ਮੈਡੀਕਲ ਕੌਂਸਲ ਦੀਆਂ ਧੱਜੀਆਂ ਉਡਾ ਰਿਹੈ ਮੈਡੀਕਲ ਕਾਲਜ

Thursday, Jul 05, 2018 - 02:00 AM (IST)

ਅੰਮ੍ਰਿਤਸਰ,   (ਦਲਜੀਤ)-  ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ ਅਧੀਨ ਚੱਲਣ ਵਾਲੇ ਗਾਇਨੀ ਵਿਭਾਗ ’ਚ ਮੈਡੀਕਲ ਕੌਂਸਲ ਆਫ ਇੰਡੀਆ ਦੇ ਨਿਯਮਾਂ ਦੀਆਂ ਧੱਜੀਆਂ ਉਡ ਰਹੀਅਾਂ ਹਨ। ਵਿਭਾਗ ਦੀ ਮੁਖੀ ਅਤੇ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਸਮੇਤ ਵਾਰਡ ਨੰ. 2 ਵਿਚ ਜਿਥੇ ਪੀ. ਜੀ. ਡਾਕਟਰਾਂ ਦੀ ਭਰਮਾਰ ਹੈ, ਉਥੇ ਹੀ ਵਾਰਡ ਨੰ. 3 ਅਤੇ 4 ਵਿਚ ਸੀਮਤ ਡਾਕਟਰ ਦੇ ਕੇ ਉਨ੍ਹਾਂ ਤੋਂ 20-20 ਘੰਟੇ ਕੰਮ ਕਰਵਾ ਕੇ ਸਰੀਰਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕੌਂਸਲ ਦੇ ਨਿਯਮਾਂ ਨੂੰ ਅੱਖੋਂ-ਪਰੋਖੇ ਕਰ ਕੇ 30-30 ਬੈੱਡਾਂ ਵਾਲੇ ਵਾਰਡਾਂ ਨੂੰ 15-15 ਬੈੱਡਾਂ ਤੱਕ ਹੀ ਸੀਮਤ ਕਰ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ। ਉੱਚ ਅਧਿਕਾਰੀਆਂ ਦੀ ਇਸ ਕਾਣੀ ਵੰਡ ਕਾਰਨ ਪਿਛਲੇ ਸਮੇਂ ਦੌਰਾਨ 4 ਪੀ. ਜੀ. ਡਾਕਟਰ ਅੱਧ-ਵਿਚਾਲੇ ਪਡ਼੍ਹਾਈ ਛੱਡ ਕੇ ਚਲੇ ਗਏ ਹਨ। ਗਾਇਨੀ ਵਿਭਾਗ ਦੀ ਇਕ ਮਹਿਲਾ ਡਾਕਟਰ ਨੇ ਇਸ ਸਬੰਧੀ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਵੀ ਸ਼ਿਕਾਇਤ ਕੀਤੀ ਹੈ। 
 ®ਜਾਣਕਾਰੀ ਅਨੁਸਾਰ ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ ਅਧੀਨ ਚੱਲਣ ਵਾਲੇ ਗਾਇਨੀ ਵਿਭਾਗ ’ਚ 4 ਗਾਇਨੀ ਵਾਰਡ ਹਨ। ਗਾਇਨੀ ਵਿਭਾਗ ਵਿਚ ਰੋਜ਼ਾਨਾ 1 ਦਰਜਨ ਦੇ ਕਰੀਬ ਜਣੇਪੇ ਦੇ ਕੇਸ ਆਉਂਦੇ ਹਨ। ਵਾਰਡ ਨੰ. 1 ਦੀ ਮੁਖੀ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਹਨ, ਜਿਨ੍ਹਾਂ ਦੇ ਵਾਰਡ ਵਿਚ 8 ਪੀ. ਜੀ. ਡਾਕਟਰ ਤਾਇਨਾਤ ਹਨ, ਜਦਕਿ ਵਾਰਡ ਨੰ. 2 ਵਿਚ 7 ਪੀ. ਜੀ. ਡਾਕਟਰ ਕੰਮ ਕਰ ਰਹੇ ਹਨ। ਵਾਰਡ ਨੰ. 3 ਵਿਚ ਮਤਰੇਈ ਮਾਂ ਵਾਲਾ ਸਲੂਕ ਕਰਦਿਅਾਂ ਸਿਰਫ 4 ਪੀ. ਜੀ. ਹੀ ਤਾਇਨਾਤ ਕੀਤੇ ਗਏ ਹਨ, ਜਦਕਿ ਵਾਰਡ ਨੰ. 4 ਵਿਚ 3 ਪੀ. ਜੀ. ਤਾਇਨਾਤ ਕਰ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ।   ®ਡਾ. ਬਲਵਿੰਦਰ ਕੌਰ ਨੇ ਗੱਲਬਾਤ ਕਰਦਿਅਾਂ ਦੱਸਿਆ ਕਿ ਉਹ ਅਾਜ਼ਾਦ ਭਾਰਤ ਵਿਚ ਰਹਿੰਦੇ ਹਨ। ਸੰਵਿਧਾਨ ਸਾਰਿਆਂ ਲਈ ਇਕ ਸਮਾਨ ਹੈ ਪਰ ਕੁਝ ਲੋਕ ਆਪਣੇ ਅਹੁਦਿਆਂ ਦਾ ਪ੍ਰਭਾਵ ਦਿਖਾ ਕੇ ਨਿਯਮਾਂ ਵਿਰੁੱਧ ਕੰਮ ਕਰ ਰਹੇ ਹਨ। ਪੀ. ਜੀ. ਡਾਕਟਰਾਂ ਦੇ ਹੋ ਰਹੇ ਸ਼ੋਸ਼ਣ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਜੱਚਾ-ਬੱਚਾ ਦੀਅਾਂ ਸਿਹਤ ਸਹੂਲਤਾਂ ਵੀ ਪ੍ਰਭਾਵਿਤ ਹੋ ਰਹੀਅਾਂ ਹਨ। ਉੱਚ ਅਧਿਕਾਰੀਆਂ ਨੂੰ ਚਿੱਠੀਆਂ ਕੱਢਣ ਦੇ ਬਾਵਜੂਦ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾ ਰਹੀ, ਜਿਸ ਕਾਰਨ ਉਨ੍ਹਾਂ ਨੂੰ ਹੁਣ ਮਜਬੂਰ ਹੋ ਕੇ ਮਾਣਯੋਗ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ। 
 ®ਇਸ ਸਬੰਧੀ ਜਦੋਂ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਸੁਰਿੰਦਰਪਾਲ ਨਾਲ ਫੋਨ ’ਤੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਆਪਣਾ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। 


Related News