ਦਾਜ ਦੇ ਲੋਭੀ ਸਹੁਰਿਆਂ ਨੇ ਮਾਰ ਦਿੱਤੀ ਨੂੰਹ, 3 ਸਾਲ ਪਹਿਲਾਂ ਹੋਇਆ ਸੀ ਵਿਆਹ

Wednesday, Feb 16, 2022 - 06:34 PM (IST)

ਲੁਧਿਆਣਾ (ਰਾਜ) : 21ਵੀਂ ਸਦੀ ਦੇ ਬਾਵਜੂਦ ਸਮਾਜ ਵਿਚੋਂ ਦਾਜ ਵਰਗੀ ਭੈੜੀ ਪ੍ਰਥਾ ਦਾ ਖ਼ਾਤਮਾ ਪੂਰੀ ਤਰ੍ਹਾਂ ਨਹੀਂ ਹੋ ਸਕਿਆ ਹੈ। ਅੱਜ ਵੀ ਕਈ ਲਾਲਚੀ ਲੋਕ ਦਾਜ ਲਈ ਔਰਤਾਂ ਨੂੰ ਤੰਗ-ਪਰੇਸ਼ਾਨ ਕਰ ਰਹੇ ਹਨ। ਅਜਿਹੇ ਹੀ ਇਕ ਮਾਮਲੇ ਵਿਚ ਪਿੰਡ ਬੁਲਾਰਾ ਦੀ ਰਹਿਣ ਵਾਲਾ ਵਿਆਹੁਤਾ ਦਾਜ ਦੀ ਬਲੀ ਚੜ੍ਹ ਗਈ। ਦਾਜ ਦੇ ਲੋਭੀ ਸਹੁਰਿਆਂ ਨੇ ਨੂੰਹ ਨੂੰ ਹੀ ਮਾਰ ਦਿੱਤਾ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਥਾਣਾ ਸਦਰ ਦੇ ਤਹਿਤ ਚੌਂਕੀ ਮਰਾਡੋ ਦੀ ਪੁਲਸ ਮੌਕੇ ’ਤੇ ਪੁੱਜੀ। ਮ੍ਰਿਤਕਾ ਦੀ ਪਛਾਣ 28 ਸਾਲਾ ਮਨਪ੍ਰੀਤ ਕੌਰ ਵੱਜੋਂ ਹੋਈ ਹੈ, ਜੋ ਪਿੰਡ ਬੁਲਾਰਾ ਦੀ ਰਹਿਣ ਵਾਲੀ ਹੈ। ਉਸ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੁਲਸ ਨੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਪਹੁੰਚਾਈ।

ਇਹ ਵੀ ਪੜ੍ਹੋ : ਵਾਰਾਨਸੀ ਪੁੱਜੇ CM ਚੰਨੀ, ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਸੰਗਤਾਂ ਨੂੰ ਦਿੱਤੀ ਵਧਾਈ (ਤਸਵੀਰਾਂ)

ਇਸ ਮਾਮਲੇ ਵਿਚ ਥਾਣਾ ਸਦਰ ਵਿਚ ਮ੍ਰਿਤਕਾ ਦੇ ਪਿਤਾ ਸਰਬਜੀਤ ਸਿੰਘ ਦੇ ਬਿਆਨਾਂ ’ਤੇ ਮੁਲਜ਼ਮ ਪਤੀ ਹਰਦੀਪ ਸਿੰਘ, ਸਹੁਰਾ ਦਲਜੀਤ ਸਿੰਘ, ਸੱਸ ਸਰਬਜੀਤ ਕੌਰ, ਜੇਠ ਮਨਦੀਪ ਸਿੰਘ ਅਤੇ ਜਠਾਣੀ ਹਰਪ੍ਰੀਤ ਕੌਰ ਖ਼ਿਲਾਫ਼ ਸਾਜਿਸ਼ ਦੇ ਤਹਿਤ ਦਾਜ ਖ਼ਾਤਰ ਕਤਲ ਦਾ ਕੇਸ ਦਰਜ ਕੀਤਾ ਹੈ। ਪੁਲਸ ਨੇ ਪਤੀ, ਸੱਸ, ਸਹੁਰਾ ਅਤੇ ਜੇਠ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਮਾਣਕਵਾਲ ਵਿਚ ਰਹਿਣ ਵਾਲੇ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਹਨ। ਵੱਡੀ ਧੀ ਮਨਪ੍ਰੀਤ ਕੌਰ ਅਤੇ ਛੋਟਾ ਪੁੱਤਰ ਹੈ। ਧੀ ਮਨਪ੍ਰੀਤ ਕੌਰ ਦਾ ਉਸ ਨੇ ਤਿੰਨ ਸਾਲ ਪਹਿਲਾਂ ਹਰਦੀਪ ਸਿੰਘ ਦੇ ਨਾਲ ਵਿਆਹ ਕੀਤਾ ਸੀ।

ਇਹ ਵੀ ਪੜ੍ਹੋ : CM ਕੋਲ ਹੁੰਦੀ ਹੈ ਸਾਰੀ ਤਾਕਤ, ਇਸ ਲਈ ਪੰਜਾਬ 'ਚ ਇਸ ਵਾਰ ਮੁੱਖ ਮੰਤਰੀ ਚਿਹਰੇ ਦੀ ਲੜਾਈ : ਚਰਨਜੀਤ ਸਿੰਘ ਚੰਨੀ

ਵਿਆਹ ਤੋਂ ਬਾਅਦ ਉਨ੍ਹਾਂ ਦੇ ਇਕ ਸਾਲ ਦਾ ਪੁੱਤਰ ਹੈ। ਉਸ ਦਾ ਕਹਿਣਾ ਹੈ ਕਿ ਵਿਆਹ ਵਿਚ ਉਸ ਨੇ ਆਪਣੀ ਹੈਸੀਅਤ ਤੋਂ ਵੱਧ ਦਾਜ ਆਪਣੀ ਧੀ ਨੂੰ ਦਿੱਤਾ ਸੀ ਪਰ ਸਹੁਰੇ ਘਰ ਵਿਚ ਜਾਣ ਤੋਂ ਬਾਅਦ ਸਹੁਰੇ ਵਾਲੇ ਉਸ ਨੂੰ ਫਿਰ ਦਾਜ ਲਈ ਪਰੇਸ਼ਾਨ ਕਰਨ ਲੱਗੇ ਸਨ। ਸੱਸ, ਸਹੁਰਾ ਉਸ ਨੂੰ ਕੁੱਝ ਨਾ ਕੁੱਝ ਲਿਆਉਣ ਲਈ ਕਹਿੰਦੇ ਸਨ ਅਤੇ ਉਸ ਦਾ ਪਤੀ ਹਰਦੀਪ ਸਿੰਘ ਉਸ ਦੀ ਧੀ ਨਾਲ ਆਮ ਕਰਕੇ ਕੁੱਟਮਾਰ ਕਰਦਾ ਰਹਿੰਦਾ ਸੀ। ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਕਈ ਵਾਰ ਧੀ ਦੇ ਸਹੁਰਿਆਂ ਨੂੰ ਸਮਝਾਇਆ ਵੀ ਸੀ ਪਰ ਫਿਰ ਉਹ ਧੀ ਨਾਲ ਕੁੱਟਮਾਰ ਸ਼ੁਰੂ ਕਰ ਦਿੰਦੇ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਆਦਰਸ਼ ਚੋਣ ਜਾਬਤਾ ਲੱਗਣ ਤੋਂ ਬਾਅਦ 449.55 ਕਰੋੜ ਕੀਮਤ ਦੀਆਂ ਵਸਤਾਂ ਜ਼ਬਤ

ਉਸ ਦਾ ਕਹਿਣਾ ਹੈ ਕਿ 15 ਫਰਵਰੀ ਦੀ ਰਾਤ ਕਰੀਬ ਸਾਢੇ ਅੱਠ ਵਜੇ ਉਸ ਨੂੰ ਜਵਾਈ ਹਰਦੀਪ ਸਿੰਘ ਦੀ ਕਾਲ ਆਈ, ਜਿਸ ਨੇ ਦੱਸਿਆ ਕਿ ਮਨਪ੍ਰੀਤ ਕੌਰ ਦੀ ਅਚਾਨਕ ਸਿਹਤ ਖ਼ਰਾਬ ਹੋ ਗਈ ਹੈ। ਇਸ ਲਈ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਤੁਸੀਂ ਜਲਦੀ ਆ ਜਾਓ। ਇਸ ਤੋਂ ਬਾਅਦ ਉਹ ਹਸਪਤਾਲ ਪੁੱਜਾ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਧੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਧੀ ਦੀ ਧੌਣ ’ਤੇ ਨਿਸ਼ਾਨ ਮੌਜੂਦ ਸਨ। ਸਰਰਬੀਤ ਸਿੰਘ ਦਾ ਦੋਸ਼ ਹੈ ਕਿ ਉਸ ਦੇ ਪਤੀ, ਸੱਸ, ਸਹੁਰਾ ਅਤੇ ਜੇਠ, ਜਠਾਣੀ ਨੇ ਸਾਜ਼ਿਸ਼ ਦੇ ਤਹਿਤ ਗਲਾ ਘੁੱਟ ਕੇ ਉਸ ਦੀ ਧੀ ਦਾ ਕਤਲ ਕੀਤਾ ਹੈ। ਇਸ ਸਬੰਧੀ ਚੌਂਕੀ ਇੰਚਾਰਜ ਮਰਾਡੋ ਰਵਿੰਦਰ ਕੁਮਾਰ ਨੇ ਕਿਹਾ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਪਤੀ, ਸੱਸ, ਸਹੁਰਾ ਸਮੇਤ ਪੰਜਾਂ ਖ਼ਿਲਾਫ਼ ਦਾਜ ਖ਼ਾਤਰ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News