ਪੁਲਸ ਮੁਲਾਜ਼ਮ ਗਲੇ ''ਚ ਹੀ ਮਾਸਕ ਪਾ ਕੇ ਕੱਟ ਰਹੇ ਚਲਾਨ, ਲੋਕਾਂ ''ਚ ਰੋਸ

Friday, Dec 04, 2020 - 12:26 PM (IST)

ਜ਼ੀਰਕਪੁਰ (ਮੇਸ਼ੀ) : ਕੋਰੋਨਾ ਦੇ ਵੱਧ ਰਹੀ ਮਹਾਮਾਰੀ ਨੂੰ ਦੇਖਦਿਆਂ ਦਿਨੋਂ-ਦਿਨ ਪੰਜਾਬ ਸਰਕਾਰ ਅਤੇ ਸਿਹਤ ਮਹਿਕਮਾ ਸਖ਼ਤ ਹੁੰਦੇ ਜਾ ਰਹੇ ਹਨ। ਇਸੇ ਤਹਿਤ ਸਰਕਾਰ ਅਤੇ ਮਹਿਕਮੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਮਾਸਕ ਨਾ ਪਾਉਣ ਵਾਲਿਆਂ 'ਤੇ ਕਾਰਵਾਈ ਕਰਦੇ ਹੋਏ ਚਲਾਨ ਦੀਆਂ ਕੀਮਤਾਂ 'ਚ ਵੀ ਵਾਧਾ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਲਾਪਰਵਾਹ ਹੋਏ ਲੋਕ ਬਿਨਾਂ ਮਾਸਕ ਅਤੇ ਸਮਾਜਿਕ ਦੂਰੀ ਤੋਂ ਸੜਕਾਂ 'ਤੇ ਇਕੱਠ ਕਰਕੇ ਘੁੰਮਦੇ ਨਜ਼ਰ ਆ ਰਹੇ ਹਨ, ਜਿਸ 'ਤੇ ਕਾਰਵਾਈ ਕਰਦਿਆਂ ਸਬੰਧਿਤ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ।

ਇੱਥੇ ਇਕ ਦਿਲਚਸਪ ਗੱਲ ਦੇਖਣ ਨੂੰ ਇਹ ਮਿਲੀ ਕਿ ਬਲਟਾਣਾ ਪੁਲਸ ਚੌਂਕੀ ਦੇ ਹਰਮਿਲਾਪ ਨਗਰ 'ਚ ਰੇਲਵੇ ਫਾਟਕ ਕੋਲ ਪੁਲਸ ਮੁਲਾਜ਼ਮ ਵਿਜੈ ਸਿੰਘ ਖੁਦ ਹੀ ਬਿਨਾ ਮਾਸਕ ਤੋਂ ਚਲਾਨ ਕੱਟਣ 'ਚ ਰੁੱਝਿਆ ਦਿਖਾਈ ਦਿੱਤਾ, ਜਦੋਂ ਕਿ ਮਾਸਕ ਨੱਕ ਤੱਕ ਲਗਾਉਣਾ ਅਤਿ ਜ਼ਰੂਰੀ ਹੈ ਤਾਂ ਹੀ ਕੋਰੋਨਾ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ ਪਰ ਇਸ ਪੁਲਸ ਮੁਲਾਜ਼ਮ ਨੇ ਆਪਣੇ ਗਲੇ 'ਚ ਮਾਸਕ ਪਾ ਕੇ ਸਿਰਫ ਇਕ ਖਾਨਾਪੂਰਤੀ ਹੀ ਕੀਤੀ ਹੈ।

ਲੋਕਾਂ ਨੇ ਦੋਸ਼ ਲਗਾਇਆ ਕਿ ਜਦੋਂ ਸਰਕਾਰ ਦਾ ਪੁਲਸ ਮੁਲਾਜ਼ਮ ਹੀ ਇਸ ਨਿਯਮ ਦੀਆਂ ਧੱਜੀਆਂ ਉਡਾ ਰਿਹਾ ਹੈ ਤਾਂ ਉਹ ਮਾਸਕ ਨਾ ਹੋਣ 'ਤੇ ਲੋਕਾਂ ਨੂੰ ਰੋਕ ਕੇ ਕਿਵੇਂ ਚਲਾਨ ਕੱਟ ਰਿਹਾ ਹੈ, ਜਦੋਂ ਕਿ ਪੁਲਸ ਮੁਲਾਜਮਾਂ ਅਤੇ ਅਧਿਕਾਰੀਆਂ ਨੂੰ ਸਭ ਤੋਂ ਪਹਿਲਾਂ ਇਸ ਨਿਯਮ ਦੀ ਪਾਲਣਾ ਕਰਨਾ ਉਨ੍ਹਾਂ ਦਾ ਨੈਤਿਕ ਅਧਿਕਾਰ ਬਣਦਾ ਹੈ, ਉਦੋਂ ਹੀ ਲੋਕਾਂ ਨੂੰ ਇਸ ਕਾਨੂੰਨ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਜਾ ਸਕਦਾ ਹੈ। ਲੋਕਾਂ ਨੇ ਇਹ ਵੀ ਕਿਹਾ ਕਿ ਇਸ ਪੁਲਸ ਮੁਲਾਜ਼ਮ ਦਾ ਚਲਾਨ ਕੌਣ ਕੱਟੇਗਾ। ਜਦੋਂ ਇਸ ਸਬੰਧੀ ਬਲਟਾਣਾ ਪੁਲਸ ਚੌਂਕੀ ਦੇ ਐਸ. ਐਚ. ਓ ਕੁਲਵੰਤ ਸਿੰਘ ਤੋਂ ਪੁੱਛਿਆ ਤਾਂ ਉਨ੍ਹਾਂ ਕੋਈ ਜਵਾਬ ਨਹੀ ਦਿੱਤਾ। 


Babita

Content Editor

Related News