ਜਲੰਧਰ ਤੇ ਲੁਧਿਆਣਾ ਤੋਂ ਬਾਅਦ ਹੁਣ ਅੰਮ੍ਰਿਤਸਰ ਨਗਰ ਨਿਗਮ ਦੀ ਵਾਰਡਬੰਦੀ ਦਾ ਮਾਮਲਾ ਵੀ ਹਾਈ ਕੋਰਟ ਪਹੁੰਚਿਆ
Thursday, Nov 23, 2023 - 01:18 PM (IST)
ਜਲੰਧਰ (ਖੁਰਾਣਾ) : ਨਗਰ ਨਿਗਮ ਜਲੰਧਰ ਦੀ ਮਿਆਦ ਇਸ ਸਾਲ ਦੇ ਆਰੰਭ ’ਚ 24 ਜਨਵਰੀ ਨੂੰ ਖ਼ਤਮ ਹੋ ਗਈ ਸੀ ਅਤੇ ਲਗਭਗ ਇਕ ਸਾਲ ਬਾਅਦ ਪੰਜਾਬ ਸਰਕਾਰ ਨਗਰ ਨਿਗਮ ਦੀਆਂ ਚੋਣਾਂ ਜਨਵਰੀ ਮਹੀਨੇ ਵਿਚ ਕਰਵਾਉਣ ਦਾ ਇਰਾਦਾ ਧਾਰਨ ਕਰ ਕੇ ਬੈਠੀ ਹੈ। ਇਸ ਲਈ ਜਿਥੇ ਨਵੀਂ ਵਾਰਡਬੰਦੀ ਦਾ ਨੋਟੀਫਿਕੇਸ਼ਨ ਹੋ ਚੁੱਕਾ ਹੈ, ਉਥੇ ਹੀ ਅੰਸ਼ਿਕ ਚੋਣ ਸ਼ਡਿਊਲ ਵੀ ਚੋਣ ਕਮਿਸ਼ਨ ਨੂੰ ਭੇਜਿਆ ਜਾ ਚੁੱਕਾ ਹੈ। ਹੁਣ ਸਿਰਫ ਚੋਣਾਂ ਦੀਆਂ ਮਿਤੀਆਂ ਨੂੰ ਨਿਰਧਾਰਿਤ ਕੀਤਾ ਜਾਣਾ ਬਾਕੀ ਹੈ ਪਰ ਇਸ ਦੌਰਾਨ ਵੱਖ-ਵੱਖ ਸ਼ਹਿਰਾਂ ਦੇ ਨਗਰ ਨਿਗਮਾਂ ਦੀ ਵਾਰਡਬੰਦੀ ਸਬੰਧੀ ਮਾਮਲੇ ਅਦਾਲਤਾਂ ਦੀ ਸ਼ਰਨ ਵਿਚ ਚਲੇ ਗਏ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਰਕਾਰ ਨੂੰ ਮੁਸ਼ਕਲ ਪੇਸ਼ ਆ ਸਕਦੀ ਹੈ। ਜ਼ਿਕਰਯੋਗ ਹੈ ਕਿ ਜਲੰਧਰ ਅਤੇ ਲੁਧਿਆਣਾ ਨਗਰ ਨਿਗਮ ਦੀ ਵਾਰਡਬੰਦੀ ਸਬੰਧੀ ਪਟੀਸ਼ਨਾਂ ਪਹਿਲਾਂ ਹੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਚੱਲ ਰਹੀਆਂ ਹਨ ਅਤੇ ਹੁਣ ਅੰਮ੍ਰਿਤਸਰ ਨਗਰ ਨਿਗਮ ਦੀ ਵਾਰਡਬੰਦੀ ਸਬੰਧੀ ਪਟੀਸ਼ਨ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਪਾਈ ਜਾ ਚੁੱਕੀ ਹੈ। ਸੂਤਰ ਦੱਸਦੇ ਹਨ ਕਿ ਅੰਮ੍ਰਿਤਸਰ ਦੇ ਸਾਬਕਾ ਮੇਅਰ ਦੇ ਪਰਿਵਾਰਕ ਮੈਂਬਰ ਨੇ ਵਾਰਡਬੰਦੀ ਨੂੰ ਚੁਣੌਤੀ ਦਿੱਤੀ ਹੈ। ਅੰਮ੍ਰਿਤਸਰ ਨਿਗਮ ਸਬੰਧੀ ਪਟੀਸ਼ਨ ’ਤੇ ਸੁਣਵਾਈ ਵੀ ਜਲੰਧਰ ਨਗਰ ਨਿਗਮ ਦੇ ਮਾਮਲੇ ਦੇ ਨਾਲ 23 ਨਵੰਬਰ ਨੂੰ ਨਿਰਧਾਰਿਤ ਕੀਤੀ ਗਈ ਹੈ। ਲੁਧਿਆਣਾ ਨਿਗਮ ਸਬੰਧੀ ਸੁਣਵਾਈ 5 ਦਸੰਬਰ ਨੂੰ ਹੋਣੀ ਹੈ। ਖਾਸ ਗੱਲ ਇਹ ਹੈ ਕਿ ਫਗਵਾੜਾ ਨਗਰ ਨਿਗਮ ਦੀ ਵਾਰਡਬੰਦੀ ਸਬੰਧੀ ਮਾਮਲਾ ਪਹਿਲਾਂ ਹੀ ਸੁਪਰੀਮ ਕੋਰਟ ਵਿਚ ਵਿਚਾਰ ਅਧੀਨ ਹੈ ਅਤੇ ਉਥੇ ਵੱਖ-ਵੱਖ ਪਟੀਸ਼ਨਾਂ ਅਤੇ ਐੱਸ. ਐੱਲ. ਪੀ. ਕਾਰਨ ਸਥਿਤੀ ਕਾਫੀ ਦਿਲਚਸਪ ਬਣੀ ਹੋਈ ਹੈ।
ਇਹ ਵੀ ਪੜ੍ਹੋ : ਡੀ. ਸੀ. ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਗਰ ਕੀਰਤਨ ਦੇ ਰੂਟ ਦੀਆਂ ਦੁਕਾਨਾਂ ਨੂੰ ਬੰਦ ਰੱਖਣ ਦੇ ਦਿੱਤੇ ਹੁਕਮ
ਆਗਾਮੀ ਨਿਗਮ ਚੋਣਾਂ ਦਾ ਬਾਈਕਾਟ ਕਰਨਗੇ ਪਿੰਡ ਖੁਸਰੋਪੁਰ ਦੇ ਵਾਸੀ
ਸਾਰੀਆਂ ਕਾਲੋਨੀਆਂ ਦੇ ਵਾਸੀਆਂ ਦੀ ਮੀਟਿੰਗ ਵਿਚ ਲਿਆ ਗਿਆ ਫੈਸਲਾ
ਕੁਝ ਸਾਲ ਪਹਿਲਾਂ ਜਲੰਧਰ ਛਾਉਣੀ ਤਹਿਤ ਆਉਂਦੇ 12 ਪਿੰਡਾਂ ਨੂੰ ਨਿਗਮ ਦੀ ਹੱਦ ਵਿਚ ਸ਼ਾਮਲ ਕੀਤਾ ਗਿਆ ਸੀ। ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਇਨ੍ਹਾਂ ਪਿੰਡਾਂ ਦੀ ਵਾਰਡਬੰਦੀ ਵੀ ਕੀਤੀ ਗਈ ਸੀ ਪਰ ਜ਼ਿਆਦਾਤਰ ਪਿੰਡਾਂ ਦੇ ਵਾਸੀ ਇਸ ਵਾਰਡਬੰਦੀ ਤੋਂ ਖੁਸ਼ ਨਹੀਂ ਹਨ। ਪਿੰਡ ਖੁਸਰੋਪੁਰ ਦੀ ਆਬਾਦੀ ਅਤੇ ਨਾਲ ਲੱਗਦੀ ਅਫਸਰ ਕਾਲੋਨੀ, ਵਜਰ ਐਵੇਨਿਊ, ਗੈਸ ਗੋਦਾਮ ਕਾਲੋਨੀ, ਸੈਨਿਕ ਵਿਹਾਰ ਕਾਲੋਨੀ, ਬਾਬਾ ਭਗਤ ਿਸੰਘ ਕਾਲੋਨੀ, ਐੱਨ. ਆਰ. ਆਈ. ਕਾਲੋਨੀ, ਕੇਹਰ ਸਿੰਘ ਕਾਲੋਨੀ, ਚਾਹਲ ਮਾਰਕੀਟ, ਸਟੇਡੀਅਮ ਕਾਲੋਨੀ ਅਤੇ ਹੋਰ ਆਬਾਦੀਆਂ ਦੇ ਵਾਸੀਆਂ ਦੀ ਇਕ ਸਾਂਝੀ ਮੀਟਿੰਗ ਪਿਛਲੇ ਿਦਨੀਂ ਸੰਪੰਨ ਹੋਈ, ਜਿਸ ਕਾਰਨ ਇਸ ਗੱਲ ’ਤੇ ਰੋਸ ਪ੍ਰਗਟਾਇਆ ਗਿਆ ਕਿ ਨਵੀਂ ਵਾਰਡਬੰਦੀ ਵਿਚ ਿਪੰਡ ਖੁਸਰੋਪੁਰ ਨੂੰ 3-4 ਵੱਖ-ਵੱਖ ਵਾਰਡਾਂ ਵਿਚ ਵੰਡ ਦਿੱਤਾ ਗਿਆ ਹੈ। ਇਹ ਰੋਸ ਵੀ ਪ੍ਰਗਟ ਕੀਤਾ ਗਿਆ ਕਿ ਪਿੰਡ ਦੀ ਵਾਰਡਬੰਦੀ ਕਰਦੇ ਸਮੇਂ ਪਿੰਡ ਦੇ ਕਿਸੇ ਵੀ ਮੋਹਤਬਰ, ਕਿਸੇ ਮੌਜੂਦਾ ਜਾਂ ਸਾਬਕਾ ਪੰਚਾਇਤ ਮੈਂਬਰ ਜਾਂ ਨੰਬਰਦਾਰ ਆਦਿ ਨੂੰ ਬੁਲਾਇਆ ਜਾਂ ਪੁੱਛਿਆ ਤਕ ਨਹੀਂ ਗਿਆ। ਮੰਗ ਕੀਤੀ ਗਈ ਕਿ ਪਿੰਡ ਖੁਸਰੋਪੁਰ ਅਤੇ ਨਾਲ ਲੱਗਦੀਆਂ ਕਾਲੋਨੀਆਂ ਦਾ ਇਕ ਵਾਰਡ ਬਣਾਇਆ ਜਾਵੇ, ਨਹੀਂ ਤਾਂ ਸਾਰੀਆਂ ਕਾਲੋਨੀਆਂ ਅਤੇ ਪਿੰਡ ਦੇ ਵਾਸੀ ਆਗਾਮੀ ਨਗਰ ਨਿਗਮ ਚੋਣਾਂ ਦਾ ਬਾਈਕਾਟ ਕਰਨਗੇ। ਇਸ ਪ੍ਰਸਤਾਵ ’ਤੇ ਸਾਬਕਾ ਸਰਪੰਚ ਮੀਨੂੰ ਰਾਣਾ, ਸਾਬਕਾ ਪੰਚ ਸੰਜੀਵ ਕੁਮਾਰ, ਗੁਰਦੇਵ ਚੰਦ, ਆਸ਼ਾ ਰਾਣੀ ਅਤੇ ਸੁਭਾਸ਼ ਚੰਦ ਆਦਿ ਤੋਂ ਸੈਂਕੜੇ ਪਿੰਡ ਵਾਸੀਆਂ ਦੇ ਦਸਤਖਤ ਹਨ।
ਇਹ ਵੀ ਪੜ੍ਹੋ : ਮਹਾਦੇਵ ਐਪ ਮਾਮਲਾ- ਮੈਚ ਫਿਕਸਿੰਗ ਤੋਂ ਕੀਤੀ ਕਾਲੀ ਕਮਾਈ ਵਰਤੀ ਜਾ ਰਹੀ ਰੀਅਲ ਅਸਟੇਟ ਸੈਕਟਰ ''ਚ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8