ਸਵਿਟਜ਼ਰਲੈਂਡ ਦੀ ਅਦਾਲਤ ਦੇ ਸਜ਼ਾ ਸੁਣਾਉਣ ''ਤੇ ਹਿੰਦੂਜਾ ਪਰਿਵਾਰ ''ਹੈਰਾਨ'', ਉੱਪਰੀ ਅਦਾਲਤ ''ਚ ਦਾਇਰ ਕੀਤੀ ਅਪੀਲ
Saturday, Jun 22, 2024 - 03:04 PM (IST)
ਲੰਡਨ (ਭਾਸ਼ਾ)- ਬ੍ਰਿਟੇਨ ਦੇ ਸਭ ਤੋਂ ਅਮੀਰ ਪਰਿਵਾਰ ਹਿੰਦੂਜਾ ਨੇ ਕਿਹਾ ਹੈ ਕਿ ਉਹ ਆਪਣੇ ਕੁਝ ਮੈਂਬਰਾਂ ਨੂੰ ਸਵਿਟਜ਼ਰਲੈਂਡ ਦੀ ਅਦਾਲਤ ਵਲੋਂ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਫ਼ੈਸਲੇ ਤੋਂ 'ਹੈਰਾਨ' ਹੈ ਅਤੇ ਉਨ੍ਹਾਂ ਨੇ ਇਸ ਖ਼ਿਲਾਫ਼ ਉੱਪਰੀ ਅਦਾਲਤ 'ਚ ਅਪੀਲ ਦਾਇਰ ਕਰ ਕੇ ਇਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਸਵਿਟਜ਼ਰਲੈਂਡ ਅਦਾਲਤ ਨੇ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਜਿਨੇਵਾ 'ਚ ਸਥਿਤ ਆਪਣੇ ਬੰਗਲੇ 'ਚ ਘਰੇਲੂ ਸਹਾਇਕਾਂ ਦਾ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਸੀ। ਸ਼ੁੱਕਰਵਾਰ ਨੂੰ ਪਰਿਵਾਰ ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਆਪਣੇ ਮੁਵੱਕਿਲਾਂ ਦਾ ਬਚਾਅ ਕਰਦੇ ਹੋਏ ਸਵਿਟਜ਼ਰਲੈਂਡ ਦੇ ਵਕੀਲਾਂ ਨੇ ਕਿਹਾ ਕਿ ਪ੍ਰਕਾਸ਼ ਅਤੇ ਕਮਲ ਹਿੰਦੂਜਾ (ਦੋਵੇਂ ਉਮਰ 70) ਅਤੇ ਉਨ੍ਹਾਂ ਦੇ ਬੇਟੇ ਅਜੈ ਅਤੇ ਉਨ੍ਹਾਂ ਦੀ ਪਤਨੀ ਨਮਰਤਾ ਨੂੰ ਮਨੁੱਖੀ ਤਸਕਰੀ ਦੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਜਿਨੇਵਾ ਸਥਿਤ ਅਦਾਲਤ ਦੇ ਆਦੇਸ਼ ਤੋਂ ਬਾਅਦ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਹਿਰਾਸਤ 'ਚ ਲਏ ਜਾਣ ਦੀ ਮੀਡੀਆ ਰਿਪੋਰਟ ਨੂੰ ਵੀ ਖਾਰਜ ਕਰ ਦਿੱਤਾ। ਵਕੀਲ ਯੇਲ ਹਯਾਤ, ਰਾਬਰਟ ਅਸੈਲ ਅਤੇ ਰੋਮਨ ਜੌਰਡਨ ਦੁਆਰਾ ਦਸਤਖ਼ਤ ਕੀਤੇ ਬਿਆਨ 'ਚ ਕਿਹਾ ਗਿਆ ਹੈ,“ਸਾਡੇ ਮੁਵੱਕਿਲਾਂ ਨੂੰ ਮਨੁੱਖੀ ਤਸਕਰੀ ਦੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ।'' ਪਹਿਲੀ ਨਜ਼ਰ, ਇਸ ਅਦਾਲਤ ਦੁਆਰਾ ਲਏ ਗਏ ਬਾਕੀ ਫ਼ੈਸਲੇ ਤੋਂ ਹੈਰਾਨ ਅਤੇ ਨਿਰਾਸ਼ ਹਾਂ ਅਤੇ ਅਸੀਂ ਨਿਸ਼ਚਿਤ ਤੌਰ 'ਤੇ ਉੱਚ ਅਦਾਲਤ ਵਿਚ ਅਪੀਲ ਦਾਇਰ ਕੀਤੀ ਹੈ, ਜਿਸ ਨਾਲ ਫ਼ੈਸਲੇ ਦਾ ਇਹ ਹਿੱਸਾ ਪ੍ਰਭਾਵੀ ਨਹੀਂ ਹੋਵੇਗਾ।''
ਸਵਿਟਜ਼ਰਲੈਂਡ ਦੀ ਇਕ ਅਪਰਾਧਿਕ ਅਦਾਲਤ ਨੇ ਸ਼ੁੱਕਰਵਾਰ ਨੂੰ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਘਰੇਲੂ ਸਹਾਇਕਾਂ ਦਾ ਸ਼ੋਸ਼ਣ ਕਰਨ ਦੇ ਦੋਸ਼ ਵਿਚ ਚਾਰ ਤੋਂ ਸਾਢੇ ਚਾਰ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮਨੁੱਖੀ ਤਸਕਰੀ ਦੇ ਦੋਸ਼ਾਂ ਨੂੰ ਵੀ ਖਾਰਜ ਕਰ ਦਿੱਤਾ ਹੈ। ਭਾਰਤੀ ਮੂਲ ਦੇ ਉਦਯੋਗਪਤੀ ਪ੍ਰਕਾਸ਼ ਹਿੰਦੂਜਾ ਅਤੇ ਉਨ੍ਹਾਂ ਦੀ ਪਤਨੀ, ਪੁੱਤਰ ਅਤੇ ਨੂੰਹ 'ਤੇ ਆਪਣੇ ਨੌਕਰਾਂ ਦੀ ਤਸਕਰੀ ਕਰਨ ਲਗਾਇਆ ਗਿਆ ਸੀ, ਜੋ ਜਿਨੇਵਾ ਦੇ ਆਲੀਸ਼ਾਨ ਬੰਗਲੇ 'ਚ ਕੰਮ ਕਰਦੇ ਸਨ। ਚਾਰੇ ਦੋਸ਼ੀ ਜੇਨੇਵਾ ਦੀ ਅਦਾਲਤ ਵਿਚ ਹਾਜ਼ਰ ਨਹੀਂ ਸਨ, ਹਾਲਾਂਕਿ ਪਰਿਵਾਰ ਦਾ ਕਾਰੋਬਾਰੀ ਮੈਨੇਜਰ ਅਤੇ 5ਵਾਂ ਦੋਸ਼ੀ ਨਜੀਬ ਜ਼ਿਆਜੀ ਅਦਾਲਤ ਵਿਚ ਮੌਜੂਦ ਸੀ। ਉਸ ਨੂੰ 18 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ ਜੋ ਮੁਅੱਤਲ ਰੱਖੀ ਗਈ ਹੈ। ਅਦਾਲਤ ਨੇ ਕਿਹਾ ਕਿ ਚਾਰੇ ਵਿਅਕਤੀ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਅਤੇ ਅਣਅਧਿਕਾਰਤ ਰੁਜ਼ਗਾਰ ਦੇਣ ਦੇ ਦੋਸ਼ੀ ਹਨ। ਅਦਾਲਤ ਨੇ ਤਸਕਰੀ ਦੇ ਦੋਸ਼ਾਂ ਨੂੰ ਇਸ ਆਧਾਰ 'ਤੇ ਖਾਰਜ ਕਰ ਦਿੱਤਾ ਕਿ ਕਰਮਚਾਰੀ ਆਪਣੀ ਮਰਜ਼ੀ ਨਾਲ ਕੰਮ ਕਰ ਰਹੇ ਸਨ। ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ 'ਤੇ ਦੋਸ਼ ਲਗਾਇਆ ਗਿਆ ਸੀ ਕਿ ਉਹ ਕਰਮਚਾਰੀਆਂ ਦੇ ਪਾਸਪੋਰਟ ਜ਼ਬਤ ਕਰ ਲੈਂਦੇ ਸਨ, ਉਨ੍ਹਾਂ ਨੂੰ ਸਵਿਸ ਫ੍ਰੈਂਕ ਦੀ ਬਜਾਏ ਰੁਪਏ 'ਚ ਭੁਗਤਾਨ ਕਰਦੇ ਸਨ, ਬੰਗਲੇ ਤੋਂ ਬਾਹਰ ਜਾਣ ਤੋਂ ਰੋਕਦੇ ਸਨ ਅਤੇ ਸਵਿਟਜ਼ਰਲੈਂਡ 'ਚ ਉਨ੍ਹਾਂ ਨੂੰ ਬਹੁਤ ਘੱਟ ਪੈਸੇ ਲਈ ਲੰਬੇ ਸਮੇਂ ਤੱਕ ਦਰਦਨਾਕ ਤਰੀਕੇ ਨਾਲ ਕੰਮ ਕਰਨ ਲਈ ਮਜ਼ਬੂਰ ਕਰਦੇ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e