''ਭਾਰਤ ਬੰਦ'' ਦੌਰਾਨ ਅਧੂਰੀ ਰਹਿ ਗਈ ਲਾੜੇ ਪਰਿਵਾਰ ਦੀ ਰੀਝ

04/03/2018 10:59:27 AM

ਹੰਬੜਾਂ (ਸਤਨਾਮ) : ਦਲਿਤ ਸਮਾਜ ਵੱਲੋਂ ਭਾਰਤ ਬੰਦ ਦੇ ਸੱਦੇ ਕਾਰਨ ਆਮ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਦਲਿਤ ਸਮਾਜ ਵੱਲੋਂ ਕੁਝ ਦਿਨ ਪਹਿਲਾਂ ਦਿੱਤੇ ਗਏ 2 ਅਪ੍ਰੈਲ ਦੇ ਬੰਦ ਦੇ ਸੱਦੇ ਨੂੰ ਲੈ ਕੇ ਆਮ ਲੋਕਾਂ ਦਾ ਜਨ-ਜੀਵਨ ਕਾਫ਼ੀ ਪ੍ਰਭਾਵਿਤ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖਹਿਰਾ ਬੇਟ ਨਜ਼ਦੀਕ ਬੰਨ੍ਹ 'ਤੇ ਬੈਠੇ ਇਕ ਪਰਿਵਾਰ ਵੱਲੋਂ ਆਪਣੇ ਲੜਕੇ ਦੇ ਵਿਆਹ 'ਤੇ ਬੜੀਆਂ ਹੀ ਰੀਝਾਂ ਨਾਲ ਇਕ ਮਹਿੰਗੀ ਫੁੱਲਾਂ ਵਾਲੀ ਗੱਡੀ ਕਿਰਾਏ 'ਤੇ ਬੁੱਕ ਕਰਵਾਈ ਗਈ ਸੀ ਪਰ ਦਲਿਤ ਸਮਾਜ ਵੱਲੋਂ ਬੰਦ ਦੇ ਸੱਦੇ 'ਤੇ ਸਵੇਰੇ ਗੱਡੀ ਵਾਲੇ ਨੇ ਜਾਣ ਤੋਂ ਮਨ੍ਹਾ ਕਰ ਦਿੱਤਾ ਤੇ ਉਕਤ ਪਰਿਵਾਰ ਦੇ ਚਾਅ ਧੱਰੇ-ਧਰਾਏ ਰਹਿ ਗਏ, ਜਿਸ 'ਤੇ ਲਾੜੇ ਨੂੰ ਦੂਜੀ ਗੱਡੀ ਵਿਚ ਹੀ ਜਾਣਾ ਪਿਆ।
ਇਸੇ ਤਰ੍ਹਾਂ ਇਕ ਪਰਿਵਾਰ ਵੱਲੋਂ ਵਿਆਹ ਦੇ ਜਸ਼ਨ ਮਨਾਏ ਜਾ ਰਹੇ ਸਨ ਅਤੇ ਬਰਾਤ ਦੇ ਆਉਣ ਦੀ ਉਡੀਕ 'ਚ ਪਤਵੰਤੇ ਸਵਾਗਤੀ ਹਾਰ ਲੈ ਕੇ ਖੜ੍ਹੇ ਸਨ ਪਰ ਲਾੜੇ ਦੀ ਫ਼ੁੱਲਾਂ ਵਾਲੀ ਕਾਰ ਨੂੰ ਰਸਤੇ ਵਿਚ ਹੀ ਧਰਨਾਕਾਰੀਆਂ ਨੇ ਕਈ ਘੰਟੇ ਰੋਕੀ ਰੱਖਿਆ। ਆਖਰ ਮਿੰਨਤਾਂ ਕਰਨ 'ਤੇ ਬਰਾਤ ਤੇ ਲਾੜਾ ਦੁਪਹਿਰ ਵੇਲੇ ਪਹੁੰਚੇ ਅਤੇ ਸੁੱਖ ਦਾ ਸਾਹ ਲਿਆ। ਇਸੇ ਤਰ੍ਹਾਂ ਪਿੰਡ ਪ੍ਰਤਾਪ ਸਿੰਘ ਵਾਲਾ ਵਿਖੇ ਵੀ ਵਿਆਹ ਦੇ ਸਮਾਗਮ ਤੋਂ ਬਾਅਦ ਅਗਲੇ ਦਿਨ ਦੀ ਪਾਰਟੀ ਦਾ ਸਮਾਗਮ ਉਦੋਂ ਫ਼ਿਕਾ ਪੈ ਗਿਆ ਜਦੋਂ ਸਜ-ਵਿਆਹੀ ਲੜਕੀ, ਲੜਕੀ ਦੇ ਪਰਿਵਾਰਕ ਮੈਂਬਰ ਅਤੇ ਹੋਰ ਰਿਸ਼ਤੇਦਾਰ ਸਮਾਗਮ 'ਚ ਪਹੁੰਚਣ ਲਈ ਘਰੋਂ ਤਾਂ ਤੁਰ ਪਏ ਪਰ ਰਸਤੇ ਵਿਚ ਲੱਗੀਆਂ ਰੋਕਾਂ, ਧਰਨੇ, ਮੁਜ਼ਾਹਰਿਆਂ ਕਾਰਨ ਦੁਪਹਿਰ ਤੱਕ ਨਾ ਪਹੁੰਚ ਸਕੇ ਤੇ ਰਸਤੇ 'ਚੋਂ ਹੀ ਵਾਪਸ ਘਰਾਂ ਨੂੰ ਪਰਤ ਗਏ ਅਤੇ ਟੈਂਟ ਤੇ ਡੀ. ਜੇ. ਸਮੇਤ ਹੋਰ ਖਾਣ-ਪੀਣ ਦਾ ਸਾਮਾਨ ਉਸੇ ਤਰ੍ਹਾਂ ਹੀ ਸਜਿਆ ਰਹਿ ਗਿਆ।


Related News