ਮੈਡੀਕਲ ਬੋਰਡ ਵੀਡੀਓਗ੍ਰਾਫੀ 'ਚ ਕਰੇਗਾ ਮਾਂ-ਧੀ ਦਾ ਪੋਸਟਮਾਰਟਮ
Wednesday, Feb 07, 2018 - 10:30 AM (IST)

ਅੰਮ੍ਰਿਤਸਰ (ਸੰਜੀਵ) - ਜੀ. ਟੀ. ਰੋਡ ਸਥਿਤ ਦਰਸ਼ਨ ਐਵੀਨਿਊ 'ਚ ਹੋਏ ਮਾਂ-ਧੀ ਦੇ ਦੋਹਰੇ ਹੱਤਿਆਕਾਂਡ ਵਿਚ ਅੱਜ ਮੈਡੀਕਲ ਬੋਰਡ ਵੀਡੀਓਗ੍ਰਾਫੀ 'ਚ ਉਨ੍ਹਾਂ ਦਾ ਪੋਸਟਮਾਰਟਮ ਕਰੇਗਾ, ਜਿਸ ਵਿਚ ਮੌਤ ਦੇ ਕਾਰਨਾਂ ਦੇ ਖੁਲਾਸੇ ਦੇ ਨਾਲ-ਨਾਲ ਪੁਲਸ ਵੱਲੋਂ ਜਤਾਇਆ ਜਾ ਰਿਹਾ ਜਬਰ-ਜ਼ਨਾਹ ਦਾ ਖਦਸ਼ਾ ਵੀ ਪਤਾ ਲੱਗ ਜਾਵੇਗਾ। ਘਰ ਦੇ ਹਾਲਾਤ ਨੂੰ ਦੇਖ ਕੇ ਪੁਲਸ ਮਾਂ-ਧੀ ਨਾਲ ਕੁਕਰਮ ਉਪਰੰਤ ਹੱਤਿਆ ਕੀਤੇ ਜਾਣ ਸਬੰਧੀ ਜਾਂਚ ਤਾਂ ਕਰ ਰਹੀ ਹੈ ਪਰ ਖੁਲਾਸਾ ਰਿਪੋਰਟ ਤੋਂ ਬਾਅਦ ਹੀ ਹੋਵੇਗਾ।
ਪੁਲਸ ਨੇ ਘਟਨਾ ਸਥਾਨ 'ਤੇ ਮਰਨ ਵਾਲੀ ਗਗਨਦੀਪ ਤੇ ਉਸ ਦੀ ਧੀ ਸ਼ਿਵਨੈਨੀ ਦੇ ਮੋਬਾਇਲ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕਾਲ ਡਿਟੇਲ ਵੀ ਖੰਗਾਲੀ ਜਾ ਰਹੀ ਹੈ। ਕਿਹੜੇ ਹਾਲਾਤ ਵਿਚ ਹੱਤਿਆਰਿਆਂ ਨੇ ਦੋਵਾਂ ਮਾਂ-ਧੀ ਨੂੰ ਬੰਧਕ ਬਣਾਇਆ, ਇਹ ਅਜੇ ਪੁਲਸ ਜਾਂਚ ਦੇ ਗਰਭ ਵਿਚ ਹੈ। ਦੇਰ ਰਾਤ ਹੋਈ ਇਸ ਵਾਰਦਾਤ ਵਿਚ ਪੁਲਸ ਲੁੱਟ ਦੇ ਪੱਖ ਨੂੰ ਵੀ ਦੇਖ ਰਹੀ ਹੈ।
ਗਗਨਦੀਪ ਦੇ ਹਰ ਸਬੰਧੀ ਨੂੰ ਬਾਰੀਕੀ ਨਾਲ ਦੇਖ ਰਹੀ ਪੁਲਸ
ਮਰਨ ਵਾਲੀ ਗਗਨਦੀਪ ਨਾਲ ਸਬੰਧ ਰੱਖਣ ਵਾਲੇ ਹਰ ਵਿਅਕਤੀ ਨੂੰ ਪੁਲਸ ਬਾਰੀਕੀ ਨਾਲ ਖੰਗਾਲ ਰਹੀ ਹੈ, ਜਿਸ ਵਿਚ ਪੁਲਸ ਜਾਂਚ ਲਈ ਕੁਝ ਵਿਅਕਤੀਆਂ ਨੂੰ ਰਾਊਂਡਅਪ ਵੀ ਕਰ ਸਕਦੀ ਹੈ। ਗਗਨਦੀਪ ਦੇ 2 ਵਿਆਹ ਹੋਏ ਅਤੇ ਦੋਵੇਂ ਹੀ ਵਿਅਕਤੀਆਂ ਨਾਲ ਉਸ ਦਾ ਤਲਾਕ ਹੋ ਚੁੱਕਾ ਸੀ, ਹੁਣ ਉਹ ਇਕੱਲੀ ਆਪਣੀ ਧੀ ਨਾਲ ਰਹਿ ਰਹੀ ਸੀ। ਮੌਕੇ ਦੇ ਹਾਲਾਤ ਇਹ ਵੀ ਦੱਸ ਰਹੇ ਸਨ ਕਿ ਘਰ ਵਿਚ ਦਾਖਲ ਹੋਣ ਵਾਲੇ ਦੋਸ਼ੀ ਗਗਨਦੀਪ ਦੀ ਮਰਜ਼ੀ ਨਾਲ ਹੀ ਅੰਦਰ ਦਾਖਲ ਹੋਏ ਅਤੇ ਦੇਰ ਰਾਤ ਕਿਹੜੇ ਅਜਿਹੇ ਹਾਲਾਤ ਪੈਦਾ ਹੋ ਗਏ ਜਿਨ੍ਹਾਂ ਨੇ ਦੋਵਾਂ ਦੀ ਜਾਨ ਲੈ ਲਈ।