ਰੱਖੜੀ ਤੋਂ ਪਹਿਲਾਂ ਪੁੱਜੀ 'ਸ਼ਹੀਦ ਭਰਾ' ਦੀ ਮ੍ਰਿਤਕ ਦੇਹ, ਨਮ ਅੱਖਾਂ ਨਾਲ ਦਿੱਤੀ ਵਿਦਾਈ

Thursday, Jul 30, 2020 - 04:58 PM (IST)

ਰੱਖੜੀ ਤੋਂ ਪਹਿਲਾਂ ਪੁੱਜੀ 'ਸ਼ਹੀਦ ਭਰਾ' ਦੀ ਮ੍ਰਿਤਕ ਦੇਹ, ਨਮ ਅੱਖਾਂ ਨਾਲ ਦਿੱਤੀ ਵਿਦਾਈ

ਮੋਗਾ (ਵਿਪਨ,ਰਾਜਵੀਰ ਭਲੂਰੀਆ) : ਅਰੁਣਾਚਲ ਪ੍ਰਦੇਸ਼ ਦੀ ਸਰਹੱਦ 'ਤੇ ਤਾਇਨਾਤ ਮੋਗਾ ਜ਼ਿਲ੍ਹੇ ਦੇ ਪਿੰਡ ਦੇਮਰੂ ਦੇ ਲਖਬੀਰ ਸਿੰਘ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ਦਾ ਵੀਰਵਾਰ ਨੂੰ ਪਿੰਡ 'ਚ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਲਖਬੀਰ ਸਿੰਘ ਨੂੰ ਉਨ੍ਹਾਂ ਦੇ ਪਿਤਾ ਨੇ ਮੁੱਖ ਅਗਨੀ ਦਿੱਤੀ ਅਤੇ ਇਸ ਮੌਕੇ ਫ਼ੌਜ ਅਤੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਸ਼ਹੀਦ ਨੂੰ ਸਲਾਮੀ ਦਿੱਤੀ।

PunjabKesari

ਸ਼ਹੀਦ ਲਖਬੀਰ ਸਿੰਘ ਕਰੀਬ 6 ਸਾਲ ਪਹਿਲਾਂ ਫ਼ੌਜ 'ਚ ਭਰਤੀ ਹੋਈ ਸਨ ਅਤੇ ਉਨ੍ਹਾਂ ਦਾ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਸ਼ਹੀਦ ਦਾ ਇਕ ਭਰਾ ਅਤੇ ਇਕ ਭੈਣ ਹੈ, ਜਿਸ ਦਾ ਵਿਆਹ ਹੋ ਚੁੱਕਾ ਹੈ। ਲਖਬੀਰ ਸਿੰਘ ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੀ ਭੈਣ ਤੋਂ ਰੱਖੜੀ ਬੰਨ੍ਹਵਾਉਣ ਲਈ ਆਉਣਾ ਸੀ ਪਰ ਰੱਖੜੀ ਤੋਂ ਪਹਿਲਾਂ ਹੀ ਭਰਾ ਦੀ ਮ੍ਰਿਤਕ ਦੇਹ ਘਰ ਪਹੁੰਚ ਗਈ।

PunjabKesari

ਸ਼ਹੀਦ ਦੀ ਭੈਣ ਨੇ ਕਿਹਾ ਕਿ ਉਹ ਰੱਖੜੀ ਬੰਨ੍ਹਣ ਦੀ ਥਾਂ ਭਰਾ ਨੂੰ ਸ਼ਰਧਾਂਜਲੀ ਦੇ ਰਹੀ ਹੈ ਅਤੇ ਉਸ ਦੀ ਆਖ਼ਰੀ ਵਾਰ ਆਪਣੇ ਭਰਾ ਨਾਲ 3 ਜੁਲਾਈ ਨੂੰ ਗੱਲ ਹੋਈ ਸੀ। ਉਸ ਦੇ ਭਰਾ ਨੇ ਕਿਹਾ ਸੀ ਕਿ ਉਹ ਰੱਖੜੀ 'ਤੇ ਆਵੇਗਾ ਪਰ ਭੈਣ ਦੇ ਰੱਖੜੀ ਬੰਨ੍ਹਣ ਦੇ ਸੁਫ਼ਨੇ ਅਧੂਰੇ ਹੀ ਰਹਿ ਗਏ। ਇਸ ਮੌਕੇ ਪੁੱਜੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਫ਼ੌਜ ਵੱਲੋਂ ਸ਼ਹੀਦ ਦੇ ਪਰਿਵਾਰ ਦੀ ਬਣਦੀ ਮਦਦ ਕੀਤੀ ਜਾਵੇਗੀ।

PunjabKesari

ਉੱਥੇ ਹੀ ਸ਼ਹੀਦ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਨੂੰ ਮਾਣ ਹੈ ਕਿ ਉਸ ਦੇ ਪਤੀ ਨੇ ਦੇਸ਼ ਲਈ ਸ਼ਹੀਦੀ ਪ੍ਰਾਪਤ ਕੀਤੀ ਹੈ ਅਤੇ ਜੇਕਰ ਪੰਜਾਬ ਸਰਕਾਰ ਉਸ ਨੂੰ ਪੁਲਸ ਦੀ ਨੌਕਰੀ ਦੇਵੇ ਤਾਂ ਉਹ ਵੀ ਸੇਵਾ ਕਰੇਗੀ। ਜ਼ਿਕਰਯੋਗ ਹੈ ਕਿ 22 ਜੁਲਾਈ ਨੂੰ ਲਖਬੀਰ ਸਿੰਘ ਆਪਣੀ ਯੂਨਿਟ ਨਾਲ ਗਸ਼ਤ ਕਰ ਰਹੇ ਸਨ ਕਿ ਅਚਾਨਕ ਇਕ ਪੁਲ ਪਾਰ ਕਰਦੇ ਸਮੇਂ ਉਨ੍ਹਾਂ ਦਾ ਪੈਰ ਤਿਲਕ ਗਿਆ।

ਬਰਨਾਲਾ ਨਾਲ ਸਬੰਧਿਤ ਉਨ੍ਹਾਂ ਦੇ ਸਾਥੀ ਨੇ ਜਦੋਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਨਾਲੇ 'ਚ ਡਿਗ ਗਿਆ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਦੋਵੇਂ ਹੀ ਪਾਣੀ ਦੇ ਵਹਾਅ 'ਚ ਰੁੜ੍ਹ ਗਏ। ਬਾਅਦ 'ਚ ਫ਼ੌਜ ਦੇ ਜਵਾਨਾਂ ਨੇ ਦੋਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਤਾਂ 27 ਜੁਲਾਈ ਨੂੰ ਲਖਬੀਰ ਸਿੰਘ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਗਈ, ਜਦੋਂ ਕਿ ਬਰਨਾਲਾ ਦੇ ਜਵਾਨ ਦੀ ਭਾਲ ਅਜੇ ਜਾਰੀ ਹੈ।
 


author

Babita

Content Editor

Related News