ਮਾਮਲਾ ਭਾਰੀ ਰਕਮ ਦੇ ਘਪਲੇ ਦਾ : ਪਾਵਰਕਾਮ ਵਿਭਾਗ ਦੇ ਮੁੱਖ ਖਜ਼ਾਨਚੀ ਸਮੇਤ 2 ਨੂੰ 4-4 ਸਾਲ ਕੈਦ

Wednesday, Sep 13, 2017 - 11:51 AM (IST)


ਸ੍ਰੀ ਮੁਕਤਸਰ ਸਾਹਿਬ (ਦਰਦੀ) - ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਵਿਸ਼ੇਸ਼ ਦੀ ਅਦਾਲਤ ਨੇ ਪਾਵਰਕਾਮ ਵਿਭਾਗ ਦੇ ਮੁੱਖ ਖ਼ਜ਼ਾਨਚੀ ਅਤੇ ਉਸ ਦੀ ਪਤਨੀ ਦਰਜਾਚਾਰ ਕਰਮਚਾਰੀ ਦਲਜੀਤ ਕੌਰ ਨੂੰ 4-4 ਸਾਲ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਜਾਣਕਾਰੀ ਅਨੁਸਾਰ ਪਾਵਰਕਾਮ ਵਿਭਾਗ ਦੇ ਮੁੱਖ ਖਜ਼ਾਨਚੀ ਸੁਖਪਾਲ ਸਿੰਘ ਦੀ ਡਿਊਟੀ ਬਿਜਲੀ ਬਿੱਲਾਂ ਦੀ ਉਗਰਾਹੀ 'ਤੇ ਸੀ। ਵਿਭਾਗ ਵੱਲੋਂ ਬਿੱਲ ਲੈਣ ਵਾਲੀ ਇਕ ਮਸ਼ੀਨ 'ਚੋਂ ਉਹ ਹੀ ਪੈਸੇ ਕੱਢਦਾ ਅਤੇ ਵਿਭਾਗ ਦੇ ਖਾਤੇ 'ਚ ਜਮ੍ਹਾ ਕਰਾਉਂਦਾ ਸੀ। ਬਸ, ਪੈਸੇ ਕੱਢਣ ਅਤੇ ਜਮ੍ਹਾ ਕਰਾਉਣ ਦੇ ਮਾਮਲੇ 'ਚ ਹੀ ਉਸ ਨੇ 12 ਜਨਵਰੀ 2010 ਨੂੰ 12 ਲੱਖ ਰੁਪਏ ਦੀ ਹੇਰਾ-ਫੇਰੀ ਕਰ ਲਈ, ਜਦੋਂ ਇਸ ਦਾ ਪਤਾ ਵਿਭਾਗ ਨੂੰ ਲੱਗਾ ਤਾਂ ਵਿਭਾਗ ਵੱਲੋਂ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ। ਵਿਭਾਗ ਨੇ ਉਸ ਨੂੰ ਮੁਅੱਤਲ ਕਰ ਦਿੱਤਾ। 

ਇਸ ਦੌਰਾਨ ਵਿਭਾਗ ਦੇ ਆਡਿਟ ਵਿਭਾਗ ਵੱਲੋਂ ਪੜਤਾਲ ਕਰਨ 'ਤੇ ਗਬਨ ਦਾ ਇਹ ਮਾਮਲਾ 1 ਕਰੋੜ 37 ਲੱਖ ਰੁਪਏ ਤੋਂ ਉੱਤੇ ਪਹੁੰਚ ਗਿਆ। ਅਦਾਲਤ ਨੇ ਸਰਕਾਰੀ ਵਕੀਲ ਸੁਰਿੰਦਰ ਸਚਦੇਵਾ ਦੀਆਂ ਦਲੀਲਾਂ ਅਤੇ ਪੇਸ਼ ਕੀਤੇ ਸਬੂਤਾਂ ਨਾਲ ਸਹਿਮਤ ਹੁੰਦਿਆਂ ਮੁੱਖ ਖਜ਼ਾਨਚੀ ਅਤੇ ਉਸ ਦੀ ਪਤਨੀ ਦਰਜਾ ਚਾਰ ਕਰਮਚਾਰੀ ਨੂੰ ਸਜ਼ਾ ਦਾ ਹੁਕਮ ਦੇ ਦਿੱਤਾ ਹੈ। ਇਸੇ ਮਾਮਲੇ 'ਚ ਅਦਾਲਤ ਨੇ ਕੁਲਦੀਪ ਵਰਮਾ, ਯੋਗਰਾਜ, ਚਰਨਜੀਤ ਸਿੰਘ, ਗੁਰਚਰਨ ਸਿੰਘ, ਹਰਬੰਸ ਸਿੰਘ ਤੇ ਆਤਮਾ ਸਿੰਘ ਸਣੇ ਕਈ ਅਧਿਕਾਰੀ ਤੇ ਕਰਮਚਾਰੀ ਸੰਮਨ ਕੀਤੇ ਸਨ ਪਰ ਦੋਸ਼ ਸਾਬਤ ਨਾ ਹੋਣ ਕਾਰਨ ਇਹ ਸਾਰੇ ਬਰੀ ਕਰ ਦਿੱਤੇ ਗਏ।


Related News