ਲਵ ਮੈਰਿਜ ਦੇ 7 ਮਹੀਨਿਆਂ ਬਾਅਦ ਨਵ-ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪਤੀ ਦੇ ਦੇਖ ਉੱਡੇ ਹੋਸ਼
Wednesday, Mar 29, 2023 - 12:32 AM (IST)
ਜਲੰਧਰ (ਵਰੁਣ) : ਅਮਨ ਨਗਰ ਦੇ ਨਾਲ ਲੱਗਦੇ ਅਮਰ ਗਾਰਡਨ ਵਿੱਚ ਇਕ ਨਵ-ਵਿਆਹੁਤਾ ਨੇ ਫਾਹਾ ਲਾ ਕੇ ਜਾਨ ਦੇ ਦਿੱਤੀ। ਸਿਰਫ਼ 7 ਮਹੀਨੇ ਪਹਿਲਾਂ ਹੀ ਮ੍ਰਿਤਕਾ ਦੀ ਲਵ ਮੈਰਿਜ ਹੋਈ ਸੀ। ਮੰਗਲਵਾਰ ਜਦੋਂ ਵਿਆਹੁਤਾ ਦਾ ਪਤੀ ਘਰ ਆਇਆ ਤਾਂ ਦਰਵਾਜ਼ਾ ਨਾ ਖੁੱਲ੍ਹਣ ’ਤੇ ਉਸ ਨੇ ਧੱਕਾ ਦੇ ਕੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਪਤਨੀ ਦੀ ਲਾਸ਼ ਲਟਕਦੀ ਮਿਲੀ। ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। ਦੂਜੇ ਪਾਸੇ ਮੌਕੇ ’ਤੇ ਪੁੱਜੇ ਮ੍ਰਿਤਕਾ ਦੇ ਪੇਕਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਨੇ ਆਪਣੇ ਪਤੀ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ, ਜਦੋਂ ਕਿ ਪਤੀ ਖੁਦ ’ਤੇ ਲੱਗੇ ਦੋਸ਼ਾਂ ਦੇ ਗਲਤ ਹੋਣ ਦਾ ਦਾਅਵਾ ਕਰ ਰਿਹਾ ਸੀ। ਮ੍ਰਿਤਕਾ ਦੀ ਪਛਾਣ ਜੋਤੀ (20) ਪੁੱਤਰ ਨੰਦ ਕਿਸ਼ੋਰ ਨਿਵਾਸੀ ਕਮਲ ਪਾਰਕ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਵਿਆਹ ਤੋਂ ਇਨਕਾਰ ਕਰਨ 'ਤੇ ਭੜਕਿਆ ਸਿਰਫਿਰਾ ਆਸ਼ਿਕ, ਤਲਾਕਸ਼ੁਦਾ ਔਰਤ 'ਤੇ ਸੁੱਟਿਆ ਤੇਜ਼ਾਬ
ਥਾਣਾ ਨੰਬਰ 8 ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 7 ਮਹੀਨੇ ਪਹਿਲਾਂ ਹੀ ਜੋਤੀ ਨੇ ਬਲਵਿੰਦਰ ਉਰਫ਼ ਬੱਲੀ ਨਾਲ ਲਵ ਮੈਰਿਜ ਕੀਤੀ ਸੀ। ਬੱਲੀ ਇਕ ਮੈਟਲ ਕੰਪਨੀ ਵਿੱਚ ਕੰਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਪਹਿਲਾਂ ਜੋਤੀ ਦੇ ਪਰਿਵਾਰ ਵਾਲੇ ਇਸ ਵਿਆਹ ਦੇ ਹੱਕ 'ਚ ਨਹੀਂ ਸੀ ਪਰ ਜੋਤੀ ਦੇ ਕਹਿਣ ’ਤੇ ਉਨ੍ਹਾਂ 7 ਮਹੀਨੇ ਪਹਿਲਾਂ ਉਸਦਾ ਵਿਆਹ ਕਰਵਾ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਕਿਸੇ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਝਗੜਾ ਹੋਇਆ ਸੀ। ਮੰਗਲਵਾਰ ਸਵੇਰੇ ਬਲਵਿੰਦਰ ਆਪਣੇ ਕੰਮ ’ਤੇ ਚਲਾ ਗਿਆ, ਜਦੋਂ ਸ਼ਾਮੀਂ ਲਗਭਗ 6 ਵਜੇ ਕੰਮ ਤੋਂ ਵਾਪਸ ਆਇਆ ਤਾਂ ਦੇਖਿਆ ਕਿ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਣ ’ਤੇ ਜਦੋਂ ਉਹ ਨਾ ਖੁੱਲ੍ਹਿਆ ਤਾਂ ਉਸਨੇ ਦਰਵਾਜ਼ੇ ਨੂੰ ਧੱਕਾ ਦਿੱਤਾ ਅਤੇ ਖੋਲ੍ਹ ਕੇ ਅੰਦਰ ਜਾ ਕੇ ਦੇਖਿਆ ਤਾਂ ਜੋਤੀ ਦੀ ਲਾਸ਼ ਪੱਖੇ ਨਾਲ ਬੰਨ੍ਹੀ ਚੁੰਨੀ ਨਾਲ ਲਟਕ ਰਹੀ ਸੀ।
ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰਨ 'ਤੇ ਨਾਇਬ ਤਹਿਸੀਲਦਾਰ ਸਣੇ 3 ਖ਼ਿਲਾਫ਼ ਪਰਚਾ ਦਰਜ
ਬਲਵਿੰਦਰ ਨੇ ਚਾਕੂ ਨਾਲ ਚੁੰਨੀ ਕੱਟ ਕੇ ਲਾਸ਼ ਨੂੰ ਹੇਠਾਂ ਉਤਾਰਿਆ। ਘਰ ਵਿਚੋਂ ਰੋਣ ਦੀਆਂ ਆਵਾਜ਼ਾਂ ਸੁਣ ਕੇ ਆਲੇ-ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ। ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਨੰਬਰ 8 ਦੇ ਇੰਚਾਰਜ ਗੁਰਪ੍ਰੀਤ ਸਿੰਘ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਗਏ। ਦੂਜੇ ਪਾਸੇ ਜੋਤੀ ਦੇ ਪੇਕਾ ਪਰਿਵਾਰ ਨੇ ਬਲਵਿੰਦਰ ’ਤੇ ਦੋਸ਼ ਲਾਏ ਕਿ ਉਸ ਤੋਂ ਪ੍ਰੇਸ਼ਾਨ ਹੋ ਕੇ ਹੀ ਉਨ੍ਹਾਂ ਦੀ ਧੀ ਨੇ ਖੁਦਕੁਸ਼ੀ ਕੀਤੀ ਹੈ। ਕਮਰੇ ਵਿਚ ਪਏ ਬੈੱਡ ਦੇ ਹੇਠੋਂ ਇਕ ਪਲੇਟ ਵੀ ਮਿਲੀ ਹੈ, ਜਿਸ ਵਿਚ ਖਾਣਾ ਉਂਝ ਦਾ ਉਂਝ ਪਿਆ ਹੋਇਆ ਸੀ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਜੋਤੀ ਨੇ ਦੁਪਹਿਰ ਸਮੇਂ ਖੁਦਕੁਸ਼ੀ ਕੀਤੀ ਹੈ।
ਇਹ ਵੀ ਪੜ੍ਹੋ : 2001 'ਚ ਪਾਕਿਸਤਾਨ ਤੋਂ ਜਲੰਧਰ ਆਏ ਦੋ ਭਰਾਵਾਂ ਨੂੰ 22 ਸਾਲ ਬਾਅਦ ਮਿਲੀ ਨਾਗਰਿਕਤਾ, ਪੜ੍ਹੋ ਕਿਉਂ
ਜੋਤੀ ਆਪਣੇ ਕੋਲ ਮੋਬਾਇਲ ਵੀ ਨਹੀਂ ਰੱਖਦੀ ਸੀ। ਦੂਜੇ ਪਾਸੇ ਜੋਤੀ ਦੇ ਪਤੀ ਨੇ ਕਿਹਾ ਕਿ ਜੇਕਰ ਉਸਦਾ ਕੋਈ ਕਸੂਰ ਨਿਕਲਦਾ ਹੈ ਤਾਂ ਉਹ ਜੇਲ੍ਹ ਜਾਣ ਨੂੰ ਵੀ ਤਿਆਰ ਹੈ ਪਰ ਪਤਨੀ ਨਾਲ ਉਸਦਾ ਕੋਈ ਝਗੜਾ ਨਹੀਂ ਹੋਇਆ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ। ਦੇਰ ਰਾਤ ਪੁਲਸ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਰਹੀ ਸੀ। ਪੁਲਸ ਦਾ ਕਹਿਣਾ ਹੈ ਕਿ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।