ਮੇਅਰ ਨੇ ਬੁਲਾਈ ਮੀਟਿੰਗ, ਪ੍ਰਸ਼ਾਸਨ ਨੇ ਕੀਤਾ ਮਨ੍ਹਾ
Thursday, Jan 23, 2025 - 09:47 AM (IST)
ਚੰਡੀਗੜ੍ਹ (ਰੌਏ) : ਮੇਅਰ ਕੁਲਦੀਪ ਕੁਮਾਰ ਨੇ 24 ਜਨਵਰੀ ਨੂੰ ਆਪਣੇ ਕਾਰਜਕਾਲ ਦੀ ਆਖ਼ਰੀ ਸਦਨ ਦੀ ਬੈਠਕ ਬੁਲਾਈ ਸੀ, ਜਿਸ ਨੂੰ ਪ੍ਰਸ਼ਾਸਨ ਨੇ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ। ਮੇਅਰ ਨੇ ਨਿਗਮ ਦੀ ਵਿੱਤੀ ਸਥਿਤੀ ਅਤੇ ਸ਼ਹਿਰ ਦੇ ਵਿਕਾਸ ਨਾਲ ਸਬੰਧਿਤ ਏਜੰਡਿਆਂ ’ਤੇ ਚਰਚਾ ਦੇ ਲਈ ਮੀਟਿੰਗ ਬੁਲਾਈ ਸੀ। ਬੁੱਧਵਾਰ ਨੂੰ ਪ੍ਰਸ਼ਾਸਨ ਵੱਲੋਂ ਨਿਗਮ ਨੂੰ ਸੰਦੇਸ਼ ਦਿੱਤਾ ਗਿਆ ਕਿ ਮੇਅਰ ਸਦਨ ਦੀ ਬੈਠਕ ਨਹੀਂ ਬੁਲਾ ਸਕਦੇ ਹਨ। ਪ੍ਰਸ਼ਾਸਨ ਦੇ ਫ਼ੈਸਲੇ 'ਤੇ ਹੈਰਾਨੀ ਪ੍ਰਗਟ ਕਰਦਿਆਂ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਜਦੋਂ ਉਨ੍ਹਾਂ ਦਾ ਕਾਰਜਕਾਲ 29 ਜਨਵਰੀ ਤੱਕ ਹੈ, ਤਾਂ ਨਿਗਮ ਮੀਟਿੰਗ ਕਿਉਂ ਨਹੀਂ ਬੁਲਾ ਸਕਦਾ। ਉਨ੍ਹਾਂ ਨੇ ਕਿਹਾ ਕਿ ਨਿਯਮਾਂ ਅਨੁਸਾਰ, ਹਰ ਮਹੀਨੇ ਸਦਨ ਦੀ ਇੱਕ ਮੀਟਿੰਗ ਹੋਣਾ ਜ਼ਰੂਰੀ ਹੈ।
ਉਨ੍ਹਾਂ ਨੇ ਨਿਯਮਾਂ ਅਨੁਸਾਰ, 24 ਜਨਵਰੀ ਨੂੰ ਮੀਟਿੰਗ ਰੱਖੀ ਸੀ, ਉਸਨੂੰ ਰੱਦ ਕਰ ਦਿੱਤਾ ਗਿਆ, ਜੋ ਕਿ ਗ਼ਲਤ ਹੈ। ਉਨ੍ਹਾਂ ਵੱਲੋਂ ਬੁਲਾਈ ਗਈ ਮੀਟਿੰਗ ਗਲਤ ਹੈ, ਤਾਂ ਭਾਜਪਾ ਦੇ ਸਾਬਕਾ ਮੇਅਰ ਅਨੂਪ ਗੁਪਤਾ ਨੇ ਵੀ ਆਪਣੇ ਕਾਰਜਕਾਲ ਦੌਰਾਨ ਜਨਵਰੀ ਵਿਚ ਸਦਨ ਦੀ ਮੀਟਿੰਗ ਬੁਲਾਈ ਸੀ। ਉਸ ਸਮੇਂ ਪ੍ਰਸ਼ਾਸਨ ਨੇ ਬੈਠਕ ਕੈਂਸਲ ਕਿਉਂ ਨਹੀਂ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਮੀਟਿੰਗ ਵਿਚ ਸ਼ਹਿਰ ਦੇ ਵਿਕਾਸ ਅਤੇ ਨਿਗਮ ਦੀ ਵਿੱਤੀ ਸਥਿਤੀ ਸੁਧਾਰਨ ਦੇ ਲਈ ਸੁਝਾਅ ’ਤੇ ਚਰਚਾ ਜਾਣੀ ਸੀ, ਪਰ ਹੁਣ ਅਜਿਹਾ ਨਹੀਂ ਹੋ ਪਾਵੇਗਾ। ਦੱਸ ਦੇਈਏ ਕਿ ਮੇਅਰ ਦੀਆਂ ਚੋਣਾਂ 30 ਜਨਵਰੀ ਨੂੰ ਹੋਣੀਆਂ ਹਨ। ਅਜਿਹੀ ਸਥਿਤੀ 'ਚ ਮੇਅਰ ਚਾਹੁੰਦੇ ਸਨ ਕਿ ਨਿਗਮ ਦੀ ਆਖ਼ਰੀ ਹਾਊਸ ਮੀਟਿੰਗ ਕਰਵਾਈ ਜਾਵੇ। ਇਸ ਤੋਂ ਪਹਿਲਾਂ ਮੇਅਰ ਦੀਆਂ ਚੋਣਾਂ 24 ਜਨਵਰੀ ਨੂੰ ਹੋਣੀਆਂ ਸਨ, ਪਰ ਮੇਅਰ ਕੁਲਦੀਪ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਕਾਰਜਕਾਲ 29 ਜਨਵਰੀ ਤੱਕ ਕਰਦੇ ਹੋਏ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਸੀ।