ਖਾਣ-ਪੀਣ ਦੀਆਂ ਚੀਜ਼ਾਂ ਅਤੇ ਦਵਾਈਆਂ ਨਾ ਮਿਲਣ ਕਾਰਨ ਸੇਖਾ ਰੋਡ ਵਾਸੀ ਉਤਰੇ ਸੜਕਾਂ ''ਤੇ
Thursday, Apr 09, 2020 - 03:06 PM (IST)
ਬਰਨਾਲਾ (ਵਿਵੇਕ ਸਿੰਧਵਾਨੀ): ਸੇਖਾ ਰੋਡ 'ਤੇ ਇਕ ਔਰਤ ਦੇ ਕੋਰੋਨਾ ਪਾਜ਼ੇਟਿਵ ਹੋਣ ਤੇ ਪ੍ਰਸ਼ਾਸਨ ਵਲੋਂ ਸੇਖਾ ਰੋਡ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਸੀ। ਕਿਸੇ ਵੀ ਵਿਅਕਤੀ ਨੂੰ ਅੰਦਰ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਸੀ। ਪ੍ਰਸ਼ਾਸਨ ਵਲੋਂ ਇਹ ਕਿਹਾ ਗਿਆ ਸੀ ਕਿ ਲੋਕਾਂ ਨੂੰ ਜ਼ਰੂਰੀ ਵਸਤਾਂ ਘਰ 'ਚ ਹੀ ਸਪਲਾਈ ਕੀਤੀਆਂ ਜਾਣਗੀਆਂ ਪਰ ਜਰੂਰੀ ਵਸਤਾਂ ਦੀ ਸਪਲਾਈ ਨਾ ਹੋਣ ਤੇ ਸੇਖਾ ਰੋਡ ਦੇ ਵਾਸੀ ਸੜਕਾਂ ਤੇ ਉਤਰ ਆਏ ਅਤੇ ਜ਼ੋਰਦਾਰ ਨਾਅਰੇਬਾਜੀ ਕੀਤੀ। ਮੌਕੇ ਤੇ ਤਹਿਸੀਲਦਾਰ ਅਤੇ ਡੀ.ਐੱਸ ਮਹਿਲ ਕਲਾਂ ਵੀ ਪੁੱਜ ਗਏ।
ਅਸੀਂ ਤਾਂ ਘਰਾਂ ਵਿਚ ਬੰਦ ਹੋ ਕੇ ਮਰ ਰਹੇ ਹਾਂ ਭੁੱਖੇ
ਗੱਲਬਾਤ ਕਰਦਿਆਂ ਸੇਖਾ ਰੋਡ ਵਾਸੀ ਜਗਰਾਜ ਸਿੰਘ ਪੰਡੋਰੀ ਨੇ ਕਿਹਾ ਕਿ ਪ੍ਰਸ਼ਾਸਨ ਨੇ ਸੇਖਾ ਰੋਡ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਹੈ। ਸਾਨੂੰ ਕਿਹਾ ਗਿਆ ਸੀ ਕਿ ਪ੍ਰਸ਼ਾਸਨ ਵਲੋਂ ਹੀ ਖਾਣ-ਪੀਣ ਵਾਲੀਆਂ ਵਸਤਾਂ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਘਰ-ਘਰ ਪਹੁੰਚਾਈਆਂ ਜਾਣਗੀਆਂ। ਨਾ ਤਾਂ ਖਾਣ ਪੀਣ ਵਾਲੀਆਂ ਵਸਤਾਂ ਘਰਾਂ ਵਿਚ ਪਹੁੰਚਾਈਆਂ ਜਾ ਰਹੀਆਂ ਹਨ ਅਤੇ ਨਾ ਹੀ ਦਵਾਈਆਂ। ਕਈ ਮਰੀਜ਼ ਦਵਾਈ ਤੋਂ ਬਿਨਾਂ ਹੀ ਦੁੱਖ ਭੋਗ ਰਹੇ ਹਨ। ਸਮਾਜ ਸੇਵੀ ਸੰਸਥਾਵਾਂ ਨੇ ਵੀ ਰਾਸ਼ਨ ਵੰਡਣਾ ਬੰਦ ਕਰ ਦਿੱਤਾ ਹੈ, ਜਿਸ ਕਾਰਨ ਗਰੀਬਾਂ ਵਿਚ ਹਾਹਾਕਾਰ ਮਚੀ ਹੋਈ ਹੈ।
ਪੈਨਸ਼ਨ ਲੈਣ ਲਈ ਵੀ ਨਹੀਂ ਨਿਕਲਣ ਦਿੱਤਾ ਜਾ ਰਿਹਾ ਘਰੋਂ
ਮਦਨ ਲਾਲ ਮੱਦੀ ਨੇ ਕਿਹਾ ਕਿ ਸਰਕਾਰ ਨੇ ਹਾਲਾਤਾਂ ਨੂੰ ਦੇਖਦਿਆਂ ਜ਼ਰੂਰਤਮੰਦ ਲੋਕਾਂ ਦੇ ਖਾਤਿਆਂ ਵਿਚ ਪੈਨਸ਼ਨਾਂ ਪਾ ਦਿੱਤੀਆਂ ਹਨ ਪਰ ਪੈਨਸ਼ਨ ਬੈਂਕ ਵਿਚੋਂ ਲੈਣ ਜਾਣ ਵਾਲਿਆਂ ਸੇਖਾ ਰੋਡ ਵਾਸੀਆਂ ਨੂੰ ਘਰੋਂ ਹੀ ਨਿਕਲਣ ਨਹੀਂ ਦਿੱਤਾ ਜਾ ਰਿਹਾ। ਉਹ ਪੈਨਸ਼ਨਾਂ ਕਿਵੇਂ ਲੈ ਕੇ ਆਉਣ। ਘਰਾਂ ਵਿਚ ਲੋਕਾਂ ਕੋਲ ਪੈਸੇ ਨਹੀਂ ਹਨ। ਪੈਸਿਆਂ ਬਿਨਾਂ ਜ਼ਰੂਰੀ ਚੀਜਾਂ ਦੀ ਖਰੀਦ ਵੀ ਨਹੀਂ ਕਰ ਸਕਦੇ। ਸੇਖਾ ਰੋਡ ਤੇ ਖਾਣ ਪੀਣ ਵਾਲੀਆਂ ਚੀਜਾਂ ਅਤੇ ਆਰ ਐਮ ਪੀ ਡਾਕਟਰਾਂ ਦੀਆਂ ਡਾਕਟਰਾਂ ਦੀਆਂ ਦੁਕਾਨਾਂ ਵੀ ਬੰਦ ਕਰ ਦਿੱਤੀਆਂ ਹਨ। ਜਿਸ ਕਾਰਨ ਸਾਡੇ ਸਾਹਮਣੇ ਮੁਸ਼ਕਲਾਂ ਹੀ ਮੁਸ਼ਕਲਾਂ ਹਨ। ਜੇਕਰ ਸਾਰੀਆਂ ਮੁਸ਼ਕਲਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਸਾਨੂੰ ਮਜਬੂਰ ਹੋ ਕੇ ਸੰਘਰਸ਼ ਤਿੱਖਾ ਕਰਨਾ ਪਵੇਗਾ। ਇਸ ਮੌਕੇ ਤੇ ਜਗਨ ਨਾਥ ਗੱਗੀ, ਰਮੇਸ਼ ਕੁਮਾਰ ਮੇਸ਼ੀ, ਪ੍ਰੇਮ ਚੰਦ, ਪਵਨ ਕੁਮਾਰ, ਭੂਸ਼ਣ ਕੁਮਾਰ, ਆਤਮਾ ਰਾਮ ਅਤੇ ਸੱਤਪਾਲ ਆਦਿ ਹਾਜ਼ਰ ਸਨ।