ਪਤੀ ਤੇ ਜਿਠਾਣੀ ਦੀਆਂ ਵਧੀਕੀਆਂ ਤੋਂ ਤੰਗ ਵਿਆਹੁਤਾ ਦੀ ਮੌਤ

Saturday, Aug 19, 2017 - 07:48 AM (IST)

ਪਤੀ ਤੇ ਜਿਠਾਣੀ ਦੀਆਂ ਵਧੀਕੀਆਂ ਤੋਂ ਤੰਗ ਵਿਆਹੁਤਾ ਦੀ ਮੌਤ

ਬਨੂੜ  (ਗੁਰਪਾਲ) - ਪਤੀ ਤੇ ਜਿਠਾਣੀ ਦੀਆਂ ਵਧੀਕੀਆਂ ਤੋਂ ਤੰਗ ਆਈ 2 ਬੱਚੀਆਂ ਦੀ ਮਾਂ ਤੇ 5 ਮਹੀਨਿਆਂ ਦੀ ਗਰਭਵਤੀ ਔਰਤ ਦੀ ਮੌਤ ਹੋ ਜਾਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਤੀ ਅਤੇ ਜਿਠਾਣੀ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਸੂਰਜਪਾਲ ਪੁੱਤਰ ਸ਼ੰਕਰ ਲਾਲ ਵਾਸੀ ਪਿੰਡ ਤੇ ਥਾਣਾ ਫਲਾਵਦਾ ਜ਼ਿਲਾ ਮੇਰਠ (ਉੱਤਰ ਪ੍ਰਦੇਸ਼) ਨੇ ਥਾਣਾ ਬਨੂੜ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਲੜਕੀ ਜੋਤੀ ਦਾ ਵਿਆਹ 7 ਸਾਲ ਪਹਿਲਾਂ ਜੰਗਪੁਰਾ ਥਾਣਾ ਬਨੂੜ ਦੇ ਵਸਨੀਕ ਲਖਵਿੰਦਰ ਸਿੰਘ ਪੁੱਤਰ ਲਾਭ ਸਿੰਘ ਨਾਲ ਹੋਇਆ ਸੀ। ਉਸ ਦੀ ਕੁੱਖੋਂ 2 ਲੜਕੀਆਂ ਪੈਦਾ ਹੋਈਆਂ, ਜਿਨ੍ਹਾਂ ਦੀ ਉਮਰ ਕ੍ਰਮਵਾਰ 6 ਤੇ 4 ਸਾਲ ਹੈ। ਉਸ ਨੇ ਦੱਸਿਆ ਕਿ ਲੜਕੀਆਂ ਪੈਦਾ ਹੋਣ 'ਤੇ ਮ੍ਰਿਤਕਾ ਦਾ ਪਤੀ ਤੇ ਉਸ ਦੀ ਜਿਠਾਣੀ ਉਸ ਨੂੰ ਤੰਗ-ਪ੍ਰੇਸ਼ਾਨ ਤੇ ਕੁੱਟਮਾਰ ਕਰਨ ਲੱਗ ਪਏ। ਉਹ ਅਕਸਰ ਪ੍ਰੇਸ਼ਾਨ ਰਹਿੰਦੀ ਸੀ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਰੱਖੜੀ ਵਾਲੇ ਦਿਨ ਫਿਰ ਉਸ ਦੀ ਕੁੱਟਮਾਰ ਕੀਤੀ ਗਈ ਤੇ ਅਸੀਂ ਆ ਕੇ ਦੋਵਾਂ ਪਤੀ-ਪਤਨੀ ਵਿਚ ਸਮਝੌਤਾ ਕਰਵਾ ਕੇ ਗਏ। ਬੀਤੇ ਦਿਨ ਸਾਨੂੰ ਜੋਤੀ ਦੀ ਜਿਠਾਣੀ ਰਾਣੀ ਪਤਨੀ ਗੁਰਪ੍ਰੀਤ ਸਿੰਘ ਦਾ ਫੋਨ ਆਇਆ ਕਿ ਤੁਹਾਡੀ ਲੜਕੀ ਬਹੁਤ ਬੀਮਾਰ ਹੈ। ਜਦੋਂ ਅਸੀਂ ਮੇਰਠ ਤੋਂ ਆਏ ਤੇ ਉਸ ਨੂੰ ਇਲਾਜ ਲਈ ਬਨੂੜ ਵਿਚ ਸਥਿਤ ਸਿਵਲ ਹਸਪਤਾਲ ਵਿਚ ਇਲਾਜ ਲਈ ਲੈ ਕੇ ਆਏ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਏ. ਐੱਸ. ਆਈ. ਨੇ ਦੱਸਿਆ ਕਿ ਮ੍ਰਿਤਕਾ 5 ਮਹੀਨਿਆਂ ਦੀ ਗਰਭਵਤੀ ਸੀ। ਉਸ ਦਾ ਪੋਸਟਮਾਰਟਮ ਡੇਰਾਬਸੀ ਦੇ ਸਿਵਲ ਹਸਪਤਾਲ ਵਿਚੋਂ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ। ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਪਤੀ ਲਖਵਿੰਦਰ ਤੇ ਉਸ ਦੀ ਜਿਠਾਣੀ ਖਿਲਾਫ ਧਾਰਾ 306 ਆਈ. ਪੀ. ਸੀ. ਅਧੀਨ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੌਤ ਦੇ ਕਾਰਨਾਂ ਬਾਰੇ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ।


Related News