੰਘ ਪੱਤੋਂ, ਪਵਨਦੀਪ ਸਮਾਧ, ਪ੍ਰੈੱਸ ਸਕੱਤਰ ਸ਼ਿਵਰਾਜ ਸਿੰਘ ਖੋਟੇ, ਅਨਮੋਲ ਸਿੰਘ ਸਮਾਧ ਭਾਈ, ਕੈਸ਼ੀਅਰ ਜਤਿੰਦਰ ਸਿੰਘ, ਰਾਜਿੰਦਰ ਸਿੰਘ ਲੋਪੋਂ, ਕੁਲਦੀਪ ਸਿੰਘ ਆਦਿ ਤੋਂ ਇਲਾਵਾ ਸਮੂਹ ਯੂਨੀਅਨ ਦੇ ਮੈਂਬਰ ਹਾਜ਼ਰ ਸਨ।
