ਸ਼ਹੀਦੀ ਦਿਹਾੜੇ ’ਤੇ ਮਜ਼ਦੂਰਾਂ, ਕਿਸਾਨਾਂ ਦੇ ਕਾਫ਼ਲੇ ਨੇ ਬਿਖੇਰਿਆ ਸ਼ਹੀਦਾਂ ਦੀ ਸੋਚ ਦਾ ਰੰਗ
Wednesday, Mar 23, 2022 - 05:33 PM (IST)
![ਸ਼ਹੀਦੀ ਦਿਹਾੜੇ ’ਤੇ ਮਜ਼ਦੂਰਾਂ, ਕਿਸਾਨਾਂ ਦੇ ਕਾਫ਼ਲੇ ਨੇ ਬਿਖੇਰਿਆ ਸ਼ਹੀਦਾਂ ਦੀ ਸੋਚ ਦਾ ਰੰਗ](https://static.jagbani.com/multimedia/2022_3image_17_33_459825435mkt.jpg)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਪੰਜਾਬ ਖ਼ੇਤ ਮਜ਼ਦੂਰ ਯੂਨੀਅਨ, ਡੀ.ਟੀ.ਐੱਫ ਆਦਿ ਜਨਤਕ ਜਥੇਬੰਦੀਆਂ ਦੀ ਅਗਵਾਈ ਵਿਚ 23 ਮਾਰਚ ` ਸ਼ਹੀਦਾਂ ਦੀ ਯਾਦ ਵਿਚ ਕਾਫ਼ਲਾ ਕੱਢਿਆ ਗਿਆ।ਕਾਫਲੇ ਨੇ ਪਿੰਡ-ਪਿੰਡ ਅਮਰ ਸ਼ਹੀਦਾਂ ਦੀ ਸੂਹੀ ਸੋਚ ਦਾ ਰੰਗ ਬਿਖੇਰਿਆ। ਪਿੰਡ ਲੱਖੇਵਾਲੀ ਤੋਂ ਤੁਰੇ ਕਾਫ਼ਲੇ ਨੂੰ ਸੰਬੋਧਨ ਕਰਦਿਆਂ ਹਰਚਰਨ ਸਿੰਘ ਲੱਖੇਵਾਲੀ, ਤਰਸੇਮ ਸਿੰਘ ਖੁੰਡੇ ਹਲਾਲ ਤੇ ਹਰਫੂਲ ਸਿੰਘ ਭਾਗਸਰ ਨੇ ਆਖਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸੁਫ਼ਨਿਆਂ ਦਾ ਸਮਾਜ ਬਣਾਉਣ ਲਈ ਉਨ੍ਹਾਂ ਦੇ ਰਾਹਾਂ ’ਤੇ ਚੱਲਣ ਦੀ ਲੋੜ ਹੈ। ਆਗੂਆਂ ਨੇ ਆਖਿਆ ਕਿ ਸ਼ਹੀਦਾਂ ਨੂੰ ਯਾਦ ਕਰਨ ਤੋਂ ਮਤਲਬ ਉਨ੍ਹਾਂ ਦੀ ਸੋਚ ਦਾ ਪ੍ਰਚਾਰ ਪਸਾਰ ਕਰਨਾ ਹੈ। ਜਿਸ ਵਿਚ ਮਿਹਨਤਕਸ਼ ਲੋਕਾਂ ਦੀ ਮੁਕਤੀ ਦਾ ਰਾਜ਼ ਹੈ। ਸਾਵੇਂ, ਸੁਖਾਵੇਂ ਬਰਾਬਰੀ ਦੇ ਸਮਾਜ ਦੀ ਨੀਂਹ ਹੈ। ਭਾਗਸਰ, ਰਹੂੜਿਆਂ ਵਾਲੀ, ਮਹਾਂਬੱਧਰ, ਚਿੱਬੜਾਂ ਵਾਲ਼ੀ ਤੇ ਖੁੰਡੇ ਹਲਾਲ ਵਿਖੇ ਬੋਲਦਿਆਂ ਅਧਿਆਪਕ ਤੇ ਤਰਕਸ਼ੀਲ ਆਗੂ ਰਾਮ ਸਵਰਨ ਲੱਖੇਵਾਲੀ ਨੇ ਆਖਿਆ ਕਿ ਦੇਸ਼ ਭਗਤਾਂ, ਗ਼ਦਰੀ ਬਾਬਿਆਂ ਤੇ ਭਗਤ ਸਿੰਘ, ਰਾਜ ਗੁਰੂ, ਸਰਾਭਿਆਂ ਦੀ ਵਿਰਾਸਤ ਨੂੰ ਸਾਂਭਣਾ ਸਮੇਂ ਦੀ ਲੋੜ ਹੈ। ਜਿਸ ’ਤੇ ਚੱਲ ਕੇ ਸਰਕਾਰਾਂ ਦੀ ਲੋਕ ਵਿਰੋਧੀ ਨੀਤੀਆਂ ਨੂੰ ਮਾਤ ਦਿੱਤੀ ਜਾ ਸਕਦੀ ਹੈ।
ਇਸ ਕਾਫਲੇ ਵਿਚ ਸ਼ਾਮਲ ਕਿਸਾਨ, ਮਜ਼ਦੂਰ ਬੀਬੀਆਂ ਦੇ ਕਾਫਲੇ ਤੇ ਸਾਰਿਆਂ ਦੇ ਹੱਥਾਂ ਵਿਚ ਫੜੀਆਂ ਸ਼ਹੀਦਾਂ ਦੀਆਂ ਤਸਵੀਰਾਂ ਤੇ ਨਾਅਰਿਆਂ ਨੇ ਪਿੰਡਾਂ ਦੇ ਲੋਕਾਂ ਵਿਚ ਨਵੀਂ ਚੇਤਨਾ ਦਾ ਸੰਚਾਰ ਕੀਤਾ। ਸ਼ਹੀਦਾਂ ਦੀ ਸੋਚ ਨੂੰ ਸਮਰਪਿਤ ਕਾਫ਼ਲੇ ਵਿਚ ਹੋਰਨਾਂ ਤੋਂ ਇਲਾਵਾ ਮਨਜੀਤ ਕੌਰ, ਸੁਖਵੀਰ ਕੌਰ ਲੱਖੇਵਾਲੀ, ਗੁਰਾਂਦਿੱਤਾ ਸਿੰਘ, ਰਣਜੀਤ ਸਿੰਘ, ਨਛੱਤਰ ਸਿੰਘ, ਕੁਲਬੀਰ ਸਿੰਘ, ਰਾਜਾ ਸਿੰਘ, ਖੁਸ਼ਹਾਲ ਸਿੰਘ ਵੰਗਲ, ਮਾਸਟਰ ਗੁਰਚਰਨ ਸਿੰਘ, ਗੁਰਵਿੰਦਰ ਸਿੰਘ ਗੋਗਾ, ਜਗਸੀਰ ਸਿੰਘ, ਯਾਦਵਿੰਦਰ ਸਿੰਘ, ਜਸਵਿੰਦਰ ਸਿੰਘ ਚੱਕ ਮਦਰੱਸਾ, ਗੁਰਪ੍ਰੀਤ ਸਿੰਘ ਗੋਪੀ ਮਦਰੱਸਾ ਤੇ ਸੋਹਣ ਸਿੰਘ ਆਦਿ ਆਗੂ ਵੀ ਉਤਸ਼ਾਹ ਨਾਲ ਸ਼ਾਮਲ ਹੋਏ।