ਮੋਗਾ : ਡਿਪਟੀ ਮੇਅਰ ਦੇ ਭਰਾ 'ਤੇ ਗੋਲੀਆਂ ਚਲਾਉਣ ਵਾਲੇ ਨੌਜਵਾਨ ਦੇ ਬਿਸ਼ਨੋਈ ਗੈਂਗ ਨਾਲ ਜੁੜੇ ਤਾਰ, ਗ੍ਰਿਫ਼ਤਾਰ
Thursday, Dec 02, 2021 - 10:31 AM (IST)
ਮੋਗਾ (ਗੋਪੀ ਰਾਊਕੇ, ਆਜ਼ਾਦ) : ਮੋਗਾ ’ਚ ਦਿਨ-ਦਿਹਾੜੇ ਨਗਰ ਨਿਗਮ ਮੋਗਾ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ ਅਤੇ ਭਤੀਜੇ ’ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ। ਇਕੱਤਰ ਜਾਣਕਾਰੀ ਅਨੁਸਾਰ ਸੁਨੀਲ ਧਮੀਜਾ ਫਾਈਨਾਂਸ ਦਾ ਕੰਮ ਕਰਦਾ ਹੈ ਅਤੇ ਜਦੋਂ ਉਹ ਆਪਣੇ ਬੇਟੇ ਪ੍ਰਥਮ ਧਮੀਜਾ (19) ਨਾਲ ਆਪਣੇ ਦਫ਼ਤਰ ਜਾ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰਾਂ ਨੇ ਘੇਰ ਕੇ ਗੋਲੀ ਚਲਾ ਦਿੱਤੀ, ਜਿਸ ਦੌਰਾਨ ਪ੍ਰਥਮ ਦੀ ਲੱਤ ਵਿਚ ਗੋਲੀ ਲੱਗਣ ਕਾਰਣ ਉਹ ਜ਼ਖਮੀ ਹੋ ਗਿਆ, ਜਦੋਂ ਕਿ ਸੁਨੀਲ ਧਮੀਜਾ ਨੇ ਹਮਲਾਵਰਾਂ ਨੂੰ ਕਾਬੂ ਕਰਨ ਲਈ ਘੋਲ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਮੋਗਾ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਡਿਪਟੀ ਮੇਅਰ ਦੇ ਭਰਾ 'ਤੇ ਸ਼ਰੇਆਮ ਚਲਾਈਆਂ ਗੋਲੀਆਂ
ਇਕ ਹਮਲਾਵਰ ਨੇ ਪਿਸਤੌਲ ਵਿਚ ਖ਼ਰਾਬੀ ਆ ਜਾਣ ਕਾਰਣ ਸਿਰ ਵਿਚ ਪਿਸਤੌਲ ਦੇ ਬੱਟ ਮਾਰਨੇ ਸ਼ੁਰੂ ਕਰ ਦਿੱਤੇ, ਪਰ ਸੁਨੀਲ ਧਮੀਜਾ ਨੇ ਜ਼ਖਮੀ ਹੋਣ ਦੇ ਬਾਵਜੂਦ ਵੀ ਹਮਲਾਵਰ ਨੂੰ ਭੱਜਣ ਨਾ ਦਿੱਤਾ। ਇਸ ਮਗਰੋਂ ਮੁਹੱਲੇ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਹਮਲਾਵਰ ਨੂੰ ਫੜ੍ਹ ਲਿਆ। ਪਤਾ ਲੱਗਾ ਹੈ ਕਿ ਗੋਲੀ ਚਲਾਉਣ ਵਾਲਾ ਨੌਜਵਾਨ ਗੈਂਗਸਟਰ ਬਿਸ਼ਨੋਈ ਗਰੁੱਪ ਨਾਲ ਸਬੰਧ ਰੱਖਦਾ ਹੈ, ਜਿਸ ਦੀ ਪਛਾਣ ਮੋਨੂੰ ਪੁੱਤਰ ਰਾਮ ਕੁਮਾਰ ਸੋਨੀਪਤ ਵੱਜੋਂ ਹੋਈ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਵਿਧਾਇਕ ਸਿਮਰਜੀਤ ਬੈਂਸ ਤੇ ਹੋਰਨਾਂ ਖ਼ਿਲਾਫ਼ ਮੁੜ ਗ੍ਰਿਫ਼ਤਾਰੀ ਵਾਰੰਟ ਜਾਰੀ
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਮਲਾਵਰ ਦਾ ਕਹਿਣਾ ਹੈ ਕਿ ਉਸ ਨੂੰ ਗੋਲਡੀ ਬਰਾੜ ਨਾਂ ਦੇ ਮੁੰਡੇ ਨੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਸੱਦਿਆ ਸੀ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡਿਪਟੀ ਮੇਅਰ ਅਸ਼ੋਕ ਧਮੀਜਾ ਦਾ ਭਰਾ ਸੁਨੀਲ ਕੁਮਾਰ ਤੇ ਭਤੀਜਾ ਪ੍ਰਥਮ ਕੁਮਾਰ ਜਿੱਥੇ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹਨ, ਉੱਥੇ ਗ੍ਰਿਫ਼ਤਾਰ ਕੀਤਾ ਨੌਜਵਾਨ ਵੀ ਸਿਵਲ ਹਸਪਤਾਲ ਮੋਗਾ ਵਿਚ ਹੀ ਜ਼ੇਰੇ ਇਲਾਜ ਹੈ, ਜਿਸ ’ਤੇ ਪੁਲਸ ਦਾ ਸਖ਼ਤ ਸੁਰੱਖਿਆ ਪ੍ਰਬੰਧ ਹੈ।
ਇਹ ਵੀ ਪੜ੍ਹੋ : CM ਚੰਨੀ ਤੇ ਸਿੱਧੂ ਦਿੱਲੀ ਤਲਬ, ਸੁਨੀਲ ਜਾਖੜ ਨੂੰ ਵੀ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਦੂਜੇ ਪਾਸੇ ਹਲਕਾ ਵਿਧਾਇਕ ਡਾ. ਹਰਜੋਤ ਕਮਲ ਨੇ ਸਿਵਲ ਹਸਪਤਾਲ ਵਿਖੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਇਸ ਘਟਨਾ ਦੀ ਗੰਭੀਰਤਾ ਨਾਲ ਪੜਤਾਲ ਕਰਨ ਲਈ ਕਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ